nabaz-e-punjab.com

ਹੋਣਹਾਰ ਵਿਦਿਆਰਥੀਆਂ ਨੂੰ ਸਸਤੀ ਤੇ ਮਿਆਰੀ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ਲਈ ‘ਮੁੱਖ ਮੰਤਰੀ ਵਜੀਫਾ ਯੋਜਨਾ’ ਸ਼ੁਰੂ

ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਵੱਲੋਂ ‘ਮੁੱਖ ਮੰਤਰੀ ਵਜੀਫਾ ਯੋਜਨਾ’ ਦੀ ਰਸਮੀ ਸ਼ੂਰੂਆਤ

ਸੂਬੇ ਦੇ ਸਾਰੇ ਪੌਲੀਟੈਕਨੀਕਲ, ਇੰਜਨੀਅਰਿੰਗ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਅਤੇ ਪੀ.ਟੀ.ਯੂ ਦੇ ਵਿਦਿਆਰਥੀਆਂ ਨੂੰ ਮਿਲੇਗਾ ਲਾਭ

60 ਫੀਸਦੀ ਤੋਂ 100 ਫੀਸਦੀ ਤੱਕ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਹੋਵੇਗੀ ਪੂਰੀ ਫੀਸ ਮੁਆਫ

ਪੌਲੀਟੈਕਨੀਕ ਅਤੇ ਇੰਜੀਨੀਅਰਿੰਗ ਕਾਲਜ਼ਾਂ ਵਿੱਚ ਅਧਿਆਪਕ ਭਰਤੀ ਕਰਨ ਦਾ ਕੇਸ ਇਸੇ ਮਹੀਨੇ ਪੀਪੀਐਸਸੀ ਨੂੰ ਭੇਜਿਆ ਜਾਵੇਗਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਜੂਨ:
ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਅਤੇ ਸਸਤੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ‘ਮੁੱਖ ਮੰਤਰੀ ਵਜੀਫਾ ਯੋਜਨਾ’ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦਾ ਲਾਭ ਸੂਬੇ ਦੇ ਸਾਰੇ ਸਰਕਾਰੀ ਪੌਲੀਟੈਕਨੀਕ, ਇੰਜਨੀਅਰਇੰਗ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਅਤੇ ਪੀ.ਟੀ.ਯੂ ਦੇ ਵਿਦਿਆਰਥੀਆਂ ਨੂੰ ਮਿਲੇਗਾ। ਇਸ ਸਕੀਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਵਾਨਗੀ ਮਿਲਣ ਉਪਰੰਤ, ਅੱਜ ਇੱਥੇ ਇਸ ਸਕੀਮ ਦੀ ਰਸਮੀ ਸ਼ੁਰੂਆਤ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਅਤੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਇਸ ਯੋਜਨਾ ਦੇ ਲਾਗੂ ਹੋਣ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਦੇ ਅਧੀਨ ਪੰਜਾਬ ਦੇ ਨੌਜਵਾਨਾਂ ਦੀ 10ਵੀਂ ਜਮਾਤ ਵਿਚ ਪ੍ਰਾਪਤ ਕੀਤੇ ਅੰਕ ਫੀਸਦੀ ਅਨੁਸਾਰ ਫੀਸ ਮੁਆਫ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 60 ਤੋਂ 70 ਫੀਸਦੀ ਅੰਕਾਂ ਵਾਲੇ ਵਿਦਿਆਰਥੀਆਂ ਦੀ 70 ਫੀਸਦੀ ਫੀਸ ਮੁਆਫ ਹੋਵੇਗੀ, 70 ਤੋਂ 80 ਫੀਸਦੀ ਵਾਲਿਆਂ ਦੀ 80 ਫੀਸਦੀ, 80 ਤੋਂ 90 ਫੀਸਦੀ ਵਾਲਿਆਂ ਦੀ 90 ਫੀਸਦੀ ਅਤੇ 90 ਤੋਂ 100 ਫੀਸਦੀ ਅੰਕ ਹਾਸਿਲ ਕਰਨ ਵਾਲਿਆਂ ਦੀ ਪੂਰੀ ਫੀਸ ਮੁਆਫ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਸਰਕਾਰੀ ਅਤੇ ਪ੍ਰਾਈਵੇਟ ਕਾਲਜ਼ਾਂ ਦੀ ਫੀਸ ਲਗਭਗ ਬਰਾਬਰ ਹੀ ਸੀ, ਪਰ ਹੁਣ ਇਸ ਸਕੀਮ ਦੇ ਲਾਗੂ ਹੋਣ ਨਾਲ ਸੂਬੇ ਦੇ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਲਗਭਗ ਮੂਫਤ ਤਕਨੀਕੀ ਸਿੱਖਿਆ ਹਾਸਿਲ ਕਰਨ ਦੇ ਮੌਕੇ ਮਿਲਣਗੇ। ਇਸ ਸਕੀਮ ਦਾ ਲਾਭ ਪੰਜਾਬ ਦੇ ਨਾਗਰਿਕਾਂ ਨੂੰ ਹੀ ਮਿਲੇਗਾ ਜਿਨ੍ਹਾਂ ਕੋਲ ਪੰਜਾਬ ਦਾ ਡੌਮੀਸਾਈਲ ਹੋਵੇਗਾ। ਸ. ਚੰਨੀ ਨੇ ਦੱਸਿਆ ਕਿ ਇਸ ਸਕੀਮ ਨੂੰ ਲਾਗੂ ਕਰਕੇ ਸੂਬੇ ਦੇ ਗਰੀਬ ਅਤੇ ਲੋੜਵੰਦ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਅਤੇ ਸਸਤੀ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ਲਈ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਵਾਅਦਾ ਪੂਰਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਸਰਕਾਰੀ ਪੌਲੀਟੈਕਨਿਕ ਕਾਲਜ਼ਾਂ ਅਤੇ ਇੰਜਨੀਅਰਇੰਗ ਕਾਲਜ਼ਾਂ ਵਿਚ ਅਧਿਆਪਕਾਂ ਦੀ ਭਰਤੀ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇੰਨਾਂ ਕਾਲਜ਼ਾਂ ਵਿਚ ਵਿਦਿਆਰਥੀਆਂ ਦੇ ਦਾਖਲਿਆਂ ਵਿਚ ਭਾਰੀ ਗਿਰਾਵਟ ਆ ਗਈ ਸੀ। ਉਨ੍ਹਾਂ ਦੱਸਿਆ ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਆਉਂਦੇ ਹੀ ਸਰਕਾਰੀ ਪੌਲੀਟੈਕਨਿਕ ਕਾਲਜ਼ਾਂ ਅਤੇ ਇੰਜਨੀਅਰਇੰਗ ਕਾਲਜ਼ਾਂ ਵਿਚ ਅਧਿਆਪਕਾਂ ਦੀ ਭਰਤੀ ਦਾ ਕੇਸ ਤਿਆਰ ਕਰ ਲਿਆ ਹੈ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀ ਬਹੁਤ ਜਲਦੀ ਭਰਤੀ ਕਰਕੇ ਇਨ੍ਹਾਂ ਕਾਲਜ਼ਾ ਵਿਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵਧੀਆ ਅਧਿਆਪਕ ਭਰਤੀ ਕਰਨ ਲਈ ਪੀ.ਐਚ.ਡੀ ਯੋਗਤਾ ਲਾਜ਼ਮੀ ਕਰ ਦਿੱਤੀ ਗਈ ਹੈ।
ਸ੍ਰੀ ਚੰਨੀ ਨੇ ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਾਰੇ ਕਾਲਜ਼ਾਂ ਵਿਚ 100 ਫੀਸਦੀ ਦਾਖਲੇ ਯਕੀਨੀ ਬਣਾਏ ਜਾਣ ਅਤੇ ਅਜਿਹਾ ਕਰਨ ਵਿਚ ਢਿੱਲ ਮੱਠ ਵਿਖਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੱਦਿਆਂ ਦੱਸਿਆ ਕਿ ਸਰਕਾਰੀ ਤਕਨੀਕੀ ਕਾਲਜ਼ਾਂ ਤੋਂ ਸਿੱਖਿਆ ਹਾਸਿਲ ਕਰਨ ਵਾਲੇ ਨੌਜਵਾਨਾਂ ਦੀ 100 ਫੀਸਦੀ ਪਲੇਸਮੈਂਟ ਯਕੀਨੀ ਬਣਾਉਣ ਲਈ ਵੀ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਾਰੇ ਸਰਕਾਰੀ ਪੌਲੀਟੈਕਨੀਕ ਅਤੇ ਇੰਜਨੀਅਰਇੰਗ ਕਾਲਜ਼ਾਂ ਦੇ ਸਮੂਚੇ ਇਨਫਰਾਸਟੱਕਚਰ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਇਮਾਰਤੀ ਢਾਂਚੇ, ਲੈਬਜ਼ ਅਤੇ ਹੋਰ ਸਾਜੋ ਸਮਾਨ ਦਾ ਮਜਬੂਤੀਕਰਨ ਅਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ। ਸ੍ਰੀ ਚੰਨੀ ਨੇ ਅੱਗੇ ਦੱਸਿਆ ਕਿ ਇਸੇ ਅਕਾਦਮਿਕ ਸਾਲ ਤੋਂ ਸਾਰੇ ਕਾਲਜ਼ਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਬਾਇਓਮੀਟਰਿਕ ਹਾਜ਼ਰੀ ਅਤੇ ਸੀ.ਸੀ.ਟੀ.ਵੀ ਸਿਸਟਮ ਨੂੰ ਮੁੱਖ ਦਫਤਰ ਨਾਲ ਆਨਲਾਈਨ ਜੋੜਿਆ ਜਾ ਰਿਹਾ ਹੈ। ਇਸ ਮੌਕੇ ਕਾਹਨ ਸਿੰਘ ਪੰਨੂ ਸਕੱਤਰ ਤਕਨੀਕੀ ਸਿੱਖਿਆ, ਪਰਵੀਨ ਕੁਮਾਰ ਥਿੰਦ ਵਿਸੇਸ਼ ਸਕੱਤਰ-ਕਮ-ਡਾਇਰੈਕਟਰ ਤਕਨੀਕੀ ਸਿੱਖਿਆ, ਮੋਹਨਬੀਰ ਸਿੰਘ ਸਿੱਧੂ ਵਧੀਕ ਡਾਇਰੈਕਟਰ, ਸ੍ਰੀਮਤੀ ਦਲਜੀਤ ਕੌਰ ਵਧੀਕ ਡਾਇਰੈਕਟਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…