Nabaz-e-punjab.com

ਮੁੱਖ ਮੰਤਰੀ ਦੇ ਸੁਰੱਖਿਆ ਗਾਰਡ ਤੇ ਖਰੜ ਸਿਟੀ ਥਾਣਾ ਦੇ ਐਸਐਚਓ ’ਤੇ ਕੁੱਟਮਾਰ ਦਾ ਦੋਸ਼

ਥਾਣਾ ਮੁਖੀ ਤੇ ਮੁੱਖ ਮੰਤਰੀ ਦੇ ਸੁਰੱਖਿਆ ਵਿੱਚ ਤਾਇਨਾਤ ਥਾਣੇਦਾਰ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਵਿੱਚ ਤਾਇਨਾਤ ਏਐਸਆਈ ਚਰਨਜੀਤ ਸਿੰਘ ਅਤੇ ਖਰੜ ਸਿਟੀ ਥਾਣੇ ਐਸਐਚਓ ਸਰਬਜੀਤ ਸਿੰਘ ਚੀਮਾ ਵੱਲੋਂ ਜੈਮ ਗੈਸ ਏਜੰਸੀ ਖਰੜ ਦੇ ਸਟਾਫ਼ ਦੀ ਕਥਿਤ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕਰਮਚਾਰੀਆਂ ਨੇ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਧਰ, ਦੋਵੇਂ ਪੁਲੀਸ ਅਧਿਕਾਰੀਆਂ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ।
ਅੱਜ ਇੱਥੇ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੈਸ ਏਜੰਸੀ ਦੇ ਮੈਨੇਜਰ ਸੰਜੀਵ ਵਰਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਦੁਪਹਿਰ ਵੇਲੇ ਸਟਾਫ਼ ਕੰਮ ਕਰ ਰਿਹਾ ਸੀ। ਥਾਣੇਦਾਰ ਚਰਨਜੀਤ ਸਿੰਘ ਨੇ ਉਨ੍ਹਾਂ ਦੇ ਦਫ਼ਤਰ ਵਿੱਚ ਆ ਕੇ ਗਾਲੀ ਗਲੋਚ ਕੀਤੀ ਅਤੇ ਗੈਸ ਸਿਲੰਡਰ ਸਪਲਾਈ ਕਰਨ ਵਾਲੇ ਕਰਮਚਾਰੀ ਅਮਰੀਕ ਸਿੰਘ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਉਸ ਦਿਨ ਉਹ ਛੁੱਟੀ ’ਤੇ ਸੀ ਅਤੇ ਸ਼ਾਮ ਨੂੰ ਅਮਰੀਕ ਸਿੰਘ ਨੂੰ ਸਰਕਾਰੀ ਹਸਪਤਾਲ ਖਰੜ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਖਰੜ ਸਿਟੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ। ਜਦੋਂ ਸਥਾਨਕ ਪੁਲੀਸ ਨੇ ਕਾਰਵਾਈ ਨਹੀਂ ਕੀਤੀ ਤਾਂ ਉਹ 3 ਅਕਤੂਬਰ ਨੂੰ ਐਸਐਸਪੀ ਅੱਗੇ ਪੇਸ਼ ਹੋਏ ਅਤੇ ਲਿਖਤੀ ਸ਼ਿਕਾਇਤ ਦੇ ਕੇ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਉਂਦਿਆਂ ਜਾਂਚ ਦੀ ਮੰਗ ਕੀਤੀ।
ਸੰਜੀਵ ਵਰਮਾ ਨੇ ਦੱਸਿਆ ਕਿ ਐਸਐਸਪੀ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਸ਼ਾਮ ਨੂੰ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਉਸ ਨੂੰ ਫੋਨ ਕਰਕੇ 4 ਅਕਤੂਬਰ ਨੂੰ ਸਵੇਰੇ 10 ਵਜੇ ਥਾਣੇ ਆਉਣ ਲਈ ਕਿਹਾ ਲੇਕਿਨ ਉਹ ਨਹੀਂ ਗਏ। ਅਗਲੇ ਦਿਨ 5 ਅਕਤੂਬਰ ਨੂੰ ਸਵੇਰੇ 11 ਵਜੇ ਉਹ ਗੈਸ ਏਜੰਸੀ ਵਿੱਚ ਕੰਮ ਕਰ ਰਿਹਾ ਸੀ। ਉਸ ਵੇਲੇ ਏਐਸਆਈ ਚਰਨਜੀਤ ਸਿੰਘ ਅਤੇ ਇਕ ਸਿਪਾਹੀ ਉੱਥੇ ਆਏ ਤੇ ਕਹਿਣ ਲੱਗੇ ਉਸ ਨੂੰ ਐਸਐਚਓ ਨੇ ਥਾਣੇ ਸੱਦਿਆ ਹੈ। ਇਸ ਤਰ੍ਹਾਂ ਉਹ ਉਨ੍ਹਾਂ ਨਾਲ ਚਲਾ ਗਿਆ ਅਤੇ ਥਾਣੇ ਪਹੁੰਚਦੇ ਹੀ ਪੁਲੀਸ ਅਧਿਕਾਰੀਆਂ ਅਤੇ ਉਨ੍ਹਾਂ ਗੰਨਮੈਨਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।
ਉਧਰ, ਦੂਜੇ ਪਾਸੇ ਐਸਐਚਓ ਸਿਟੀ ਸਰਬਜੀਤ ਸਿੰਘ ਚੀਮਾ ਅਤੇ ਏਐਸਆਈ ਚਰਨਜੀਤ ਸਿੰਘ ਗੈਸ ਏਜੰਸੀ ਦੇ ਕਰਮਚਾਰੀਆਂ ਦੀ ਕੁੱਟਮਾਰ ਕਰਨ ਦੇ ਲਗਾਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਗੈਸ ਏਜੰਸੀ ਦੇ ਕਰਮਚਾਰੀ ਝੂਠ ਬੋਲ ਰਹੇ ਹਨ। ਐਸਐਚਓ ਨੇ ਕਿਹਾ ਕਿ ਥਾਣੇਦਾਰ ਚਰਨਜੀਤ ਸਿੰਘ ਦੀ ਸ਼ਿਕਾਇਤ ’ਤੇ ਕਰਮਚਾਰੀਆਂ ਨੂੰ ਥਾਣੇ ਸੱਦਿਆ ਗਿਆ ਸੀ। ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਨਲਾਈਨ ਗੈਸ ਸਿਲੰਡਰ ਬੁੱਕ ਕਰਵਾਇਆ ਸੀ ਪ੍ਰੰਤੂ ਕਰਮਚਾਰੀ ਨੇ ਉਸ ਦੇ ਪਰਿਵਾਰਕ ਮੈਂਬਰਾਂ 200 ਰੁਪਏ ਵੱਧ ਪੈਸੇ ਵਸੂਲੇ ਗਏ। ਇਸ ਗੱਲ ਦੀ ਜਾਣਕਾਰੀ ਉਸ ਨੂੰ ਮੋਬਾਈਲ ਫੋਨ ’ਤੇ ਐਸਐਮਐਸ ਮਿਲਣ ਤੋਂ ਮਿਲੀ। ਇਸ ਸਬੰਧੀ ਉਸ ਨੇ ਗੈਸ ਏਜੰਸੀ ਦੇ ਦਫ਼ਤਰ ਵਿੱਚ ਜਾ ਕੇ ਮਾਲਕ ਨੂੰ ਸ਼ਿਕਾਇਤ ਕੀਤੀ ਤਾਂ ਕਰਮਚਾਰੀ ਆਪਣੀ ਗਲਤੀ ਮੰਨਣ ਦੀ ਬਜਾਏ ਉਲਟਾ ਉਸ ਨਾਲ ਬਦਸਲੂਕੀ ’ਤੇ ਉਤਰ ਆਏ ਅਤੇ ਉਸ ਦੀ ਬਾਂਹ ਫੜ ਕੇ ਵਰਦੀ ਤੋਂ ਫੜਨ ਦੀ ਕੋਸ਼ਿਸ਼ ਕੀਤੀ। ਥਾਣੇਦਾਰ ਨੇ ਦੱਸਿਆ ਕਿ ਉਹ ਆਪਣੇ ਬਚਾਅ ਵਿੱਚ ਕਰਮਚਾਰੀ ਨੂੰ ਧੱਕਾ ਮਾਰ ਕੇ ਬੜੀ ਮੁਸ਼ਕਲ ਨਾਲ ਏਜੰਸੀ ਤੋਂ ਬਾਹਰ ਆਇਆ। ਇਸ ਦੌਰਾਨ ਗੈਸ ਏਜੰਸੀ ਦੇ ਕਰਮਚਾਰੀ ਜਿਹੜੇ ਵਾਧੂ ਪੈਸੇ ਵਸੂਲੇ ਸੀ, ਉਹ ਮੋੜਨ ਉਨ੍ਹਾਂ ਦੇ ਘਰ ਚਲੇ ਗਏ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …