Nabaz-e-punjab.com

ਮੁੱਖ ਮੰਤਰੀ ਵੱਲੋਂ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਸਾਊਦੀ ਅਰਬ ਵਿੱਚ ਸੰਕਟ ’ਚ ਘਿਰੀਆਂ ਮਾਵਾਂ-ਧੀਆਂ ਦੀ ਵਾਪਸੀ ਦੀ ਗੁਹਾਰ

ਕੇਂਦਰੀ ਵਿਦੇਸ਼ ਮੰਤਰੀ ਨੇ ਟਵੀਟ ਰਾਹੀਂ ਦਿੱਤਾ ਜਵਾਬ: ਸਰਗਰਮੀ ਨਾਲ ਜੁਟਿਆ ਹੋਇਆ ਹੈ ਭਾਰਤੀ ਦੂਤਾਵਾਸ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਸਾਊਦੀ ਅਰਬ ’ਚ ਮੁਸ਼ਕਲ ’ਚੋਂ ਗੁਜ਼ਰ ਰਹੀਆਂ ਮਾਵਾਂ-ਧੀਆਂ ਦੀ ਸੁਰੱਖਿਅਤ ਵਾਪਸੀ ਵਾਸਤੇ ਮਦਦ ਲਈ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਸ੍ਰੀਮਤੀ ਸਵਰਾਜ ਨੂੰ ਕੀਤੇ ਟਵੀਟ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਨਵਾਂ ਸ਼ਹਿਰ ਦੀਆਂ ਦੋਵੇਂ ਮਾਵਾਂ-ਧੀਆਂ ਸਾਊਦੀ ਅਰਬ ਵਿੱਚ ਮੁਸ਼ਕਿਲ ਵਿੱਚ ਹਨ। ਤੁਹਾਨੂੰ ਤੁਰੰਤ ਮਦਦ ਕਰਨ ਦੀ ਬੇਨਤੀ ਹੈ।’’ਇਸ ਟਵੀਟ ਦੇ ਜਵਾਬ ਵਿੱਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਿਆਧ ਵਿੱਚ ਭਾਰਤੀ ਦੂਤਾਵਾਸ ਕੋਲ ਇਹ ਮਾਮਲਾ ਉਠਾਇਆ ਅਤੇ ਦੂਤਾਵਾਸ ਨੇ ਕੇਂਦਰੀ ਮੰਤਰੀ ਨੂੰ ਦਿੱਤੇ ਜਵਾਬ ਵਿੱਚ ਆਖਿਆ ਕਿ ਉਹ ਇਸ ਪਾਸੇ ਸਰਗਰਮੀ ਨਾਲ ਜੁਟੇ ਹੋਏ ਹਨ। ਮੁੱਖ ਮੰਤਰੀ ਨੇ ਸ੍ਰੀਮਤੀ ਸੁਸ਼ਮਾ ਸਵਰਾਜ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਇਨ੍ਹਾਂ ਦੋਵਾਂ ਮਹਿਲਾਵਾਂ ਦੇ ਆਪਣੇ ਜੱਦੀ ਪਿੰਡ ਛੇਤੀ ਪਹੁੰਚਣ ਦੀ ਆਸ ਹੈ।
ਕੈਪਟਨ ਅਮਰਿੰਦਰ ਸਿੰਘ ਦਾ ਇਹ ਟਵੀਟ ਨਵਾਂ ਸ਼ਹਿਰ ਦੀ ਗੁਰਬਖ਼ਸ਼ ਕੌਰ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਗਈ ਇੱਕ ਵੀਡੀਉ ਸਬੰਧੀ ਆਈਆਂ ਮੀਡੀਆ ਰਿਪੋਰਟਾਂ ਤੋਂ ਬਾਅਦ ਕੀਤਾ ਗਿਆ। ਵੀਡੀਉ ਵਿੱਚ ਗੁਰਬਖ਼ਸ਼ ਕੌਰ ਨੇ ਕਿਹਾ ਕਿ ਉਹ ਅਤੇ ਉਸ ਦੀ ਧੀ ਰੀਨਾ ਨੂੰ ਉਨ੍ਹਾਂ ਦੇ ਟਰੈਵਲ ਏਜੰਟ ਨੇ ਸਾਊਦੀ ਅਰਬ ’ਚ ਕੰਮ ਕਰਨ ਲਈ ਭੇਜਿਆ ਸੀ। ਹੁਣ ਉਹ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੈ।
ਗੁਰਬਖ਼ਸ਼ ਕੌਰ ਨੇ ਵੀਡੀਉ ਵਿੱਚ ਕਿਹਾ ਹੈ ਕਿ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਦਕਿ ਰੀਨਾ ਨੂੰ ਝੂਠੇ ਮਾਮਲੇ ’ਚ ਫਸਾ ਕੇ ਪੁਲਿਸ ਹਵਾਲੇ ਕੀਤਾ ਗਿਆ ਹੈ, ਜਿਸ ਦੀ ਕੋਈ ਉਘ-ਸੁਘ ਨਹੀਂ ਲੱਗ ਰਹੀ। ਉਸ ਨੇ ਸੁਸ਼ਮਾ ਸਵਰਾਜ ਨੂੰ ਸੁਰੱਖਿਅਤ ਘਰ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਦੀ ਮਲੇਸ਼ੀਆ ਜਾਣ ਦੀ ਯੋਜਨਾ ਸੀ ਪਰ ਉਨ੍ਹਾਂ ਦੇ ਏਜੰਟ ਨੇ ਧੋਖੇ ਨਾਲ ਉਨ੍ਹਾਂ ਨੂੰ ਸਾਊਦ ਅਰਬ ਭੇਜ ਦਿੱਤਾ ਅਤੇ ਹੁਣ ਵਾਪਸੀ ਲਈ ਉਨ੍ਹਾਂ ਤੋਂ ਹੋਰ ਰਕਮ ਦੀ ਮੰਗ ਕਰ ਰਿਹਾ ਹੈ। ਗੁਰਬਖ਼ਸ਼ ਕੌਰ ਦੇ ਪਤੀ ਗੁਰਮੇਲ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ। ਇਸ ਘਟਨਾਕ੍ਰਮ ਅਤੇ ਅਜਿਹੇ ਹੋਰਨਾਂ ਧੋਖੇਬਾਜ਼ ਟਰੈਵਲ ਏਜੰਟਾਂ ਦੇ ਮਾਮਲਿਆਂ ਬਾਰੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਜਿਹੇ ਏਜੰਟਾਂ ਨੂੰ ਤੁਰੰਤ ਨੱਥ ਪਾਉਣ। ਮੁੱਖ ਮੰਤਰੀ ਨੇ ਅਜਿਹੇ ਮਾਮਲਿਆਂ ’ਚ ਪੁਲਿਸ ਕੇਸ ਦਾਇਰ ਕਰਨ ਤੋਂ ਨਾਂਹ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵੀ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ।
ਇਸੇ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਮੁਖੀ ਨੂੰ ਗੁਰਬਖ਼ਸ਼ ਕੌਰ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਨ ਵਿੱਚ ਹੋਈ ਦੇਰੀ ਦਾ ਕਾਰਨ ਲੱਭਣ ਲਈ ਕਿਹਾ ਹੈ। ਉਨ੍ਹਾਂ ਪੁਲਿਸ ਮੁਖੀ ਨੂੰ ਨਿਰਦੇਸ਼ ਦਿੱਤੇ ਕਿ ਮਾਮਲੇ ਦੀ ਜਾਂਚ ਨੂੰ ਹੋਰ ਤੇਜ਼ ਕੀਤਾ ਜਾਵੇ ਅਤੇ ਦੋਸ਼ੀ ਵਿਰੁੱਧ ਕਾਰਵਾਈ ਯਕੀਨੀ ਬਣਾਈ ਜਾਵੇ। ਰਿਪੋਰਟਾਂ ਮੁਤਾਬਕ ਗੁਰਬਖ਼ਸ ਕੌਰ ਦੇ ਪਰਿਵਾਰ ਨੇ ਧੋਖਾਧੜੀ ਲਈ ਜ਼ਿੰਮੇਵਾਰ ਟਰੈਵਲ ਏਜੰਟ ਵਿਰੁੱਧ ਕਰੀਬ 10 ਦਿਨ ਪਹਿਲਾਂ ਸ਼ਿਕਾਇਤ ਕੀਤੀ ਸੀ ਜਦਕਿ ਪੁਲਿਸ ਨੇ ਵੀਡੀਉ ਵਾਇਰਲ ਹੋਣ ਪਿੱਛੋਂ ਕੱਲ੍ਹ ਮਾਮਲਾ ਦਰਜ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…