ਮੁੱਖ ਮੰਤਰੀ ਵੱਲੋਂ ਜਲ੍ਹਿਆਂਵਾਲਾ ਕਤਲੇਆਮ ਲਈ ਲੰਡਨ ਦੇ ਮੇਅਰ ਦੇ ਮੁਆਫ਼ੀ ਮੰਗਣ ਦੇ ਸੁਝਾਅ ਦਾ ਸਵਾਗਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਡਨ ਦੇ ਮੇਅਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦੇ ਸਬੰਧ ਵਿੱਚ ਬਰਤਾਨੀਆ ਸਰਕਾਰ ਵੱਲੋਂ ਮੁਆਫੀ ਮੰਗਣ ਦੇ ਦਿੱਤੇ ਗਏ ਸੁਝਾਅ ਦਾ ਸਵਾਗਤ ਕੀਤਾ ਹੈ। ਬੁੱਧਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦੀ ਘਟਨਾ ਬਾਰੇ ਸਾਦਿਕ ਖਾਨ ਵੱਲੋਂ ਦਿੱਤੇ ਗਏ ਵਿਚਾਰਾਂ ਨੂੰ ਸੁਣਿਆ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਮੇਅਰ ਦੀਆਂ ਭਾਵਨਾਵਾਂ ਜਾਣਕੇ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸੁਝਾਅ ਬ੍ਰਿਟਿਸ਼ ਸਰਕਾਰ ਦੇ ਇਕ ਅਹੁਦੇਦਾਰ ਵੱਲੋਂ ਦਿੱਤਾ ਗਿਆ ਹੈ ਅਤੇ ਜੇ ਇਸ ਨੂੰ ਲਾਗੂ ਕੀਤਾ ਜਾਵੇ ਤਾਂ ਇਹ ਬਹੁਤ ਵਧੀਆ ਹੋਵੇਗਾ ਕਿਉਂਕਿ ਇਸ ਨਾਲ ਭਾਰਤ ਅਤੇ ਯੂ.ਕੇ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣਗੇ ਅਤੇ ਇਸ ਨਾਲ ਅਜ਼ਾਦੀ ਸੰਘਰਸ਼ ਦੌਰਾਨ ਭਾਰਤੀਆਂ ਨੂੰ ਮਿਲੇ ਗੰਭੀਰ ਜ਼ਖਮਾਂ ’ਤੇ ਕੁਝ ਹੱਦ ਤੱਕ ਮਲ੍ਹਮ ਲੱਗੇਗੀ।
ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਇੱਥੇ ਮੁੱਖ ਮੰਤਰੀ ਦੁਆਰਾ ਦਿੱਤੇ ਗਏ ਰਾਤ ਦੇ ਖਾਣੇ ਮੌਕੇ ਦੋਵਾਂ ਨੇਤਾਵਾਂ ਨੇ ਮੁਲਾਕਾਤ ਕੀਤੀ। ਮੀਟਿੰਗ ਵਿੱਚ ਆਪਸੀ ਹਿੱਤਾਂ ਦੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਾਦਿਕ ਖਾਨ ਨੇ ਲੰਡਨ ਅਤੇ ਪੰਜਾਬ ਦਰਮਿਆਨ ਨਜ਼ਦੀਕੀ ਅਤੇ ਭਾਵਕ ਸਬੰਧਾਂ ’ਤੇ ਜ਼ੋਰ ਦਿੱਤਾ। ਲੰਡਨ ਵਿੱਚ ਇਕ ਵੱਡਾ ਪੰਜਾਬੀ ਭਾਈਚਾਰਾ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਵਿੱਚ ਮਜ਼ਬੂਤ ਸਬੰਧ ਹਨ ਜਿਨ੍ਹਾਂ ਨੂੰ ਉਹ ਲਗਾਤਾਰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕ੍ਰਿਕਟ ਵਿੱਚ ਪੰਜਾਬ ਅਤੇ ਬਰਤਾਨੀਆ ਦੇ ਸਾਂਝੇ ਹਿੱਤਾਂ ਨੂੰ ਦਰਸਾਉਣ ਲਈ ਲੰਡਨ ਦੇ ਮੇਅਰ ਨੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਤੇ ਅੰਮ੍ਰਿਤਸਰ ਤੋਂ ਚੁਣੇ ਹੋਏ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਕ੍ਰਿਕਟ ਬਾਲ ਦਿੱਤੀ।
ਇਸੇ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਧਾਇਕਾਂ ਨੇ ਲੰਡਨ ਦੇ ਮੇਅਰ ਨੂੰ ਇਕ ਯਾਦ ਪੱਤਰ ਸੌਂਪਿਆ ਜਿਸ ਨਾਲ ਨਿੱਜੀ ਅਤੇ ਕਾਰੋਬਾਰੀ ਸੈਲਾਨੀਆਂ ਦੀ ਸਹੂਲਤ ਲਈ ਪੰਜਾਬ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਅਤੇ ਲੰਡਨ ਵਿੱਚਕਾਰ ਸਿੱਧੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਨ ਸ਼ੁਰੂ ਕਰਨ ਦੀ ਮੰਗ ਕੀਤੀ। ਯਾਦ ਪੱਤਰ ਵਿੱਚ ਵਿਧਾਇਕਾਂ ਨੇ ਕਿਹਾ ਹੈ ਕਿ ਹਰ ਸਾਲ 3.5 ਕਰੋੜ ਤੋਂ ਵੱਧ ਸ਼ਰਧਾਲੂ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਉਂਦੇ ਹਨ। ਅੰਮ੍ਰਿਤਸਰ ਪੰਜਾਬੀਆਂ ਅਤੇ ਵਿਦੇਸ਼ੀ ਸੈਲਾਨੀਆਂ ਲਈ ਪਸੰਦੀਦਾ ਸਥਾਨ ਹੈ। ਅੰਮ੍ਰਿਤਸਰ ਹਵਾਈ ਅੱਡਾ ਅਤੇ ਸਮੁੱਚਾ ਪੰਜਾਬ ਖੇਤਰ, ਉੱਤਰੀ ਅਮਰੀਕਾ, ਯੂਰਪ (ਯੂਕੇ, ਜਰਮਨੀ ਅਤੇ ਮਿਲਾਨ ਸਮੇਤ) ਅਤੇ ਆਸਟਰੇਲੀਆ ਤੋਂ ਵੱਡੀ ਪੱਧਰ ’ਤੇ ਆਉਂਦੀ ਕੌਮਾਂਤਰੀ ਆਵਾਜਾਈ ਦਾ ਕੇਂਦਰ ਹੈ ਪਰ ਮੌਜੂਦਾ ਸਮੇਂ ਵਿੱਚ ਹਵਾਈ ਅੱਡੇ ’ਤੇ ਸਿੱਧੀਆਂ ਉਡਾਨਾਂ ਆਉਣ ਦੀ ਬਹੁਤ ਜ਼ਿਆਦਾ ਘਾਟ ਹੈ। ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਲੋਕਾਂ ਨੂੰ ਲੰਮਾਂ ਸੜਕੀ ਸਫਰ ਕਰਕੇ ਦਿੱਲੀ-ਲੰਡਨ ਜਾਂ ਦਿੱਲੀ-ਬਰਮਿੰਘਮ ਉਡਾਨ ਲੈਣੀ ਪੈਂਦੀ ਹੈ। ਇਹ ਸਾਰੇ ਲੋਕ ਸਿੱਧੇ ਤੌਰ ’ਤੇ ਲੰਡਨ-ਅੰਮ੍ਰਿਤਸਰ ਵਿੱਚਕਾਰ ਬਿਨਾਂ ਰੁਕਾਵਟ ਤੋਂ ਸਫਰ ਕਰ ਸਕਦੇ ਹਨ ਜੇਕਰ ਸਿੱਧੀ ਉਡਾਨ ਹੋਵੇ।
ਇਸ ਯਾਦ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਵਪਾਰ ਵਿੱਚ ਵੱਡਾ ਵਾਧਾ ਹੋਵੇਗਾ ਜਿਸ ਨਾਲ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਲੋਕਾਂ ਲਈ ਬ੍ਰਿਟਿਸ਼ ਏਅਰਵੇਜ਼ ਵਧ ਹਰਮਨਪਿਆਰੀ ਹੋਵੇਗੀ। ਇਸ ਤੋਂ ਇਲਾਵਾ ਯਾਦ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅੰਮ੍ਰਿਤਸਰ-ਲੰਡਨ ਦੀ ਸਿੱਧੀ ਉਡਾਨ ਦੇ ਨਾਲ ਬ੍ਰਿਟਿਸ਼ ਏਅਰਵੇਜ਼ ਦੁੱਗਣਾ ਵਪਾਰ ਕਰੇਗਾ। ਇਕ ਉਡਾਣ ਯੂਰਪੀਨ ਸ਼ਹਿਰਾਂ ਨੂੰ ਅਤੇ ਦੂਜੀ ਅੰਮ੍ਰਿਤਸਰ ਤੋਂ ਉੱਤਰੀ ਅਮਰੀਕੀ ਸੈਕਟਰ ਨੂੰ ਹੋ ਸਕੇਗੀ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਬ੍ਰਿਟਿਸ਼ ਏਅਰਵੇਜ਼ ਵੱਲੋਂ ਟੋਰਾਂਟੋ, ਵੈਨਕੂਵਰ, ਕੈਲਗਰੀ, ਸੈਨ ਫਰਾਂਸਿਸਕੋ, ਨਿਊਯਾਰਕ, ਡੇਟ੍ਰੋਇਟ, ਬਰਮਿੰਘਮ, ਲੰਡਨ, ਫ੍ਰੈਂਕਫਰਟ, ਮਿਲਾਨ ਅਤੇ ਹੋਰ ਅੰਤਰ-ਰਾਸ਼ਟਰੀ ਸਥਾਨਾਂ ਲਈ ਸੇਵਾ ਪ੍ਰਦਾਨ ਕਰ ਸਕੇਗੀ।
ਯਾਦ ਪੱਤਰ ਵਿੱਚ ਵਿਧਾਇਕਾਂ ਨੇ ਅੱਗੇ ਕਿਹਾ ਕਿ ਉੱਤਰੀ ਅਮਰੀਕਾ, ਯੂਰਪ, ਆਸਟ੍ਰੇਲੀਆ, ਦੱਖਣ ਪੂਰਬੀ ਏਸ਼ੀਆ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ 6 ਮਿਲੀਅਨ ਤੋਂ ਵੱਧ ਪੰਜਾਬੀ ਵਸਦੇ ਹਨ। ਇਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ (ਏ.ਟੀ.ਕਿਊ) ਤੋਂ ਸੇਵਾਂ ਮੁਹੱਈਆ ਕਰਵਾਈ ਜਾ ਸਕਦੀ ਹੈ। ਇਹ ਹਵਾਈ ਅੱਡਾ ਦਿੱਲੀ ਏਅਰਪੋਰਟ ਤੋਂ ਬਾਅਦ ਉੱਤਰੀ ਭਾਰਤ ਦਾ ਦੂਜਾ ਸਭ ਤੋਂ ਵੱਡਾ ਹਵਾਈ ਅੱਡਾ ਹੈ ਜਿਸ ਦੀ ਲੰਬਾਈ 12000 ਫੁੱਟ ਹੈ। ਇਹ ਲੰਬਾਈ ਸਾਰੇ ਵਿਸ਼ਾਲ ਉਪਕਰਣਾਂ ਵਾਸਤੇ ਅੰਤਰਰਾਸ਼ਟਰੀ ਹਵਾਈ ਓਪਰੇਸ਼ਨ ਅਤੇ ਵਿਆਪਕ ਹਵਾਈ ਜਹਾਜ਼ਾਂ ਦੀ ਵਿਸ਼ਾਲ ਲੜੀ ਵਾਸਤੇ ਸਮਰੱਥ ਹੈ। ਇਸ ਦੀ ਵਰਤੋਂ ਦਿੱਲੀ ਹਵਾਈ ਅੱਡੇ ਦੇ ਬਦਲ ਵਜੋਂ ਕੀਤੀ ਜਾਂਦੀ ਹੈ ਖਾਸ ਤੌਰ ’ਤੇ ਸਰਦੀ ਤੇ ਕੋਹਰੇ ਦੇ ਸਮੇਂ। ਇਸ ਯਾਦ ਪੱਤਰ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਹਵਾਈ ਅੱਡੇ ਦੇ ਸਾਰੇ ਸੰਗਠਿਤ ਟਰਮਿਨਲ ਬਿਲਡਿੰਗ ਵਿੱਚ ਵਿਸ਼ਵ ਪੱਧਰੀ ਸੁਵਿਧਾਵਾਂ ਹਨ। ਹਵਾਈ ਅੱਡਾ ਵਰਤਮਾਨ ਸਮੇਂ ’ਤੇ ਕਤਰ ਏਅਰਵੇਜ਼, ਏਅਰ ਇੰਡੀਆ, ਸਪਾਈਸਜੈਟ, ਮਲਿੰਦੋਅਰ, ਫਲਾਈਸਕੋਤ, ਤੁਰਕਮੇਨਿਸਤਾਨ ਅਤੇ ਉਜ਼ਬੇਕ ਏਅਰਲਾਈਨਾਂ ਦੇ ਕਈ ਕੌਮਾਂਤਰੀ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।
ਇਸ ਤੋਂ ਇਲਾਵਾ ਇੱਥੋਂ ਦਿੱਲੀ ਹਵਾਈ ਅੱਡੇ ਨੂੰ ਬਹੁਤ ਸਾਰੀਆਂ ਉਡਾਨਾਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਏਅਰ ਇੰਡੀਆ, ਜੈਟ ਏਅਰਵੇਜ਼, ਵਿਸਤਾਰਾ ਆਦਿ ਸ਼ਾਮਲ ਹਨ। ਬ੍ਰਿਟਿਸ਼ ਏਅਰਵੇਜ਼ ਦਾ ਇਨ੍ਹਾਂ ਅਤੇ ਹੋਰ ਭਾਰਤੀ ਉਡਾਨਾਂ ਨਾਲ ਵਪਾਰਕ ਸਬੰਧ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ ਦਿੱਲੀ ਵਿਖੇ ਯਾਤਰੀ ਆਉਂਦੇ ਹਨ ਜੋ ਅੱਗੇ ਲੰਡਨ ਅਤੇ ਹੋਰ ਅੰਤਰਰਾਸ਼ਟਰੀ ਉਡਾਨਾਂ ਫੜਦੇ ਹਨ। ਅਸਲ ਵਿੱਚ ਦਿੱਲੀ ਹਵਾਈ ਅੱਡਾ ਅੰਮ੍ਰਿਤਸਰ ਦੇ ਹਵਾਈ ਅੱਡੇ ਦਾ ਮੁੱਢਲਾ ਘਰੇਲੂ ਟਿਕਾਣਾ ਹੈ। ਇਸ ਮੌਕੇ ਹਾਜ਼ਰ ਹੋਰਨਾਂ ਸਖਸ਼ੀਅਤਾਂ ਵਿੱਚ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਅੌਜਲਾ, ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਸੁਖਵਿੰਦਰ ਸਿੰਘ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀ.ਸੀ., ਓ.ਪੀ. ਸੋਨੀ, ਰਾਜ ਕੁਮਾਰ ਵੇਰਕਾ ਅਤੇ ਇੰਦਰਬੀਰ ਸਿੰਘ ਬੁਲਾਰੀਆ (ਸਾਰੇ ਵਿਧਾਇਕ) ਅਤੇ ਪ੍ਰਧਾਨ ਜ਼ਿਲ੍ਹਾ ਕਾਂਗਰਸ (ਸ਼ਹਿਰੀ) ਯੁਗਲ ਕਿਸ਼ੋਰ ਅਤੇ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਸ਼ਾਮਲ ਸਨ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…