ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ
ਸਿੰਬਲੀ ਪਿੰਡ ਵਿੱਚ ਬਿਸਤ ਦੋਆਬ ਨਹਿਰ ਦੇ ਹੇਠੋਂ ਲੰਘਦੀ ਹੈ ਚਿੱਟੀ ਵੇਈਂ
ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀ ਨਿਰਮਲ ਕੁਟੀਆ ਸੀਚੇਵਾਲ ਵਿਖੇ ਹੋਏ ਨਤਮਸਤਕ
ਨਬਜ਼-ਏ-ਪੰਜਾਬ ਬਿਊਰੋ, ਸੁਲਤਾਨਪੁਰ ਲੋਧੀ, 7 ਮਈ:
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਿਰਮਲ ਕੁਟੀਆ ਨਤਮਸਤਕ ਹੋਏ। ਇੱਥੇ ਉਨ੍ਹਾਂ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਵੀ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ 8 ਮਈ ਨੂੰ ਸਿਬੰਲੀ ਪਿੰਡ ਵਿੱਚ ਉਸ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ ਜਿਸ ਦੇ ਲਈ ਸੰਤ ਸੀਚੇਵਾਲ ਵੱਲੋਂ ਆਪਣੇ ਐਮ.ਪੀ.ਲੈਂਡ ਫੰਡਜ਼ ਵਿੱਚੋਂ 1 ਕਰੋੜ 19 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਇਸ ਪ੍ਰੋਜੈਕਟ ਦਾ ਟੈਂਡਰ ਲੱਗ ਚੁੱਕਾ ਹੈ ਤੇ ਸੰਤ ਸੀਚੇਵਾਲ ਵੱਲੋਂ ਆਪਣੇ ਅਖਤਿਆਰੀ ਫੰਡ ਵਿੱਚੋਂ 40 ਲੱਖ ਰਪਏ ਦਿੱਤੇ ਜਾ ਚੁੱਕੇ ਹਨ। ਮੁਲਾਕਾਤ ਦੌਰਾਨ ਸੰਤ ਸੀਚੇਵਾਲ ਦੇ ਨਾਲ ਸੰਤ ਪ੍ਰਗਟ ਨਾਥ ਅਤੇ ਸੰਤ ਗੁਰਮੇਜ ਸਿੰਘ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੋਵਾਂ ਮੁੱਖ ਮੰਤਰੀਆਂ ਨੂੰ ਵਾਤਾਵਰਣ ਦਾ ਏਜੰਡਾ ਸੌਪਦਿਆ ਕਿਹਾ ਕਿ ਜੇਕਰ ਚਿੱਟੀ ਵੇਈਂ ਵਿੱਚ ਸਾਫ ਪਾਣੀ ਛੱਡਿਆ ਜਾਂਦਾ ਹੈ ਤਾਂ ਇਸ ਨਾਲ ਦੋਆਬੇ ‘ਚ ਧਰਤੀ ਹੇਠਲੇ ਪਾਣੀ ਵਿੱਚ ਵੱਡੇ ਪੱਧਰ ‘ਤੇ ਸੁਧਾਰ ਹੋਵੇਗਾ। ਸਤਲੁਜ ਦਰਿਆ ਵਿੱਚ ਆਉਂਦੇ ਹੜ੍ਹਾਂ ਦੀ ਰੋਕਥਾਮ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ‘ਤੇ ਗਿੱਦੜਪਿੰਡੀ ਤੋਂ ਫਿਲੌਰ ਤੱਕ ਪੱਕੀ ਸੜਕ ਬਣਾਈ ਜਾਵੇ ਜਿਸ ਨਾਲ ਜਿੱਥੇ ਹੜ੍ਹਾਂ ਦਾ ਖਤਰਾ ਘਟੇਗਾ ਉੱੱਥੇ ਹੀ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਇਸਦੇ ਨਾਲ ਹੀ ਉਹਨਾਂ ਹੁਣ ਤੱਕ ਹੜ੍ਹ ਆਉਣ ਦਾ ਮੁੱਖ ਕਾਰਨ ਬਣ ਰਹੇ ਸਤਲੁਜ ਦਰਿਆ ‘ਤੇ ਬਣੇ ਗਿੱਦੜ ਪਿੰਡੀ ਦੇ ਰੇਲਵੇ ਪੁਲ ਹੇਠੋਂ 10 ਤੋਂ 12 ਫੁੱਟ ਤੱਕ ਜੰਮੀ ਗਾਰ ਕੱਢਣ ਦਾ ਕੰਮ ਸ਼ੁਰੂ ਕਰਵਾਉਣ ਦੀ ਵੀ ਮੰਗ ਉਠਾਈ।
ਇਸ ਦੇ ਨਾਲ ਹੀ ਸੰਤ ਸੀਚੇਵਾਲ ਵੱਲੋਂ ਕਾਲਾ ਸੰਘਿਆਂ ਡਰੇਨ ਵਿੱਚ ਬਿਸਤ ਦੁਆਬ ਦੀ ਡਿਸਟੀਬਿਊਟਰੀ ਵਿੱਚੋਂ 20 ਕਿਊਸਿਕ ਪਾਣੀ ਛੱਡਣ ਦੀ ਅਪੀਲ ਕੀਤੀ। ਬਿਸਤ ਦੁਆਬ ਵਿੱਚੋ ਦੋਆਬੇ ਦੇ ਹਿੱਸੇ ਦਾ 1465 ਕਿਊਸਿਕ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣਾ ਲਈ ਪਾਈਪ ਲਾਈਨਾਂ ਪਾਈਆਂ ਜਾਣ। ਉਹਨਾਂ ਨੇ ਅਬਾਦਕਾਰਾਂ ਕੋਲੋਂ ਜ਼ਮੀਨਾਂ ਛੁਡਵਾਉਣ ਵੇਲੇ ਛੋਟੇ ਕਿਸਾਨਾਂ ਨੂੰ ਖ਼ਾਸ ਰਿਆਇਤ ਦੇ ਕੇ 2 ਤੋਂ 5 ਏਕੜ ਵਾਲੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਸਤਲੁਜ ਦਰਿਆ ਕੰਢੇ ਵੱਸਦੇ ਪਿੰਡਾਂ ਦੇ ਲੋਕਾਂ ਦੀਆਂ ਸਮਸਿਆਵਾਂ ਬਾਰੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ। ਨਿਰਮਲ ਕੁਟੀਆ ਪਹੁੰਚਣ ‘ਤੇ ਦੋਵਾਂ ਮੁੱਖ ਮੰਤਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਅਮਰੀਕ ਸਿੰਘ ਸੰਧੂ, ਸਰਪੰਚ ਤੀਰਥ ਸਿੰਘ, ਸਰਪੰਚ ਤੇਜਿੰਦਰ ਸਿੰਘ ਰਾਗੀ, ਸਤਨਾਮ ਸਿੰਘ ਸਾਧੀ, ਇੰਜੀ: ਮੋਹਣ ਲਾਲ ਸੂਦ, ਦਇਆ ਸਿੰਘ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ ਨਿੱਝਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।