
ਐਸਵਾਈਐਲ ਮੁੱਦੇ ’ਤੇ ਮੁੱਖ ਮੰਤਰੀ ਦੀ ਚੁੱਪੀ, ਪੰਜਾਬ ਲਈ ਘਾਤਕ : ਬੀਬੀ ਰਾਮੂਵਾਲੀਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਤੇ ਭਾਜਪਾ ਆਗੂ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਕਿਹਾ ਕਿ ਐਸਵਾਈਐਲ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ, ਪੰਜਾਬ ਲਈ ਘਾਤਕ ਸਾਬਤ ਹੋ ਸਕਦੀ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਐਸਵਾਈਐਲ ਦੇ ਮੁੱਦੇ ’ਤੇ ਚੁੱਪੀ ਧਾਰ ਕੇ ਬੈਠੇ ਹਨ, ਜਦੋਂਕਿ ਪੰਜ ਮਹੀਨੇ ਪਹਿਲਾਂ ਅਪਰੈਲ ਵਿੱਚ ਸੁਪਰੀਮ ਕੋਰਟ ਵੱਲੋਂ ਪੰਜਾਬ ਦਾ ਪੱਖ ਪੇਸ਼ ਕਰਨ ਲਈ ਉਨ੍ਹਾਂ ਨੂੰ ਪੱਤਰ ਵੀ ਲਿਖਿਆ ਗਿਆ ਸੀ ਪਰ ਹੁਣ ਤੱਕ ਉਨ੍ਹਾਂ ਪੰਜਾਬ ਦਾ ਪੱਖ ਪੇਸ਼ ਨਹੀਂ ਕੀਤਾ।
ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਐਸਵਾਈਐਲ ਦੇ ਮੁੱਦੇ ’ਤੇ ਪੰਜਾਬ ਦੀ ਆਪ ਸਰਕਾਰ ਵੱਲੋਂ ਸੂਬੇ ਦਾ ਪੱਖ ਨਾ ਰੱਖਣ ਦਾ ਇੱਕ ਕਾਰਨ ਇਹ ਵੀ ਕਿ ਆਮ ਆਦਮੀ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਆਪ ਦੇ ਕੌਮੀ ਆਗੂ ਜਦੋਂ ਪੰਜਾਬ ਵਿੱਚ ਆਉਂਦੇ ਹਨ ਤਾਂ ਉਹ ਪੰਜਾਬੀਆਂ ਨਾਲ ਵੱਡੇ ਵੱਡੇ ਵਾਅਦੇ ਕਰਦੇ ਹਨ ਪ੍ਰੰਤੂ ਪੰਜਾਬ ਦੀ ਹੱਦ ਲੰਘਣ ਤੋਂ ਬਾਅਦ ਉਹ ਹਰਿਆਣਾ, ਦਿੱਲੀ ਅਤੇ ਹੋਰਨਾਂ ਸੂਬਿਆਂ ਦੀ ਵਕਾਲਤ ਕਰਨ ਲੱਗ ਜਾਂਦੇ ਹਨ। ਜਿਸ ਕਾਰਨ ਸੂਬੇ ਦੇ ਮੁੱਖ ਮੰਤਰੀ ਆਪਣੀ ਪਾਰਟੀ ਦੇ ਸਿਆਸੀ ਫਾਇਦੇ ਲਈ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੇ ਹਨ।
ਬੀਬੀ ਰਾਮੂਵਾਲੀਆ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਐਸਵਾਈਐਲ ਦੇ ਮਸਲੇ ਨੂੰ ਸੁਲਝਾਉਣ ਲਈ ਪੰਜਾਬ ਦੀਆਂ ਸਮੂਹ ਪਾਰਟੀਆਂ ਦੀ ਸਾਂਝੀ ਮੀਟਿੰਗ ਸੱਦੀ ਜਾਵੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਯੋਜਨਾ ਘੜੀ ਜਾਵੇ। ਭਾਜਪਾ ਦਾ ਸਟੈਂਡ ਸਪੱਸ਼ਟ ਕਰਦਿਆਂ ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਕੋਲ ਪਹਿਲਾਂ ਹੀ ਪਾਣੀ ਦੀ ਬਹੁਤ ਘਾਟ ਹੈ ਅਤੇ ਉਹ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਹੀ ਸਰਕਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਪ੍ਰਤੀ ਆਪਣਾ ਫਰਜ ਅਦਾ ਕਰਨ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪੰਜਾਬ ਦਾ ਮਜ਼ਬੂਤ ਪੱਖ ਪੇਸ਼ ਕੀਤਾ ਜਾਵੇ।