nabaz-e-punjab.com

ਬੱਚਾ ਬਦਲਣ ਦਾ ਵਿਵਾਦ: ਮਾਂ ਦੀ ਕੁੱਖ ’ਚੋਂ ਮਰਿਆ ਹੋਇਆ ਸੀ ਪੈਦਾ ਹੋਇਆ ਬੱਚਾ: ਐਸਐਮਓ

ਫੋਰੈਂਸਿਕ ਜਾਂਚ ਲਈ ਮੈਡੀਕਲ ਕਾਲਜ ਪਟਿਆਲਾ ਵਿੱਚ ਭੇਜੀ ਨਵਜੰਮੇ ਬੱਚੇ ਦੀ ਲਾਸ਼, ਲਾਸ਼ ਪੁਲੀਸ ਨੂੰ ਸੌਂਪੀ

ਮਾਮਲੇ ਦੀ ਤੈਅ ਤੱਕ ਜਾਣ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ: ਜਾਂਚ ਅਧਿਕਾਰੀ ਇਕਬਾਲ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ:
ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਜਣੇਪੇ ਤੋਂ ਬਾਅਦ ਨਵਜੰਮਾ ਬੱਚਾ ਬਦਲਣ ਦਾ ਦੋਸ਼ ਲਗਾਉਣ ਵਾਲੇ ਪਿੰਡ ਸੋਹਾਣਾ ਸੋਹਾਣਾ ਦੇ ਪਰਿਵਾਰ ਦੀ ਤਸੱਲੀ ਅਤੇ ਮਾਮਲੇ ਦੀ ਤੈਅ ਤੱਕ ਜਾਣ ਲਈ ਸੋਹਾਣਾ ਪੁਲੀਸ ਡੀਐਨਏ ਟੈਸਟ ਕਰਵਾਏਗੀ ਅਤੇ ਫੋਰੈਂਸਿਕ ਜਾਂਚ ਲਈ ਨਵਜੰਮੇ ਦੀ ਲਾਸ਼ ਦਾ ਪੋਸਟ ਮਾਰਟਮ ਭਲਕੇ ਮੰਗਲਵਾਰ ਨੂੰ ਮੈਡੀਕਲ ਕਾਲਜ ਪਟਿਆਲਾ ਵਿੱਚ ਕਰਵਾਇਆ ਜਾਵੇਗਾ। ਹਾਲਾਂਕਿ ਬੱਚੇ ਦੀ ਲਾਸ਼ ਦਾ ਪੋਸਟ ਮਾਰਟਮ ਕਰਨ ਲਈ ਸਰਕਾਰੀ ਹਸਪਤਾਲ ਮੁਹਾਲੀ ਦੇ ਬੱਚਿਆਂ ਦੇ ਡਾਕਟਰ ਦੀ ਅਗਵਾਈ ਹੇਠ ਤਿੰਨ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਗਿਆ ਸੀ ਪ੍ਰੰਤੂ ਮੈਡੀਕਲ ਬੋਰਡ ਨੇ ਤਕਨੀਕੀ ਕਾਰਨਾਂ ਕਰਕੇ ਪੋਸਟ ਮਾਰਟਮ ਕਰਨ ਤੋਂ ਨਾਂਅ ਕਰ ਦਿੱਤੀ।
ਉਧਰ, ਜਾਂਚ ਅਧਿਕਾਰੀ ਏਐਸਆਈ ਇਕਬਾਲ ਸਿੰਘ ਨੇ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਵਿੱਚ ਨਵਜੰਮੇ ਬੱਚੇ ਦੀ ਲਾਸ਼ ਪੋਸਟ ਮਾਰਟਮ ਨਹੀਂ ਕੀਤਾ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਬੋਰਡ ਨੇ ਬੱਚੇ ਦੀ ਲਾਸ਼ ਪੁਲੀਸ ਨੂੰ ਸੌਂਪੀ ਦਿੱਤੀ ਹੈ ਅਤੇ ਭਲਕੇ ਮੰਗਲਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਫੋਰੈਂਸਿਕ ਜਾਂਚ ਲਈ ਪੰਜ ਡਾਕਟਰਾਂ ਦੇ ਮੈਡੀਕਲ ਬੋਰਡ ਤੋਂ ਪੋਸਟ ਮਾਰਟਮ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤੈਅ ਤੱਕ ਜਾਣ ਲਈ ਡੀਐਨਏ ਟੈਸਟ ਵੀ ਕਰਵਾਇਆ ਜਾਵੇਗਾ। ਜੇਕਰ ਸ਼ਿਕਾਇਤ ਝੂਠੀ ਨਿਕਲੀ ਤਾਂ ਮਾਪਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਡਾਕਟਰਾਂ ਦੀ ਅਣਗਹਿਲੀ ਸਾਹਮਣੇ ਆਈ ਤਾਂ ਡਾਕਟਰਾਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਂਜ ਜਾਂਚ ਅਧਿਕਾਰੀ ਹਸਪਤਾਲ ਦੇ ਹਵਾਲੇ ਨਾਲ ਦੱਸਿਆ ਕਿ ਜਨਮ ਤੋਂ ਕਰੀਬ ਤਿੰਨ ਪਹਿਲਾਂ ਹੀ ਮਾਂ ਦੀ ਕੁੱਖ ਵਿੱਚ ਬੱਚੇ ਦੀ ਮੌਤ ਹੋ ਚੁੱਕੀ ਸੀ।
ਇਸ ਸਬੰਧੀ ਕੁੰਤੀ ਦੇਵੀ ਦੇ ਪਤੀ ਸੁਨੀਲ ਮਾਨਜੀ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਬੀਤੀ 29 ਮਾਰਚ ਨੂੰ ਜਣੇਪੇ ਦਾ ਦਰਦ ਹੋਣ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਆਟੋ ਵਿੱਚ ਸਰਕਾਰ ਹਸਪਤਾਲ ਵਿੱਚ ਲੈ ਕੇ ਆਇਆ ਸੀ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਦਾਖ਼ਲ ਕਰਨਾ ਪਵੇਗਾ ਕਿਉਂਕਿ ਬੱਚੇ ਦੇ ਜਨਮ ਦਾ ਸਮਾਂ ਹੋ ਗਿਆ ਹੈ। ਉਹ ਪਤਨੀ ਨੂੰ ਦਾਖ਼ਲ ਕਰਵਾਉਣ ਮਗਰੋਂ ਫਾਈਲ ਬਣਾਉਣ ’ਚ ਜੁੱਟ ਗਿਆ ਅਤੇ ਫਾਈਲ ਬਣਨ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਮ੍ਰਿਤਕ ਬੱਚੇ (ਲੜਕੇ) ਨੂੰ ਜਨਮ ਦਿੱਤਾ ਹੈ। ਸੁਨੀਲ ਅਨੁਸਾਰ ਜਦੋਂ ਉਸ ਨੇ ਬੱਚਾ ਦੇਖਿਆ ਤਾਂ ਇੰਝ ਜਾਪਦਾ ਸੀ ਜਿਵੇਂ ਉਹ ਬੱਚਾ 4-5 ਦਿਨ ਪਹਿਲਾਂ ਪੁਰਾਣਾ ਹੋਵੇਗਾ। ਉਨ੍ਹਾਂ ਸ਼ੰਕਾ ਪ੍ਰਗਟ ਕੀਤਾ ਕਿ ਉਸ ਦਾ ਬੱਚਾ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ਪੀੜਤ ਪਰਿਵਾਰ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਨ੍ਹਾਂ ਦੇ ਬੱਚੇ ਦਾ ਪੋਸਟ ਮਾਰਟਮ ਅਤੇ ਡੀਐਨਏ ਟੈਸਟ ਕਰਵਾਇਆ ਜਾਵੇ।
ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਨਵਜੰਮਾ ਬੱਚਾ ਬਦਲਣ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਮਾਂ ਦੀ ਕੁੱਖ ਵਿੱਚ ਹੀ ਬੱਚੇ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਅਲਟਰਾ ਸਾਊਂਡ ਦੀ ਰਿਪੋਰਟ ਦੇਖ ਕੇ ਮਾਪਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਬੱਚੇ ਦੀ ਹਾਲਤ ਠੀਕ ਨਹੀਂ ਹੈ ਅਤੇ ਜਣੇਪੇ ਦੌਰਾਨ ਨਾੜੀ ਕੱਟਣ ਤੋਂ ਪਹਿਲਾਂ ਵੀ ਬੱਚੇ ਦੀ ਮੌਤ ਸਬੰਧੀ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਸੀ। ਐਸਐਮਓ ਨੇ ਦੱਸਿਆ ਕਿ ਜਦੋਂ ਕੁੰਤੀ ਦੇਵੀ ਦਾ ਜਣੇਪਾ ਹੋਇਆ। ਉਸ ਤੋਂ ਦੋ ਘੰਟੇ ਪਹਿਲਾਂ ਜਾਂ ਦੋ ਘੰਟੇ ਬਾਅਦ ਹਸਪਤਾਲ ਵਿੱਚ ਕੋਈ ਡਲਿਵਰੀ ਨਹੀਂ ਹੋਈ ਸੀ। ਇਸ ਕਰਕੇ ਨਵਜੰਮਾ ਬੱਚਾ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…