Nabaz-e-punjab.com

ਬੀਐਮਡੀ ਪਬਲਿਕ ਸਕੂਲ ਦੇ ਸਾਲਾਨਾ ਸਮਾਰੋਹ ਮੌਕੇ ਬੱਚਿਆਂ ਨੇ ਖੂਬ ਰੰਗ ਬੰਨ੍ਹਿਆ

ਸਿੱਖਿਆ ਦੇ ਖੇਤਰ ਵਿੱਚ ਪ੍ਰਾਈਵੇਟ ਸੈਕਟਰ ਦਾ ਯੋਗਦਾਨ ਅਹਿਮ: ਕੰਵਰ ਸੰਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਇੱਥੋਂ ਦੇ ਬੀਐਮਡੀ ਪਬਲਿਕ ਸਕੂਲ ਸੈਕਟਰ-63 ਵਿੱਚ ‘ਸਪਾਰਕਲਸ-2019’ ਦੇ ਬੈਨਰ ਹੇਠ ਸਕੂਲ ਦਾ ਸਾਲਾਨਾ ਸਮਾਰੋਹ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਦੇ ਵਿਹੜੇ ਵਿੱਚ ਆਯੋਜਿਤ ਇਸ ਸਮਾਗਮ ਦੀ ਆਰੰਭਤਾ ਚੌਥੀ ਤੇ ਪੰਜਵੀਂ ਦੇ ਬੱਚਿਆਂ ਦੇ ਸ਼ਬਦ ਗਾਇਨ ਨਾਲ ਹੋਈ। ਇਸ ਉਪਰੰਤ ਗਾਇਤਰੀ ਮੰਤਰ ਦੀ ਧੁਨ ਦੇ ਨਾਲ ਸ਼ਮਾਂ ਰੋਸ਼ਨ ਦੀ ਰਸਮ ਨਿਭਾਈ ਗਈ। ਖਰੜ ਤੋਂ ਆਪ ਦੇ ਬਾਗੀ ਵਿਧਾਇਕ ਕੰਵਰ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂਕਿ ਪ੍ਰਧਾਨਗੀ ਸਕੂਲ ਦੀ ਚੇਅਰਮੈਨ ਸ੍ਰੀਮਤੀ ਸੁਰਜੀਤ ਕੌਰ ਨੇ ਕੀਤੀ।
ਇਸ ਮੌਕੇ ਸ੍ਰੀ ਕੰਵਰ ਸੰਧੂ ਨੇ ਸਕੂਲ ਵਿੱਚ ਗਰੀਬ ਬੱਚਿਆਂ ਨੂੰ ਸਸਤੀ ਸਿੱਖਿਆ ਮੁਹੱਈਆ ਕਰਵਾਉਣ ਅਤੇ ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਅਤੇ ਗਰੀਬ ਲੜਕੀਆਂ ਦੇ ਵਿਆਹ ਕਰਨ ਜਿਹੇ ਸਮਾਜ ਸੇਵੀ ਕੰਮਾਂ ਲਈ ਪ੍ਰਬੰਧਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪ੍ਰਾਈਵੇਟ ਸੈਕਟਰ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਸਿੱਖਿਆ ਦਾ ਅਧਿਕਾਰ ਐਕਟ ਸਖ਼ਤੀ ਨਾਲ ਲਾਗੂ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ।
ਇਸ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੌਰ ਨੇ ਮੁੱਖ ਮਹਿਮਾਨ ਕੰਵਰ ਸੰਧੂ, ਸਮਾਜ ਸੇਵੀ ਟਰੱਸਟ ਦੇ ਮੈਂਬਰਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਸਮਾਰੋਹ ਵਿੱਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਰਿਪੋਰਟ ਪੇਸ਼ ਕੀਤੀ। ਇਸ ਤੋਂ ਬਾਅਦ ਪਲੇਅ ਵੇਅ ਅਤੇ ਪ੍ਰੀ ਨਰਸਰੀ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਮੰਚ ’ਤੇ ਆਪਣੇ ਜਲਵੇ ਬਿਖੇਰੇ। ਬੱਚਿਆਂ ਨੇ ਡਾਂਸ ‘ਸਵੈਗ ਸੇ ਕਰੇਗੇ ਸਬ ਕਾ ਸਵਾਗਤ’ ਅਤੇ ਵੱਖ-ਵੱਖ ਰਾਜਾਂ ਦੇ ਡਾਂਸ ਆਈਟਮਾਂ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਅਖੀਰਲੇ ਪੜਾਅ ਵਿੱਚ ਵਿਦਿਆਰਥੀਆਂ ਵੱਲੋਂ ਪੇਸ਼ ਭੰਗੜੇ ਦੀ ਤਾਲ ’ਤੇ ਦਰਸ਼ਕਾਂ ਦੇ ਪੈਰ ਥਿੜਕਣੋਂ ਨਾ ਰਹਿ ਸਕੇ। ਅੰਤ ਵਿੱਚ ਕੋਆਰਡੀਨੇਟਰ ਸ੍ਰੀਮਤੀ ਇੰਦੂ ਰੇਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…