ਬੱਚਿਆਂ ਦੀ ਜ਼ਿੰਦਗੀ ਦਾ ਸਵਾਲ: ਪ੍ਰਾਈਵੇਟ ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ, ਜ਼ਰੂਰੀ ਹਦਾਇਤਾਂ ਜਾਰੀ
ਨਬਜ਼-ਏ-ਪੰਜਾਬ, ਮੁਹਾਲੀ, 6 ਫਰਵਰੀ:
ਵਿਦਿਆਰਥੀਆਂ ਦੀ ਸੁਰੱਖਿਅਤ ਦੇ ਮੱਦੇਨਜ਼ਰ ਜ਼ਿਲ੍ਹਾ ਸੇਫ਼ ਸਕੂਲ ਵਾਹਨ ਕਮੇਟੀ ਦੇ ਮੈਂਬਰਾਂ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਐਸਟੀਏ-ਕਮ-ਮੋਟਰ ਵਹੀਕਲ ਇੰਸਪੈਕਟਰ ਰਣਪ੍ਰੀਤ ਸਿੰਘ ਭਿਊਰਾ ਦੀ ਅਗਵਾਈ ਹੇਠ ਐਮਿਟੀ ਇੰਟਰਨੈਸ਼ਨਲ ਸਕੂਲ ਸੈਕਟਰ-79 ਦੀਆਂ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਅਤੇ ਬੱਸ ਚਾਲਕਾਂ ਅਤੇ ਸਹਿ ਚਾਲਕਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਸੇਫ਼ ਸਕੂਲ ਬੱਸ ਸਕੀਮ ਦੀਆਂ ਸ਼ਰਤਾਂ/ਨਿਯਮਾਂ ਸਬੰਧੀ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਟਰੈਫ਼ਿਕ ਜ਼ੋਨ-3 ਦੇ ਏਐਸਆਈ ਸੁਰਿੰਦਰ ਸਿੰਘ, ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਵਿਭਾਗ ਦੇ ਅਧਿਕਾਰੀ ਮਨਿੰਦਰ ਸਿੰਘ, ਕੋਮਲ ਨੰਦਾ ਵੀ ਮੌਜੂਦ ਸਨ। ਉਕਤ ਟੀਮ ਨੇ ਐਮਿਟੀ ਸਕੂਲ ਦੇ ਮੈਨੇਜਰ (ਟਰਾਂਸਪੋਰਟ) ਸਚਿਨ ਸੈਣੀ ਨਾਲ ਸਕੂਲ ਬੱਸ ਦੇ ਡਰਾਈਵਰਾਂ ਅਤੇ ਲੇਡੀ ਅਟੈਂਡੈਂਟ ਨੂੰ ਸੇਫ਼ ਸਕੂਲ ਵਾਹਨ ਸਕੀਮ ਅਨੁਸਾਰ ਸਕੂਲੀ ਬੱਸਾਂ ਦੇ ਰੱਖ-ਰਖਾਓ, ਸੁਰੱਖਿਅਤ ਡਰਾਈਵਿੰਗ ਨਿਯਮਾਂ ਦੀ ਪਾਲਣਾ ਕਰਨ ਅਤੇ ਸਕੂਲੀ ਬੱਚਿਆਂ ਨਾਲ ਚੰਗਾ ਵਿਵਹਾਰ ਕਰਨ ਬਾਰੇ ਜਾਗਰੂਕ ਕੀਤਾ। ਮੌਕੇ ’ਤੇ ਮੌਜੂਦ ਸਾਰੀਆਂ ਸਕੂਲੀ ਬੱਸਾਂ ਦੀ ਚੈਕਿੰਗ ਅਤੇ ਨਿਰੀਖਣ ਕੀਤਾ ਗਿਆ। ਇਨ੍ਹਾਂ ਸਕੂਲ ਬੱਸਾਂ ਵਿੱਚ ਮੌਜੂਦ ਕੈਮਰੇ, ਅੱਗ ਬੁਝਾਊ ਯੰਤਰ ਅਤੇ ਫਾਸਟ ਏਡ ਬਾਕਸ ਆਦਿ ਸਾਰੇ ਪ੍ਰਬੰਧ ਸਹੀ ਪਾਏ ਗਏ। ਉਨ੍ਹਾਂ ਡਰਾਈਵਰਾਂ ਨੂੰ ਟਰੈਫ਼ਿਕ ਨਿਯਮਾਂ, ਰੈਗੂਲਰ ਮੈਡੀਕਲ ਚੈੱਕਅਪ ਅਤੇ ਆਪਣੇ ਲਾਇਸੈਂਸ ਸਮੇਂ-ਸਮੇਂ ਰੀਨਿਊ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਸ਼ਾ ਕਰਕੇ ਡਰਾਈਵਿੰਗ ਕਰਨਾ, ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹਾ ਕਰਨ ਦੀ ਸੂਰਤ ਵਿੱਚ ਬੱਸ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।