ਪਿੰਡ ਚਿੱਲਾ ਦੀਆਂ ਅੌਰਤਾਂ ਨੇ ਸੰਭਾਲੀ 110ਵੇਂ ਦਿਨ ਦੀ ਭੁੱਖ-ਹੜਤਾਲ ਦੀ ਕਮਾਨ

ਕਿਸਾਨਾਂ ਦੇ ਹੱਕ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਲੜੀਵਾਰ ਭੁੱਖ-ਹੜਤਾਲ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਸਤੰਬਰ:
ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਪੁਆਧ ਇਲਾਕਾ (ਮੁਹਾਲੀ) ਦੇ ਸਹਿਯੋਗ ਨਾਲ ਸ਼ੁਰੂ ਕੀਤੀ ਲੜੀਵਾਰ ਭੁੱਖ-ਹੜਤਾਲ ਤੇ ਧਰਨਾ ਸ਼ੁੱਕਰਵਾਰ ਨੂੰ 110ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਪਿੰਡ ਚਿੱਲਾ ਦੀਆਂ ਅੌਰਤਾਂ ਭੁਪਿੰਦਰ ਕੌਰ, ਸੁਰਿੰਦਰ ਕੌਰ, ਕੁਲਦੀਪ ਕੌਰ, ਅਵਤਾਰ ਕੌਰ, ਤਲਜਿੰਦਰ ਕੌਰ, ਜਸਵਿੰਦਰ ਕੌਰ, ਜਸ਼ਨਦੀਪ ਕੌਰ, ਅਵਨੀਤ ਕੌਰ ਸਮੇਤ ਕੁਲਵੰਤ ਸਿੰਘ ਗਿੱਲ, ਬਲਜੀਤ ਸਿੰਘ, ਨਸੀਬ ਸਿੰਘ ਤੇ ਗੁਰਦੇਵ ਸਿੰਘ ਭੁੱਖ-ਹੜਤਾਲ ’ਤੇ ਬੈਠੇ। ਉਨ੍ਹਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਸਾਬਕਾ ਸਰਪੰਚ ਅਜੈਬ ਸਿੰਘ ਗਿੱਲ, ਪ੍ਰੋ. ਜਗਤਾਰ ਸਿੰਘ ਗਿੱਲ, ਨੰਬਰਦਾਰ ਹਰਵਿੰਦਰ ਸਿੰਘ, ਦਵਿੰਦਰ ਸਿੰਘ ਬੌਬੀ, ਪਹਿਲਵਾਨ ਅਮਨ ਪੂਨੀਆ, ਅਮਰਜੀਤ ਸਿੰਘ ਸੁਖਗੜ੍ਹ ਨੇ ਧਰਨੇ ਵਿੱਚ ਸ਼ਿਰਕਤ ਕਰਕੇ ਬੀਬੀਆਂ ਦਾ ਹੌਸਲਾ ਵਧਾਇਆ। ਸਾਬਕਾ ਸਰਪੰਚ ਅਜੈਬ ਸਿੰਘ ਗਿੱਲ ਨੇ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰ ਦੀ 70 ਤੋਂ 80 ਫੀਸਦੀ ਲੋੜ ਨੂੰ ਪੂਰਾ ਕਰਨ ਵਾਲਾ ਅੰਨਦਾਤਾ ਅੱਜ ਇਨਸਾਫ਼ ਲਈ ਸੜਕਾਂ ’ਤੇ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਇਕੱਲੇ ਕਿਸਾਨ ਮਾਰੂ ਨਹੀਂ ਹਨ ਬਲਕਿ ਇਸ ਦਾ ਸਾਰੇ ਵਰਗਾਂ ’ਤੇ ਮਾੜਾ ਅਸਰ ਪਵੇਗਾ। ਲਿਹਾਜ਼ਾ ਹਰ ਵਿਅਕਤੀ ਨੂੰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ।
ਅੰਤਰਰਾਸ਼ਟਰੀ ਪੁਆਧੀ ਮੰਚ ਦੇ ਕਾਰਕੁਨ ਕਰਮਜੀਤ ਸਿੰਘ ਚਿੱਲਾ ਨੇ ਦੱਸਿਆ ਕਿ ਅੱਜ ਭੁੱਖ-ਹੜਤਾਲ ’ਤੇ ਬੈਠੀਆਂ ਅੌਰਤਾਂ ਪਿਛਲੇ 10 ਮਹੀਨਿਆਂ ਤੋਂ ਸਿੰਘੂ ਬਾਰਡਰ ਦਿੱਲੀ ’ਤੇ ਪਿੰਡ ਵਾਸੀਆਂ ਵੱਲੋਂ ਲਗਾਏ ਲੰਗਰ ਵਿੱਚ ਵੀ ਸੇਵਾ ਨਿਭਾਉਂਦੀਆਂ ਹਨ। ਮੌਜੂਦਾ ਸਮੇਂ ਉਕਤ ਅੌਰਤਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਮੁਹਾਲੀ ਏਅਰਪੋਰਟ ਸੜਕ ’ਤੇ ਆਈਸ਼ਰ ਲਾਲ ਬੱਤੀ ਪੁਆਇੰਟ ਨੇੜੇ ਆਪਣੇ ਹੱਥਾਂ ਵਿੱਚ ਕਿਸਾਨੀ ਝੰਡੇ ਲੈ ਕੇ ਕਿਸਾਨ ਸੰਘਰਸ਼ ਪ੍ਰਤੀ ਲਾਮਬੰਦੀ ਪੈਦਾ ਕਰਦੀਆਂ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …