
ਚੀਨ-ਭਾਰਤ ਝੜਪ: ਸੂਬੇਦਾਰ ਸਰੂਪ ਸਿੰਘ ਦੀ ਅਗਵਾਈ ਹੇਠ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ
ਚੀਨ ਦੇ ਰਾਸ਼ਟਰਪਤੀ ਜਿੰਨਪਿੰਗ ਦਾ ਪੁਤਲਾ ਸਾੜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਯੂਥ ਆਫ਼ ਪੰਜਾਬ ਨੇ ਪਿਛਲੇ ਦਿਨੀਂ ਚੀਨ-ਭਾਰਤ ਸਰਹੱਦ ’ਤੇ ਚੀਨ ਵੱਲੋਂ ਸ਼ਹੀਦ ਹੋਏ 20 ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸਬੰਧੀ ਇੱਥੋਂ ਦੇ ਸੈਕਟਰ-70 ਸਥਿਤ ਸ਼ਿਵ ਮੰਦਰ ਮਟੌਰ ਦੇ ਸਾਹਮਣੇ ਸੂਬੇਦਾਰ (ਸੇਵਾਮੁਕਤ) ਸਰੂਪ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਚੀਨ ਦੇ ਰਾਸ਼ਟਰਪਤੀ ਜਿੰਨਪਿੰਗ ਦਾ ਪੁਤਲਾ ਸਾੜਿਆ। ਪ੍ਰਦਰਸ਼ਨਕਾਰੀਆਂ ਨੇ ਚੀਨੀ ਸਮਾਨ ਦੀ ਭੰਨਤੋੜ ਕਰਕੇ ਗੁੱਸੇ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਸੂਬੇਦਾਰ ਸਰੂਪ ਸਿੰਘ ਦੀ ਅਗਵਾਈ ਹੇਠ ਸੰਸਥਾ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪ੍ਰਣ ਕੀਤਾ ਕਿ ਚੀਨੀ ਸਮਾਨ ਦਾ ਮੁਕੰਮਲ ਬਾਇਕਾਟ ਕਰਕੇ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਵਿੱਚ ਪੂਰਾ ਯੋਗਦਾਨ ਦਿੱਤਾ ਜਾਵੇਗਾ। ਹਾਜ਼ਰ ਮੈਂਬਰਾਂ ਨੇ ਮੋਮਬੱਤੀਆਂ ਜਲਾਈਆਂ ਅਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਬੇਸ਼ੱਕ ਭਾਰਤੀ ਫੌਜੀ ਗੁਆਂਢੀ ਦੇਸ਼ ਦੀ ਨਾਜਾਇਜ਼ ਹਰਕਤ ਕਾਰਨ ਸ਼ਹੀਦ ਹੋਏ ਹਨ ਪਰ ਇਸ ਵਿੱਚ ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਆਗੂ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਆਜ਼ਾਦੀ ਤੋਂ ਬਾਅਦ ਹੁਣ ਤੱਕ ਕੁਰਸੀ ਦੇ ਭੁੱਖੇ ਰਾਜਸੀ ਆਗੂਆਂ ਨੇ ਹਮੇਸ਼ਾ ਹੀ ਜ਼ਿਆਦਾਤਰ ਫੈਸਲੇ ਨਿੱਜੀ ਲਾਭ ਨੂੰ ਦੇਖ ਕੇ ਹੀ ਲਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਮੇਂ ਦੀਆਂ ਸਰਕਾਰਾਂ ਸ਼ਹੀਦਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੰਦੀਆਂ, ਉਦੋਂ ਤੱਕ ਆਜ਼ਾਦੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਹੈ। ਇਸ ਮੌਕੇ ਮੀਤ ਪ੍ਰਧਾਨ ਬੱਬੂ ਮੁਹਾਲੀ, ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਜੰਗ ਬਹਾਦਰ, ਅਮਰਨਾਥ, ਰਵੀ ਅਰੋੜਾ, ਇਸ਼ਾਂਤ ਮੁਹਾਲੀ, ਸ਼ਰਨਦੀਪ ਸਿੰਘ ਚੱਕਲ ਅਤੇ ਮੈਂਬਰ ਹਾਜ਼ਰ ਸਨ।