ਆਪ ਨੇ 10,000 ਕਰੋੜ ਰੁਪਏ ਦੇ ਚਿਟ-ਫੰਡ ਘੁਟਾਲੇ ਵਿੱਚ ਸੁਖਬੀਰ ਬਾਦਲ ਦੀ ਸ਼ੱਕੀ ਭੂਮਿਕਾ ਦੀ ਜਾਂਚ ਮੰਗੀ

ਗੁਰਪ੍ਰੀਤ ਵੜੈਚ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਜਾਂਚ ਸੀਬੀਆਈ ਹਵਾਲੇ ਕਰਨ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਜਨਵਰੀ:
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਹੋਏ ਕਰੀਬ 10 ਹਜ਼ਾਰ ਕਰੋੜ ਰੁਪਏ ਦੇ ਚਿਟ-ਫੰਡ ਘੁਟਾਲੇ ਵਿੱਚ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਸ਼ੱਕੀ ਭੂਮਿਕਾ ਦੀ ਜਾਂਚ ਦੀ ਮੰਗ ਕਰਦਿਆਂ ਅੱਜ ਇਸ ਮਾਮਲੇ ਵਿੱਚ ਪੰਜਾਬ ਦੇ ਰਾਜਪਾਲ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਪਾਰਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਇਸ ਘੁਟਾਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਕਰਵਾਈ ਜਾਣੀ ਚਾਹੀਦੀ ਹੈ।
ਇੱਥੇ ਜਾਰੀ ਬਿਆਨ ਵਿੱਚ ਆਪ ਪੰਜਾਬ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ਵਿੱਚ ਇਹ ਚਿਟ ਫੰਡ ਘੁਟਾਲਾ ਪਿਛਲੇ ਛੇ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਦੋਸ਼ੀਆਂ ਨੂੰ ਪੂਰੀ ਤਰ੍ਹਾਂ ਪੁਲਿਸ ਅਤੇ ਸਿਆਸੀ ਸੁਰੱਖਿਆ ਮਿਲੀ ਹੋਈ ਸੀ। ਅਜਿਹਾ ਵੱਡਾ ਘੁਟਾਲਾ ਉੱਚ-ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਗ਼ੈਰ ਸੰਭਵ ਹੀ ਨਹੀਂ ਹੋ ਸਕਦਾ ਸੀ। ਉਨ੍ਹਾਂ ਸੁਖਬੀਰ ਬਾਦਲ ਉੱਤੇ ਮੁਲਜ਼ਮਾਂ ਨੂੰ ਬਚਾਉਣ ਤੇ ਆਪਣੀ ਗ੍ਰਹਿ ਮੰਤਰੀ ਦੀ ਹੈਸੀਅਤ ਦੀ ਦੁਰਵਰਤੋਂ ਕਰ ਕੇ ਇਸ ਮਾਮਲੇ ਦੀ ਜਾਂਚ ਰੁਕਵਾਉਣ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਢਾਈ ਲੱਖ ਦੇ ਲਗਭਗ ਭੋਲੇ-ਭਾਲੇ ਨਿਵੇਸ਼ਕਾਂ ਨੂੰ ਜਿਹੜੀਆਂ ਚਿਟ-ਫ਼ੰਡ ਕੰਪਨੀਆਂ ਨੇ ਠੱਗਿਆ ਹੈ, ਉਹ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਰਾਜ ਦੌਰਾਨ ਹੀ ਪ੍ਰਫ਼ੁੱਲਤ ਹੋਈਆਂ ਸਨ ਅਤੇ ਸੁਖਬੀਰ ਬਾਦਲ ਨੇ ਮੀਡੀਆ ਦੀਆਂ ਅਜਿਹੀਆਂ ਰਿਪੋਰਟਾਂ ਵੱਲ ਉੱਕਾ ਧਿਆਨ ਨਹੀਂ ਦਿੱਤਾ।
ਵੜੈਚ ਨੇ ਕਿਹਾ ਕਿ ਛੇ ਚਿਟ-ਫ਼ੰਡ ਕੰਪਨੀਆਂ ਵਿਰੁੱਧ ਐਫ਼.ਆਈ.ਆਰ. ਵੀ ਕੇਵਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਦਾਇਰ ਕੀਤੀ ਗਈ ਸੀ ਪਰ ਹਾਲੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 24 ਦਸੰਬਰ 2016 ਨੂੰ ਇਸ ਬਹੁ-ਕਰੋੜੀ ਘੁਟਾਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਸਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਤਾਂ ਨਿਵੇਸ਼ਕਾਂ ਨੇ ਵੀ ਆਪਣੀ ਖ਼ੂਨ-ਪਸੀਨੇ ਤੇ ਸਖ਼ਤ ਮਿਹਨਤ ਦੀ ਕਮਾਈ ਦੀ ਵਾਪਸੀ ਦੀ ਆਸ ਵੀ ਛੱਡ ਦਿੱਤੀ ਹੈ। ਪਿੰਡ ਛਾਜਲੀ ਦੇ ਇੱਕ ਕਿਸਾਨ ਹਰਪ੍ਰੀਤ ਸਿੰਘ ਖ਼ਾਲਸਾ ਨੇ ਤਾਂ ਖ਼ੁਦਕੁਸ਼ੀ ਤੱਕ ਕਰ ਲਈ ਕਿਉਂਕਿ ਉਨ੍ਹਾਂ ਦੇ 9.8 ਕਰੋੜ ਰੁਪਏ ਇੱਕ ਚਿਟ-ਫ਼ੰਡ ਕੰਪਨੀ ’ਚ ਕਿਤੇ ਖੁਰਦ-ਬੁਰਦ ਹੋ ਗਏ ਸਨ। ਹੋਰ ਬਹੁਤ ਸਾਰੇ ਲੋਕ ਵੀ ਖ਼ੁਦਕੁਸ਼ੀ ਕਰ ਚੁੱਕੇ ਹਨ।
ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਸੁਖਬੀਰ ਬਾਦਲ ਤੋਂ ਇਸ ਮਾਮਲੇ ਵਿੱਚ ਸਪੱਸ਼ਟੀਕਰਨ ਮੰਗਿਆ ਹੈ ਕਿਉਂਕਿ ਉਨ੍ਹਾਂ ਹੀ ਚਿਟ-ਫ਼ੰਡ ਕੰਪਨੀਆਂ ਨੂੰ ਪੰਜਾਬ ਵਿੱਚ ਆਪਣਾ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਸੀ। ਉਨ੍ਹਾਂ ਇਹ ਵੀ ਸੁਆਲ ਕੀਤਾ ਕਿ ਉਨ੍ਹਾਂ ਨੇ ਹਾਲੇ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਹੁਕਮ ਕਿਉਂ ਨਹੀਂ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾ ਚਿਟ-ਫ਼ੰਡ ਘੁਟਾਲਾ ਜੁਲਾਈ 2015 ਵਿੱਚ ਸਾਹਮਣੇ ਆਇਆ ਸੀ ਭਾਵੇਂ ਠੱਗੀਆਂ ਦੇ ਸ਼ਿਕਾਰ ਹੋਏ ਨਿਰਦੋਸ਼ ਲੋਕਾਂ ਬਾਰੇ ਖ਼ਬਰਾਂ ਤਾਂ ਸਾਲ 2010 ਤੋਂ ਹੀ ਲਗਾਤਾਰ ਆ ਰਹੀਆਂ ਹਨ। ਪਰ ਦੋਸ਼ੀ ਹਾਲੇ ਵੀ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ ਅਤੇ ਦੋਸ਼ੀਆਂ ਨੂੰ ਆਪਣੀਆਂ ਚੱਲ ਸੰਪਤੀਆਂ ਨੂੰ ਇੱਧਰ-ਉੱਧਰ ਕਰ ਦੇਣ ਅਤੇ ਸਾਰੇ ਰਿਕਾਰਡ ਨਸ਼ਟ ਕਰਨ ਦਾ ਸਮਾਂ ਦਿੱਤਾ ਜਾ ਰਿਹਾ ਹੈ। ਚਿਟ-ਫ਼ੰਡ ਕੰਪਨੀਆਂ ਦੇ ਪ੍ਰੋਮੋਟਰਜ਼ ਨੇ ਭੋਲੇ-ਭਾਲੇ ਨਿਵੇਸ਼ਕਾਂ ਦੇ ਧਨ ਨਾਲ ਹੀ ਅਨੇਕਾਂ ਮਾੱਲ ਸਥਾਪਤ ਕਰ ਲਏ ਹਨ ਤੇ ਆਪਣੀਆਂ ਹੋਰ ਜਾਇਦਾਦਾਂ ਬਣਾ ਲਈਆਂ ਹਨ।
ਸ੍ਰੀ ਵੜੈਚ ਨੇ ਕਿਹਾ ਕਿ ਪੀੜਤਾਂ ਨੇ ‘ਕ੍ਰਾਊਨ ਚਿਟ ਫ਼ੰਡ ਕੰਪਨੀ ਸੰਘਰਸ਼ ਕਮੇਟੀ’ ਵੀ ਕਾਇਮ ਕੀਤੀ ਸੀ ਅਤੇ ਪੁਲਿਸ ਹੁਣ ਉਨ੍ਹਾਂ ਦੇ ਬਿਆਨ ਜਾਰੀ ਕਰਨ ਲਈ ਸਮਾਂ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਥਿਤੀ ਛਿਣ-ਭੰਗਰੀ ਜਿਹੀ ਬਣੀ ਹੋਈ ਹੈ ਅਤੇ ਜੇ ਇਸ ਮਾਮਲੇ ਵਿੱਚ ਛੇਤੀ ਇਨਸਾਫ਼ ਨਾ ਦਿੱਤਾ ਗਿਆ, ਤਾਂ ਹੋਰ ਵੀ ਨਿਵੇਸ਼ਕ ਖ਼ੁਦਕੁਸ਼ੀਆਂ ਦੇ ਰਾਹ ਪੈ ਸਕਦੇ ਹਨ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…