
ਕਲੋਰੀਨ ਗੈਸ ਲੀਕ ਮਾਮਲਾ: ਬਲੌਂਗੀ ਵਿੱਚ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੀਤਾ ਬਲੌਂਗੀ ਦੇ ਜਲ-ਘਰ ਦਾ ਦੌਰਾ, ਅਧਿਕਾਰੀਆਂ ਨੂੰ ਸਫ਼ਾਈ ਕਰਨ ਦੇ ਹੁਕਮ
ਪਿੰਡਾਂ ਵਿਚਲੀਆਂ ਪਾਣੀ ਦੀਆਂ ਟੈਂਕੀਆਂ ਦੀ ਜਾਂਚ ਕਰਨ ਲਈ ਜਲ ਸਪਲਾਈ ਮੰਤਰੀ ਨੂੰ ਲਿਖਿਆ ਜਾਵੇਗਾ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਮੁਹਾਲੀ ਦੀ ਜੂਹ ਦੀ ਵਸਦੇ ਕਸਬਾਨੁਮਾ ਪਿੰਡ ਬਲੌਂਗੀ ਵਿੱਚ ਕਲੋਰੀਨ ਗੈਸ ਲੀਕ ਹੋਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਗਏ। ਲੰਘੀ ਰਾਤ ਕਰੀਬ 50 ਤੋਂ ਵੱਧ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਨ੍ਹਾਂ ’ਚ ਬਜ਼ੁਰਗ, ਅੌਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਜਦੋਂਕਿ ਟਿਊਬਵੈੱਲ ਅਪਰੇਟਰ ਵਿਨੋਦ ਕੁਮਾਰ ਅਤੇ ਜੁਗੜੀ ਵੀ ਬੇਹੋਸ਼ ਹੋ ਗਏ ਸੀ। ਮੁੱਢਲੀ ਜਾਂਚ ਤੋਂ ਬਾਅਦ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਹਸਪਤਾਲ ਵਿੱਚ ਪ੍ਰਿਅੰਕਾ ਨਾਂ ਦੀ ਅੌਰਤ ਹਾਲੇ ਵੀ ਦਾਖ਼ਲ ਹੈ। ਮੁਹਾਲੀ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀ ਟੀਮ ਦੀ ਮੁਸਤੈਦੀ ਕਾਰਨ ਹੁਣ ਸਥਿਤੀ ਪੂਰੀ ਤਰ੍ਹਾਂ ਦਾ ਕਾਬੂ ਹੇਠ ਹੈ। ਦੇਰ ਰਾਤ ਤੱਕ ਐਸਡੀਐਮ ਜਗਦੀਪ ਸਹਿਗਲ ਮੌਕੇ ’ਤੇ ਤਾਇਨਾਤ ਰਹਿ ਕੇ ਮੋਰਚਾ ਸੰਭਾਲਿਆ।
ਉਧਰ, ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਲਘਰ ਬਲੌਂਗੀ ਦਾ ਦੌਰਾ ਕਰਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਪਾਣੀ ਦੀ ਟੈਂਕੀ ਵਾਲੀ ਥਾਂ ’ਤੇ ਬੇਸੁਮਾਰ ਗੰਦਗੀ ਪਸਰੀ ਹੋਣ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਤੁਰੰਤ ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬਲੌਂਗੀ ਦੀ ਜਲ ਸਪਲਾਈ ਦਾ ਕੰਮ ਪੰਚਾਇਤ ਅਧੀਨ ਹੈ। ਨਵੀਂ ਪੰਚਾਇਤ ਵੱਲੋਂ ਹਾਲੇ ਚਾਰਜ ਨਹੀਂ ਲਿਆ ਹੈ। ਜਿਸ ਕਾਰਨ ਜਲ ਸਪਲਾਈ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਘਰਾਂ ਵਿੱਚ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਟੈਂਕੀਆਂ ਦੀ ਜਾਂਚ ਲਈ ਉਹ ਜਲ ਸਪਲਾਈ ਵਿਭਾਗ ਦੇ ਮੰਤਰੀ ਨੂੰ ਪੱਤਰ ਲਿਖਣਗੇ ਅਤੇ ਬਲੌਂਗੀ ਹਾਦਸੇ ਦੀ ਜਾਂਚ ਕਰਵਾਈ ਜਾਵੇਗੀ।
ਇਸ ਮੌਕੇ ਟਿਊਬਵੈੱਲ ਅਪਰੇਟਰ ਵਿਨੋਦ ਕੁਮਾਰ ਅਤੇ ਜੁਗੜੀ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਫੋਨ ਕੀਤਾ ਸੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਸਿਲੰਡਰ ਬੰਦ ਕਰਨ ਲੱਗਿਆ ਉਹ ਵੀ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਗਏ ਸੀ। ਇਕ ਸਾਬਕਾ ਪੰਚ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਸਾਬਕਾ ਸਰਪੰਚ ਭਿੰਦਰਜੀਤ ਕੌਰ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਨੇ ਫਾਇਰ ਬ੍ਰਿਗੇਡ ਅਤੇ ਪੁਲੀਸ ਦੀ ਮਦਦ ਨਾਲ ਗੈਸ ਸਿਲੰਡਰ ਨੂੰ ਕਾਫੀ ਦੂਰ ਲਿਜਾ ਕੇ ਡੂੰਘੇ ਖੱਡੇ ਵਿੱਚ ਦੱਬਣ ਸਮੇਂ ਉਹ ਵੀ ਬੇਹੋਸ਼ ਹੋ ਗਏ ਸੀ। ਉਨ੍ਹਾਂ ਨੂੰ ਤੁਰੰਤ ਸੈਕਟਰ-16 ਹਸਪਤਾਲ ਵਿੱਚ ਲਿਜਾਇਆ ਗਿਆ।
ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਬਲੌਂਗੀ ਵਿੱਚ ਪਾਣੀ ਦੀ ਟੈਂਕੀ ਵਿੱਚ ਕਲੋਰੀਨ ਗੈਸ ਲੀਕ ਹੋਣ ਕਾਰਨ 50 ਤੋਂ ਵੱਧ ਵਿਅਕਤੀ ਬੇਹੋਸ਼ੀ ਦੀ ਆਲਮ ਵਿੱਚ ਚਲੇ ਗਏ। ਟੈਂਕੀ ਦੇ ਪਾਣੀ ਨੂੰ ਸਾਫ਼ ਕਰਨ ਲਈ ਮਿਲਾਈ ਜਾਂਦੀ ਕਲੋਰੀਨ ਗੈਸ ਦੀ ਪਾਈਪ ਲੀਕ ਹੋਣ ਕਾਰਨ ਗੈਸ ਰਿਸਣੀ ਸ਼ੁਰੂ ਹੋ ਗਈ ਸੀ। ਜਿਸ ਕਾਰਨ ਟੈਂਕੀ ਨੇੜਲੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਹ ਆਉਣਾ ਅੌਖਾ ਹੋ ਗਿਆ। ਸੂਚਨਾ ਮਿਲਦੇ ਹੀ ਐਸਡੀਐਮ ਜਗਦੀਪ ਸਹਿਗਲ ਦੀ ਅਗਵਾਈ ਵਿੱਚ ਫਾਇਰ ਬ੍ਰਿਗੇਡ, ਪੁਲੀਸ ਅਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਬਲੌਂਗੀ ਥਾਣਾ ਦੇ ਐਸਐਚਓ ਅਮਰਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅਨਾਊਸਮੈਂਟ ਕਰਵਾ ਕੇ ਪ੍ਰਭਾਵਿਤ ਇਲਾਕੇ ਨੂੰ ਖਾਲੀ ਕਰਵਾਇਆ ਅਤੇ ਫਾਇਰ ਬ੍ਰਿਗੇਡ ਦੀ ਟੀਮ ਪਾਣੀ ਨਾਲ ਕਲੋਰੀਨ ਗੈਸ ਦੇ ਅਸਰ ਨੂੰ ਬੇਅਸਰ ਕੀਤਾ।