
ਚਰਚ ਐਸੋਸੀਏਸ਼ਨ ਮੁਹਾਲੀ ਨੇ ਖੂਨਦਾਨ ਕੈਂਪ ਲਾਇਆ, 28 ਵਲੰਟੀਅਰਾਂ ਨੇ ਕੀਤਾ ਖੂਨਦਾਨ
ਨਬਜ਼-ਏ-ਪੰਜਾਬ, ਮੁਹਾਲੀ, 28 ਅਪਰੈਲ:
ਚਰਚਜ਼ ਐਸੋਸੀਏਸ਼ਨ ਮੁਹਾਲੀ ਵੱਲੋਂ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 28 ਵਲੰਟੀਅਰਾਂ ਨੇ ਖ਼ੂਨਦਾਨ ਕੀਤਾ। ਇਸ ਕੈਂਪ ਦਾ ਉਦਘਾਟਨ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੀਤਾ। ਉਨ੍ਹਾਂ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ, ਸਾਡੇ ਵੱਲੋਂ ਦਾਨ ਵਿੱਚ ਦਿੱਤੀ ਖੂਨ ਦੀ ਇੱਕ ਬੂੱਦ ਨਾਲ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਹੇਠਲੇ ਪੱਧਰ ’ਤੇ ਖੂਨਦਾਨ ਲਹਿਰ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ ਅਤੇ ਨੌਜਵਾਨਾਂ ਦੇ ਨਾਲ-ਨਾਲ ਅੌਰਤਾਂ ਨੂੰ ਵੀ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਚਰਚਜ਼ ਐਸੋਸੀਏਸ਼ਨ ਦੇ ਚੇਅਰਮੈਨ ਅਨਿਲ ਐਸ ਰਾਏ, ਪ੍ਰਧਾਨ ਸ਼ਿੱਜੂ ਫਿਲਿੱਪ, ਸਕੱਤਰ ਰਿਚਰਡ ਡੈਨੀਅਲ, ਕੈਸ਼ੀਅਰ ਪ੍ਰਸਾਦ ਪੌਲ ਅਤੇ ਹੋਰ ਕਮੇਟੀ ਮੈਂਬਰਾਂ ਨੇ ਸਾਰੇ ਭਾਗੀਦਾਰਾਂ, ਸੇਵਾਦਾਰਾਂ, ਮੈਡੀਕਲ ਸਟਾਫ਼ ਅਤੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ।