ਜ਼ਿਲ੍ਹਾ ਪੁਲੀਸ ਵੱਲੋਂ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਜਾਅਲੀ ਚੇਅਰਮੈਨ ਤੇ ਸਾਥੀ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਭਾਰਤ ਸਰਕਾਰ ਦੇ ਜਾਅਲੀ ਸਟਿੱਕਰ ਵਾਲੀ ਗੱਡੀ, ਪੁਲੀਸ ਦੀਆਂ ਵਰਦੀਆਂ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਰੇਲਵੇ ਵਿੱਚ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਕਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਜਾਅਲੀ ਚੇਅਰਮੈਨ ਅਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਾਤ ਹਾਸਲ ਕੀਤੀ ਹੈ। ਅੱਜ ਇੱਥੇ ਇਸ ਗੱਲ ਦਾ ਖੁਲਾਸਾ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਮੁਲਜ਼ਮਾਂ ਨੂੰ ਗੁਪਤ ਸੂਚਨਾ ’ਤੇ ਕਾਬੂ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਗੋਤਮ ਕੁਮਾਰ ਉਰਫ਼ ਰਾਜਪੂਤ ਵਾਸੀ ਹਰਮਿਲਾਪ ਨਗਰ, ਬਲਟਾਣਾ (ਜ਼ੀਰਕਪੁਰ) ਹਾਲ ਵਾਸੀ ਮਾਡਰਨ ਵੈਲੀ ਮੋਰਿੰਡਾ ਰੋਡ ਖਰੜ ਅਤੇ ਚੁੰਨੀ ਲਾਲ ਵਾਸੀ ਰੱਤਪੁਰ ਕਲੋਨੀ, ਪਿੰਜੋਰ ਆਪਸ ਵਿੱਚ ਮਿਲ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਗੁਮਰਾਹ ਕਰਕੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ਼) ਵਿੱਚ ਵੱਖ-ਵੱਖ ਰੈਂਕ ’ਤੇ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਮੋਟੀਆਂ ਰਕਮਾਂ ਵਸੂਲ ਕਰਦੇ ਹਨ। ਮੁਲਜ਼ਮ ਗੌਤਮ ਕੁਮਾਰ ਨੂੰ ਇੰਨਡੈਵਰ ਗੱਡੀ ਸਮੇਤ ਮਾਡਰਨ ਵੈਲੀ ਤੋਂ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਉਸਦੇ ਸਾਥੀ ਚੁੰਨੀ ਲਾਲ ਨੂੰ ਛਾਪੇਮਾਰੀ ਕਰਕੇ ਪਿੰਜੋਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੌਤਮ ਉਰਫ਼ ਰਾਜਪੂਤ ਪਹਿਲਾਂ ਰੇਲਵੇ ਵਿਭਾਗ ਅੰਬਾਲਾ ਕੈਂਟ ਵਿਖੇ ਡੀਆਰਐਮ ਨਾਲ ਕੰਨਟ੍ਰੈਕਟ ਤੇ ਸਟੈਨੋ ਦੀ ਨੌਕਰੀ ਕਰਦਾ ਸੀ। ਇਸ ਕਰਕੇ ਉਹ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ਼) ਦੀ ਭਰਤੀ ਸਬੰਧੀ ਪੂਰੀ ਜਾਣਕਾਰੀ ਰੱਖਦਾ ਸੀ ਅਤੇ ਚੁੰਨੀ ਲਾਲ ਸੰਨ 1999 ਤੋਂ ਪਿੰਜੋਰ ਵਿੱਚ ਆਪਣਾ ਪ੍ਰਾਈਮ ਕੰਪਿਊਟਰ ਸੈਂਟਰ ਚਲਾਉਂਦਾ ਸੀ।
ਦੋਵੇਂ ਮੁਲਜ਼ਮ ਉਕਤ ਕੰਪਿਊਟਰ ਸੈਂਟਰ ਵਿੱਚ ਇੰਟਰਨੈੱਟ ਦੀ ਵਰਤੋਂ ਕਰਕੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ਼) ਦੀ ਭਰਤੀ ਸਬੰਧੀ ਜਾਅਲੀ ਨੋਟੀਫਿਕੇਸ਼ਨ, ਸਿਲੇਬਸ, ਫਿਜੀਕਲ ਟੈਸਟ, ਮੈਡੀਕਲ ਟੈੱਸਟ ਅਤੇ ਲਿਖਤੀ ਪ੍ਰੀਖਿਆ ਦੇ ਰੋਲ ਨੰਬਰ, ਓਐਮਆਰ ਸ਼ੀਟ, ਫਾਈਨਲ ਸਿਲੈੱਕਸ਼ਨ ਲਿਸਟ, ਜੁਆਇਨਿੰਗ ਲੈਟਰ, ਆਈਡੀ ਕਾਰਡ ਤਿਆਰ ਕਰਕੇ ਉਸ ਉੱਤੇ ਆਰਪੀਐਫ/ਭਾਰਤੀ ਰੇਲਵੇ ਦਾ ਜਾਅਲੀ ਲੋਗੋ, ਜਾਅਲੀ ਮੋਹਰਾਂ ਤਿਆਰ ਕਰਕੇ ਦਸਤਾਵੇਜ਼ਾਂ ਉੱਤੇ ਆਪਣੇ ਦਸਖ਼ਤ ਸਕੈਨ ਕਰਕੇ ਲਗਾਉਂਦੇ ਸਨ ਅਤੇ ਫਾਇਲ ਤਿਆਰ ਕਰਕੇ ਭੋਲੇ-ਭਲਾ ਨੌਜਵਾਨਾ ਦੇ ਹੱਥ ਵਿੱਚ ਦੇ ਦਿੰਦੇ ਸਨ ਅਤੇ ਉਨ੍ਹਾਂ ਦਾ ਪ੍ਰਾਈਵੇਟ ਕਲੀਨਿਕਾਂ ਵਿੱਚ ਮੈਡੀਕਲ ਵੀ ਕਰਵਾਉਂਦੇ ਸਨ। ਜਿਸ ਦੀ 25 ਹਜ਼ਾਰ ਰੁਪਏ ਵੱਖਰੇ ’ਤੇ ਫੀਸ ਵਸੂਲ ਕੀਤੀ ਜਾਂਦੀ ਸੀ। ਮੁਲਜ਼ਮਾਂ ਨੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ਼) ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਇੰਸਪੈਕਟਰ, ਐਸਆਈ, ਏਐਸਆਈ ਅਤੇ ਹੋਰ ਰੈਂਕ ’ਤੇ ਭਰਤੀ ਕਰਵਾਉਂਦੇ ਸਨ ਅਤੇ ਸਿਲਾਈ ਕੀਤੀਆਂ ਹੋਈਆ ਵਰਦੀਆ ਵੀ ਖ਼ੁਦ ਮੁਹੱਈਆ ਕਰਵਾਉਂਦੇ ਸਨ।
ਮੁਲਜ਼ਮਾਂ ਨੇ ਹਰਿੰਦਰ ਸਿੰਘ ਵਾਸੀ ਗੂਨੋਮਾਜਰਾ (ਮੁਹਾਲੀ) ਕੋਲੋਂ 4 ਲੱਖ 50 ਹਜ਼ਾਰ ਰੁਪਏ ਵਸੂਲ ਕਰਕੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ਼) ਵਿੱਚ ਏਐਸਆਈ ਰੈਂਕ ਦਾ ਜਾਅਲੀ ਆਈਡੀ ਕਾਰਡ ਤੇ ਜੁਆਈਨਿੰਗ ਲੈਟਰ ਵੀ ਤਿਆਰ ਕਰਕੇ ਦਿੱਤਾ ਸੀ ਅਤੇ ਸਿਲਾਈ ਕੀਤੀ ਹੋਈ ਵਰਦੀ ਉਸ ਨੂੰ ਲੁਭਾਉਣ ਲਈ ਦਿਖਾਉਂਦੇ ਰਹਿੰਦੇ ਸਨ ਅਤੇ ਉਨ੍ਹਾਂ ਨੇ ਹਰੀ ਓਮ ਵਾਸੀ ਯੂਪੀ ਕੋਲੋਂ ਵੀ ਐਸਆਈ ਰੈਂਕ ’ਤੇ ਭਰਤੀ ਕਰਵਾਉਣ ਲਈ ਸਾਢੇ 4 ਲੱਖ ਰੁਪਏ ਵਸੂਲ ਕੀਤੇ ਹਨ।
ਮੁਲਜ਼ਮ, ਬੇਰੁਜ਼ਗਾਰ ਨੌਜਵਾਨਾਂ ਨੂੰ ਰੇਲਵੇ ਸਟੇਸ਼ਨਾ ਤੇ ਜਾਅਲੀ ਕੰਨਟੈਕਟ ਤੇ ਲੈਬਰ ਦਾ ਕੰਮ ਵੀ ਮੁਹੱਈਆ ਕਰਵਾਉਂਦੇ ਸਨ। ਜਿਨ੍ਹਾਂ ਨੇ ਗੁਰਦੇਵ ਕੁਮਾਰ, ਲਛਮਣ, ਪ੍ਰਦੀਪ ਵਾਸੀਆਨ ਆਗਰਾ ਯੂਪੀ ਅਤੇ ਮਨੀਸ਼ ਵਾਸੀ ਅੰਮ੍ਰਿਤਸਰ ਤੋਂ ਵੀ 25-25 ਹਜਾਰ ਰੁਪਏ ਲੈ ਕੇ ਆਪਣੇ ਇੱਕ ਹੋਰ ਸਾਥੀ ਹਿਮਾਂਸੂ ਜੋ ਰੇਲਵੇ ਵਿੱਚ ਠੇਕੇਦਾਰ ਸੀ, ਜਿਸ ਨੇ 5 ਸਾਲ ਦਾ ਜਾਅਲੀ ਐਗਰੀਮੈਂਟ ਤਿਆਰ ਕੀਤਾ ਹੋਇਆ ਸੀ ਨਾਲ ਮਿਲ ਕੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਨੌਜਵਾਨਾਂ 5 ਸਾਲ ਦਾ ਐਗਰੀਮੈਂਟ ਤੇ ਜਾਅਲੀ ਜੁਆਇਨਿੰਗ ਲੈਟਰ ਤਿਆਰ ਕਰਕੇ ਦਿੰਦੇ ਸਨ ਅਤੇ ਉਨ੍ਹਾਂ ਕੋਲੋਂ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਢੋਆ-ਢੁਆਈ ਦਾ ਕੰਮ ਦੋ ਮਹੀਨੇ ਕਰਵਾ ਕੇ ਉਨ੍ਹਾਂ ਨੂੰ ਆਪਣੇ ਤੌਰ ’ਤੇ 25-25 ਹਜ਼ਾਰ ਰੁਪਏ ਤਨਖ਼ਾਹ ਦਿੰਦੇ ਸੀ। ਇਨ੍ਹਾਂ ਨੌਜਵਾਨਾਂ ਤੋਂ ਗੌਤਮ ਉਰਫ਼ ਰਾਜਪੂਤ 15-15 ਹਜ਼ਾਰ ਰੁਪਏ ਬਤੌਰ ਕਮਿਸ਼ਨ ਲੈਂਦਾ ਸੀ।

ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਚਿੱਟੇ ਰੰਗ ਦੀ ਇਨਡੈਵਰ ਕਾਰ ਬਰਾਮਦ ਕੀਤੀ ਹੈ। ਜਿਸ ਦੇ ਬੋਨਟ ਉੱਤੇ ਲਾਲ ਅੱਖਰਾਂ ਵਿੱਚ ਭਾਰਤ ਸਰਕਾਰ ਲਿਖਿਆ ਹੋਇਆ ਹੈ। ਨੰਬਰ ਪਲੇਟ ਵੀ ਵੀਆਈਪੀ ਲਗਾਈ ਹੋਈ ਹੈ। ਮੁਲਜ਼ਮਾਂ ਕੋਲੋਂ ਰੇਲਵੇ ਇੰਸਪੈਕਟਰ, ਸਬ ਇੰਸਪੈਕਟਰ, ਏਐਸਆਈ ਅਤੇ ਹੋਰ ਰੈਂਕ ਦੀਆਂ ਸਿਲਾਈ ਕੀਤੀਆਂ ਵਰਦੀਆਂ, ਖਾਕੀ ਕਵਰ, 6 ਜਾਅਲੀ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਗੋਰਖਧੰਦੇ ਵਿੱਚ ਸ਼ਾਮਲ ਹੋਰਨਾਂ ਵਿਅਕਤੀਆਂ ਬਾਰੇ ਪਤਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਖਰੜ ਸਿਟੀ ਥਾਣੇ ਵਿੱਚ ਧਾਰਾ 419,420,465,467,468, 471,170,171 ਤਹਿਤ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…