ਸੀਆਈਏ ਸਟਾਫ਼ ਵੱਲੋਂ ਨਸ਼ਾ ਤਸਕਰਾਂ ਕੋਲੋਂ 5 ਕਰੋੜ ਦੀ ਹੈਰੋਇਨ ਜ਼ਬਤ

ਸਨਅਤੀ ਏਰੀਆ ਫੇਜ਼-7 ’ਚੋਂ ਸਿਰਸਾ ਦੀ ਅੌਰਤ ਤੇ ਸਾਥੀ ਗ੍ਰਿਫ਼ਤਾਰ, ਬਾਕੀ ਸਾਥੀ ਵੀ ਕੀਤੇ ਕਾਬੂ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਮੁਹਾਲੀ ਪੁਲੀਸ ਵੱਲੋਂ ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਦੋ ਵੱਖ-ਵੱਖ ਮਾਮਲਿਆਂ ਵਿੱਚ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਸ ਗੱਲ ਦਾ ਖੁਲਾਸਾ ਕਰਦਿਆਂ ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 5 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਇੱਥੋਂ ਫੇਜ਼-1 ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਗੁਪਤ ਸੂਚਨਾ ’ਤੇ ਸਥਾਨਕ ਸਨਅਤੀ ਏਰੀਆ ਫੇਜ਼-7 ’ਚੋਂ ਜਸਬੀਰ ਕੌਰ ਉਰਫ਼ ਸਿਮਟੀ ਅਤੇ ਸਚਿਨ ਕੁਮਾਰ ਦੋਵੇਂ ਵਾਸੀ ਸਿਰਸਾ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਪੀ ਹਾਂਸ ਨੇ ਦੱਸਿਆ ਕਿ ਮੁਹਾਲੀ ਪੁਲੀਸ ਨੇ ਮੁਲਜ਼ਮਾਂ ਕੋਲੋਂ 1 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੀ ਪੁੱਛਗਿੱਛ ’ਤੇ ਇਕ ਹੋਰ ਵਿਅਕਤੀ ਰਘਬੀਰ ਸਿੰਘ ਵਾਸੀ ਖਰੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੁਲਜ਼ਮ ਕੋਲੋਂ 45 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋ ਬਰਾਮਦ 1 ਕਿੱਲੋਂ 45 ਗਰਾਮ ਹੈਰੋਇਨ ਦੀ ਕੌਮਾਂਤਰੀ ਮਾਰਕੀਟ ਵਿੱਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਕ ਹੋਰ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਨੇ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਟਾਟਾ ਟਰੱਕ ਨੂੰ ਪਿੰਡ ਹਰਲਾਲਪੁਰ-ਜੰਡਪੁਰ ਸੜਕ ਤੋਂ ਆਪਣੇ ਕਬਜ਼ੇ ਵਿੱਚ ਲਿਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਬਲਬੀਰ ਸਿੰਘ ਵਾਸੀ ਪਿੰਡ ਹਰਲਾਲਪੁਰ ਅਤੇ ਗੁਰਨਾਮ ਸਿੰਘ ਗੋਗੀ ਵਾਸੀ ਪਿੰਡ ਜੰਡਪੁਰ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 31 ਕਿੱਲੋਗਰਾਮ ਭੁੱਕੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵੇਂ ਮਾਮਲਿਆਂ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਅੌਰਤ ਅਤੇ ਉਸ ਦਾ ਸਾਥੀ ਦਿੱਲੀ ਵਿੱਚ ਰਹਿੰਦੇ ਇਕ ਨਾਇਜੀਰੀਅਨ ਤੋਂ ਸਸਤੇ ਭਾਅ ’ਤੇ ਹੈਰੋਇਨ ਲਿਆ ਕੇ ਮੁਹਾਲੀ ਸਮੇਤ ਟਰਾਈਸਿਟੀ ਵਿੱਚ ਮਹਿੰਗੇ ਭਾਅ ’ਤੇ ਵੇਚਦੇ ਸੀ। ਮੁਲਜ਼ਮਾਂ ਨੂੰ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ 8 ਜੂਨ ਤੱਕ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਨਸ਼ਾ ਤਸਕਰੀ ਸਬੰਧੀ ਹੋਰ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …