ਸੀਆਈਏ ਸਟਾਫ਼ ਨੇ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾਈ, ਵਾਹਨ ਚੋਰ ਗਰੋਹ ਦਾ ਪਰਦਾਫਾਸ਼, 3 ਕਾਬੂ

ਮੁਲਜ਼ਮਾਂ ਦੇ ਤਿੰਨ ਫਰਾਰ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ: ਐਸਐਸਪੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਜਸਪ੍ਰੀਤ ਸਿੰਘ ਉਰਫ਼ ਬਿੱਲਾ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਅਤੇ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਪ੍ਰਗਟ ਸਿੰਘ ਵਾਸੀ ਪਿੰਡ ਡੀਲਵਾਲ (ਪਟਿਆਲਾ) ਹਾਸਲ ਵਾਸੀ ਸੈਕਟਰ70, ਕਰਮਜੀਤ ਸਿੰਘ ਉਰਫ਼ ਲੱਕੀ ਵਾਸੀ ਪਿੰਡ ਜਲਾਲਪੁਰ (ਪਟਿਆਲਾ) ਅਤੇ ਸਤਵੰਤ ਸਿੰਘ ਉਰਫ਼ ਬਿੱਟੂ ਵਾਸੀ ਪੱਕਾ ਦਰਵਾਜਾ ਲਲੋਛੀ (ਪਟਿਆਲਾ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਸ ਗੱਲ ਦਾ ਖੁਲਾਸਾ ਕਰਦਿਆਂ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸੋਹਾਣਾ ਥਾਣੇ ਵਿੱਚ ਦਰਜ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਤਿੰਨ ਸਾਥੀ ਲਵਪ੍ਰੀਤ ਸਿੰਘ ਵਾਸੀ ਪਿੰਡ ਨਾਗੋਕੋ (ਤਰਨਤਾਰਨ), ਨਵਦੀਪ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਸ਼ਾਦੀਪੁਰ (ਪਟਿਆਲਾ) ਅਤੇ ਰਣਜੀਤ ਸਿੰਘ ਵਾਸੀ ਪਟਿਆਲਾ ਹਾਲੇ ਫਰਾਰ ਹਨ। ਜਿਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਐਸਐਸਪੀ ਨੇ ਦੱਸਿਆ ਕਿ ਪਿਛਲੇ ਸਾਲ 9 ਦਸੰਬਰ ਨੂੰ ਇੱਥੋਂ ਦੇ ਸੈਕਟਰ-86 (ਪਿੰਡ ਨਾਨੂੰਮਾਜਰਾ) ਸੜਕ ’ਤੇ ਇੱਕ ਗੱਡੀ ’ਚੋਂ ਲਾਸ਼ ਮਿਲੀ ਸੀ। ਜਿਸ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਨਿਊ ਇੰਦਰਾ ਕਲੋਨੀ, ਮਨੀਮਾਜਰਾ ਵਜੋਂ ਹੋਈ ਸੀ। ਇਸ ਸਬੰਧੀ ਸੋਹਾਣਾ ਥਾਣਾ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302, 34 ਆਈਪੀਸੀ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਦੀ ਪੈੜ ਨੱਪਣ ਲਈ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਮੁਹਾਲੀ ਦੇ ਸਬ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਸ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਅਤੇ ਵਾਹਨ ਚੋਰ ਗਰੋਹ ਦੇ ਤਿੰਨ ਮੈਂਬਰਾਂ ਪ੍ਰਗਟ ਸਿੰਘ, ਕਰਮਜੀਤ ਸਿੰਘ ਉਰਫ਼ ਲੱਕੀ, ਸਤਵੰਤ ਸਿੰਘ ਉਰਫ਼ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਐਸਐਸਪੀ ਨੇ ਦੱਸਿਆ ਕਿ ਪ੍ਰਗਟ ਸਿੰਘ, ਲਵਪ੍ਰੀਤ ਉਰਫ਼ ਲਵ ਅਤੇ ਨਵਦੀਪ ਸਿੰਘ ਉਰਫ਼ ਬਿੱਲਾ ਨਾਮਜ਼ਦ ਕੀਤੇ ਗਏ ਸੀ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਟਰਾਈ ਸਿਟੀ ਵਿੱਚ ਗੋਲਡ ਟੈਸਟਿੰਗ ਲੈਬ ਸੈਕਟਰ-23 ਵਿੱਚ ਚਾਰ ਅਣਪਛਾਤੇ ਨੌਜਵਾਨਾਂ ਵੱਲੋਂ ਗੰਨ ਪੁਆਇੰਟ ’ਤੇ ਸੋਨਾ ਤੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਅਤੇ ਲੈਬ ਵਿੱਚ ਹੱਥੋਪਾਈ ਹੋਣ ਕਾਰਨ ਦੋ ਨੌਜਵਾਨਾਂ ਨੇ ਫਾਇਰਿੰਗ ਕੀਤੀ ਗਈ ਸੀ। ਜਿਸ ਵਿੱਚ ਸੰਜੇ ਕੁਮਾਰ ਜ਼ਖ਼ਮੀ ਹੋ ਗਿਆ ਸੀ ਜਦੋਂਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਜਿਨ੍ਹਾਂ ਖ਼ਿਲਾਫ਼ ਧਾਰਾ 307,392,511,34 ਅਤੇ ਅਸਲਾ ਐਕਟ ਅਧੀਨ ਥਾਣਾ ਸੈਕਟਰ-17 ਚੰਡੀਗੜ੍ਹ ਵੱਖਰਾ ਕੇਸ ਦਰਜ ਹੈ। ਇਸ ਤੋਂ ਪਹਿਲਾ ਵੀ ਮੁਲਜ਼ਮਾਂ ਵੱਲੋਂ 11 ਨਵੰਬਰ 2020 ਨੂੰ ਸੈਕਟਰ-82 ਤੋਂ ਗੰਨ ਪੁਆਇੰਟ ’ਤੇ ਇੰਡੀਵਰ ਕਾਰ ਖੋਹ ਕੇ ਫਰਾਰ ਹੋ ਗਏ ਸੀ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਵੱਖਰਾ ਕੇਸ ਦਰਜ ਹੈ। ਇਸ ਮਾਮਲੇ ਵਿੱਚ ਪ੍ਰਗਟ ਸਿੰਘ ਨੂੰ ਗੁੜਗਾਓ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਨੇ ਪੁੱਛਗਿੱਛ ਵਿੱਚ ਦੱਸਿਆ ਕਿ 9 ਦਸੰਬਰ 2020 ਨੂੰ ਸੈਕਟਰ-23 ਸੁਨਿਆਰੇ ਦੀ ਦੁਕਾਨ ਵਿੱਚ ਲੁੱਟਖੋਹ ਕਰਨ ਵਿੱਚ ਕੋਸ਼ਿਸ਼ ਕੀਤੀ ਗਈ। ਜਸਪ੍ਰੀਤ ਸਿੰਘ ਉਰਫ਼ ਬਿੱਲਾ ਨੂੰ ਸੁਨਿਆਰੇ ਨੇ ਪਛਾਣ ਲਿਆ ਸੀ। ਜਿਸ ਕਾਰਨ ਉਨ੍ਹਾਂ ਨੇ ਪੁਲੀਸ ਤੋਂ ਬਚਨ ਅਤੇ ਆਪਣੀ ਪਛਾਣ ਲੁਕਾਉਣ ਲਈ ਸੈਕਟਰ-86 ਵਿੱਚ ਜਸਪ੍ਰੀਤ ਸਿੰਘ ਉਰਫ਼ ਬਿੱਲਾ ਨੂੰ ਗੋਲੀ ਮਾਰ ਦਿੱਤੀ ਸੀ।
ਪ੍ਰਗਟ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਲਵਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਉਰਫ਼ ਬਿੱਲਾ ਗੱਡੀਆਂ ਖੋਹ ਦੀਆਂ ਵਾਰਦਾਤਾਂ ਕਰਦੇ ਸਨ ਅਤੇ ਉਹ ਅੱਗੇ ਕਰਮਜੀਤ ਸਿੰਘ ਉਰਫ਼ ਲੱਕੀ ਅਤੇ ਸਤਵੰਤ ਸਿੰਘ ਉਰਫ਼ ਬਿੱਟੂ ਨੂੰ ਵੇਚ ਦਿੰਦੇ ਸਨ। ਜਿਨ੍ਹਾਂ ਦਾ ਇੱਕ ਹੋਰ ਸਾਥੀ ਰਣਜੀਤ ਸਿੰਘ ਵਾਸੀ ਪਿੰਡ ਸ਼ਹਿਬਾਜਪੁਰ (ਪਟਿਆਲਾ) ਨਾਲ ਮਿਲ ਕੇ ਚਾਸੀ ਨੰਬਰ ਤੇ ਇੰਜਨ ਨੰਬਰ ਟੈਂਪਰ ਕਰਕੇ ਅੱਗੇ ਲੋਕਾਂ ਨੂੰ ਵੇਚਦੇ ਸਨ। ਪ੍ਰਗਟ ਸਿੰਘ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਦੀ ਪਛਾਣ ਕਰਮਜੀਤ ਸਿੰਘ ਉਰਫ਼ ਲੱਕੀ ਅਤੇ ਸਤਵੰਤ ਸਿੰਘ ਉਰਫ਼ ਬਿੱਟੂ ਵਜੋਂ ਹੋਈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਖੋਹ ਕੀਤੀ ਇੰਡੀਵਰ ਕਾਰ ਸਮੇਤ 8 ਹੋਰ ਲਗਜ਼ਰੀ ਕਾਰਾਂ ਅਤੇ 1 ਬੂਲਟ ਮੋਟਰ ਸਾਈਕਲ ਬਰਾਮਦ ਕੀਤੇ ਗਏ ਹਨ। ਰਣਜੀਤ ਸਿੰਘ ਦੀ ਮੇਰਠ ਦੇ ਇੱਕ ਮਕੈਨਿਕ ਨਾਲ ਜਾਣ ਪਛਾਣ ਸੀ। ਜਿਸ ਕੋਲੋਂ ਗੱਡੀਆਂ ਦਾ ਚਾਸੀ ਨੰਬਰ ਟੈਂਪਰ ਕਰਵਾਉਂਦੇ ਸਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…