
ਸੀਆਈਡੀ ਮੁਲਾਜ਼ਮ ਕਤਲਕਾਂਡ: ਮੁਲਜ਼ਮ ਦੋਸਤ ਨੂੰ ਪਟਿਆਲਾ ਜੇਲ੍ਹ ਭੇਜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ (ਇੰਟੈਲੀਜੈਂਸ ਵਿੰਗ) ਦੇ ਮੁੱਖ ਦਫ਼ਤਰ ਵਿੱਚ ਤਾਇਨਾਤ ਸੀਨੀਅਰ ਸਹਾਇਕ ਕੁਲਵਿੰਦਰ ਸਿੰਘ (50) ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਮੁਹਾਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਮ੍ਰਿਤਕ ਦੇ ਦੋਸਤ ਇਕਬਾਲ ਸਿੰਘ ਵਾਸੀ ਧੂਰੀ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਸ਼ੁੱਕਰਵਾਰ ਨੂੰ ਦੁਬਾਰਾ ਮੁਹਾਲੀ ਦੀ ਜੁਡੀਸ਼ਲ ਮੈਜਿਸਟਰੇਟ ਹਰਜਿੰਦਰ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਇਕਬਾਲ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਸੀਆਈਡੀ ਦਫ਼ਤਰ ਵਿੱਚ ਤਾਇਨਾਤ ਮਹਿਲਾ ਮੁਲਾਜ਼ਮ ਸ਼ੀਤਲ ਸ਼ਰਮਾ ਨੂੰ ਪਿਛਲੇ ਦਿਨੀਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜਿਆਂ ਜਾ ਚੁੱਕਾ ਹੈ। ਮੁਲਜ਼ਮ ਇਕਬਾਲ ਅਤੇ ਮੁਲਜ਼ਮ ਸ਼ੀਤਲ ਸ਼ਰਮਾ ਦੀਆਂ ਬੇਟੀਆਂ ਅੰਮ੍ਰਿਤਸਰ ਯੂਨੀਵਰਸਿਟੀ ਵਿੱਚ ਇਕੱਠੀਆਂ ਪੜ੍ਹਦੀਆਂ ਹਨ ਅਤੇ ਹੋਸਟਲ ਵਿੱਚ ਇਕੋ ਕਮਰੇ ਵਿੱਚ ਰਹਿੰਦੀਆਂ ਹਨ। ਯੂਨੀਵਰਸਿਟੀ ਬੱਚਿਆਂ ਨੂੰ ਮਿਲਣ ਲਈ ਆਉਣ ਜਾਣ ਕਾਰਨ ਦੋਵਾਂ ਦੀ ਮੁਲਾਕਾਤ ਹੋ ਗਈ ਅਤੇ ਬਾਅਦ ਵਿੱਚ ਇਹ ਮੁਲਾਕਾਤਾਂ ਦੋਸਤੀ ਵਿੱਚ ਬਦਲ ਗਈਆਂ। ਉਂਜ ਉਨ੍ਹਾਂ ਦੀ ਦੋਸਤੀ ਕਰਵਾਉਣ ਵਿੱਚ ਵਿਚੋਲਗੀ ਕਰਨ ਲਈ ਸੀਆਈਡੀ ਦਫ਼ਤਰ ਦੇ ਇਕ ਹੌਲਦਾਰ ਦੀ ਸ਼ੱਕੀ ਭੂਮਿਕਾ ਵੀ ਸਾਹਮਣੇ ਆਈ ਹੈ।
ਜਾਂਚ ਅਧਿਕਾਰੀ ਸਬ ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਮ੍ਰਿਤਕ ਕੁਲਵਿੰਦਰ ਸਿੰਘ ਕੋਲੋਂ ਕੁਝ ਸਮਾਂ ਪਹਿਲਾਂ 10 ਲੱਖ ਰੁਪਏ ਉਧਾਰੇ ਲਏ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਧੂਰੀ ਸਥਿਤ ਆਈਸੀਆਈਸੀਆਈ ਬੈਂਕ ਅਤੇ ਯੂਨੀਅਨ ਆਫ਼ ਇੰਡੀਆ ਖਾਤਿਆਂ ਦੀ ਜਾਂਚ ਕੀਤੀ। ਜਾਂਚ ਦੌਰਾਨ ਯੂਨੀਅਨ ਬੈਂਕ ਦੇ ਖਾਤੇ ਵਿੱਚ ਸਿਰਫ਼ 39 ਰੁਪਏ ਅਤੇ ਆਈਸੀਆਈਸੀਆਈ ਬੈਂਕ ਖਾਤੇ ਵਿੱਚ 13 ਕੁ ਹਜ਼ਾਰ ਰੁਪਏ ਜਮ੍ਹਾ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਕੁਲਵਿੰਦਰ ਕੋਲੋਂ ਕੁਝ ਸਮਾਂ ਪਹਿਲਾਂ ਉਧਾਰੇ ਲਏ 10 ਲੱਖ ਰੁਪਏ ਯੂਨੀਅਨ ਬੈਂਕ ਵਿੱਚ ਜਮ੍ਹਾ ਕਰਵਾਏ ਸੀ ਪ੍ਰੰਤੂ ਬਾਅਦ ਉਸ ਨੇ ਇਹ ਪੈਸੇ ਕੱਢਵਾ ਕੇ ਖਰਚ ਲਏ ਹਨ। ਪੁਲੀਸ ਅਨੁਸਾਰ ਮੁਲਜ਼ਮ ਨੇ ਆਪਣੇ ਸਿਰ ’ਤੇ ਚੜ੍ਹਿਆਂ ਕਰਜ਼ਾ\ਲੋਕਾਂ ਦੀਆਂ ਦੇਣਦਾਰੀਆਂ ਦਾ ਹਿਸਾਬ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸੀਸੀਆਈ ਦਫ਼ਤਰੀ ਮੁਲਾਜ਼ਮ ਕੁਲਵਿੰਦਰ ਸਿੰਘ ਹੋਲੀ ਵਾਲੀ ਸ਼ਾਮ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਸੀ ਅਤੇ ਅਗਲੇ ਦਿਨ ਸਵੇਰੇ ਮੁਹਾਲੀ ਹਵਾਈ ਅੱਡਾ ਚੌਕ ਤੋਂ ਪਿੰਡ ਦੈੜੀ ਨੂੰ ਜਾਂਦੀ ਮੁੱਖ ਸੜਕ ਕਿਨਾਰੇ ਝਾੜੀਆਂ ਪਿੱਛੇ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਲਾਸ਼ ਨੂੰ ਬੰਨ੍ਹ ਕੇ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਬੰਦ ਕਰਕੇ ਝਾੜੀਆਂ ਪਿੱਛੇ ਸੁੱਟਿਆਂ ਗਿਆ ਸੀ। ਇਸ ਸਬੰਧੀ ਪੁਲੀਸ ਵੱਲੋਂ ਇਕਬਾਲ ਸਿੰਘ ਅਤੇ ਸ਼ੀਤਲ ਸ਼ਰਮਾ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਪਿਛਲੇ ਦਿਨੀਂ ਮੁਲਜ਼ਮ ਇਕਬਾਲ ਸਿੰਘ ਦੀ ਨਿਸ਼ਾਨਦੇਹੀ ’ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਰਿਟਜ ਕਾਰ ਟੋਡਰ ਮੱਲ ਦੀਵਾਨ ਹਾਲ (ਫਤਹਿਗੜ੍ਹ ਸਾਹਿਬ) ਦੇ ਨੇੜਿਓਂ ਬਰਾਮਦ ਕਰ ਲਈ ਗਈ ਸੀ। ਪ੍ਰੰਤੂ ਖੂਨ ਨਾਲ ਲਿੱਬੜੇ ਕੱਪੜੇ ਮੁਲਜ਼ਮ ਨੇ ਤਰਖਾਣ ਮਾਜਰਾ ਨੇੜੇ ਭਾਖੜਾ ਨਹਿਰ ਵਿੱਚ ਸੁੱਟ ਦਿੱਤੇ ਸਨ। ਮੁਲਜ਼ਮ ਦੀ ਕਾਰ ’ਤੇ ਲੱਗੇ ਖੂਨ ਦੇ ਸੈਂਪਲ ਫੋਰੈਂਸਿਕ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ।