nabaz-e-punjab.com

ਸੀਆਈਡੀ ਮੁਲਾਜ਼ਮ ਕਤਲਕਾਂਡ: ਮੁਲਜ਼ਮ ਦੋਸਤ ਨੂੰ ਮੁੜ ਪੁਲੀਸ ਰਿਮਾਂਡ ’ਤੇ ਭੇਜਿਆ

ਮੁਲਜ਼ਮ ਦੇ ਧੂਰੀ ਸਥਿਤ ਆਈਸੀਆਈਸੀਆਈ ਅਤੇ ਯੂਨੀਅਨ ਬੈਂਕ ਖਾਤਿਆਂ ਦੀ ਕੀਤੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ (ਇੰਟੈਲੀਜੈਂਸ ਵਿੰਗ) ਦੇ ਮੁੱਖ ਦਫ਼ਤਰ ਵਿੱਚ ਤਾਇਨਾਤ ਸੀਨੀਅਰ ਸਹਾਇਕ ਕੁਲਵਿੰਦਰ ਸਿੰਘ (50) ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਮੁਹਾਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਮ੍ਰਿਤਕ ਦੇ ਦੋਸਤ ਇਕਬਾਲ ਸਿੰਘ ਵਾਸੀ ਧੂਰੀ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਬੁੱਧਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਫਿਰ ਤੋਂ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਇਕਬਾਲ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਸੀਆਈਡੀ ਦਫ਼ਤਰ ਵਿੱਚ ਤਾਇਨਾਤ ਮਹਿਲਾ ਮੁਲਾਜ਼ਮ ਸ਼ੀਤਲ ਸ਼ਰਮਾ ਨੂੰ ਬੀਤੇ ਦਿਨੀਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਸੀ।
ਜਾਂਚ ਅਧਿਕਾਰੀ ਸਬ ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੁਲਜ਼ਮ ਇਕਬਾਲ ਸਿੰਘ ਦੇ ਪੁਲੀਸ ਰਿਮਾਂਡ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਕੋਲੋਂ ਮੁਲਜ਼ਮ ਨੇ ਕੁਝ ਸਮਾਂ ਪਹਿਲਾਂ 10 ਲੱਖ ਰੁਪਏ ਉਧਾਰੇ ਲਏ ਸੀ। ਮੁਲਜ਼ਮ ਕੋਲੋਂ ਇਹ ਰਾਸ਼ੀ ਬਰਾਮਦ ਕਰਨੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਧੂਰੀ ਸਥਿਤ ਆਈਸੀਆਈਸੀਆਈ ਬੈਂਕ ਅਤੇ ਯੂਨੀਅਨ ਆਫ਼ ਇੰਡੀਆ ਖਾਤਿਆਂ ਦੀ ਜਾਂਚ ਕੀਤੀ। ਜਾਂਚ ਦੌਰਾਨ ਯੂਨੀਅਨ ਬੈਂਕ ਦੇ ਖਾਤੇ ਵਿੱਚ ਸਿਰਫ਼ 39 ਰੁਪਏ ਅਤੇ ਆਈਸੀਆਈਸੀਆਈ ਬੈਂਕ ਖਾਤੇ ਵਿੱਚ 13 ਕੁ ਹਜ਼ਾਰ ਰੁਪਏ ਜਮ੍ਹਾ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਕੁਲਵਿੰਦਰ ਕੋਲੋਂ ਕੁਝ ਸਮਾਂ ਪਹਿਲਾਂ ਉਧਾਰੇ ਲਏ 10 ਲੱਖ ਰੁਪਏ ਯੂਨੀਅਨ ਬੈਂਕ ਵਿੱਚ ਜਮ੍ਹਾ ਕਰਵਾਏ ਸੀ ਪ੍ਰੰਤੂ ਬਾਅਦ ਉਸ ਨੇ ਇਹ ਪੈਸੇ ਕੱਢਵਾ ਕੇ ਖਰਚ ਲਏ ਹਨ। ਪੁਲੀਸ ਅਨੁਸਾਰ ਮੁਲਜ਼ਮ ਨੇ ਉਸ ਸਿਰ ’ਤੇ ਚੜ੍ਹਿਆਂ ਕਰਜ਼ਾ\ਲੋਕਾਂ ਦੀਆਂ ਦੇਣਦਾਰੀਆਂ ਦਾ ਹਿਸਾਬ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਸ ਕੋਲੋਂ ਉਸ ਦੀਆਂ ਨਾਮੀ ਅਤੇ ਬੇਨਾਮੀ ਜਾਇਦਾਦਾਂ ਦਾ ਪਤਾ ਕਰਨਾ ਹੈ। ਪੁਲੀਸ ਨੇ ਵੀ ਜਾਣਨਾ ਚਾਹੁੰਦੀ ਹੈ ਕਿ ਮੁਲਜ਼ਮ ਇਕਬਾਲ ਨੇ ਕਿਤੇ ਲਾਲਚ ਅਤੇ ਝਾਂਸੇ ਵਿੱਚ ਲੈ ਕੇ ਕੁਲਵਿੰਦਰ ਸਿੰਘ ਤੋਂ ਕਿਸੇ ਜ਼ਮੀਨ ਜਾਇਦਾਦ ਦੀ ਖ਼ਰੀਦੋ ਫ਼ਰੋਖ਼ਤ ਸਬੰਧੀ ਪੂੰਜੀ ਨਿਵੇਸ਼ ਤਾਂ ਨਹੀਂ ਕਰਵਾਈ ਗਈ ਹੈ ਜਾਂ ਉਨ੍ਹਾਂ ਦਾ ਕੋਈ ਸਾਂਝਾ ਪਲਾਟ ਅਤੇ ਹੋਰ ਕਿਸੇ ਕੰਮ ਵਿੱਚ ਹਿੱਸੇਦਾਰੀ ਤਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪਹਿਲੂਆਂ ਬਾਰੇ ਪੁੱਛਗਿੱਛ ਕਰਨੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਪਿਛਲੇ ਦਿਨੀਂ ਮੁਲਜ਼ਮ ਇਕਬਾਲ ਸਿੰਘ ਦੀ ਨਿਸ਼ਾਨਦੇਹੀ ’ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਰਿਟਜ ਕਾਰ ਟੋਡਰ ਮੱਲ ਦੀਵਾਨ ਹਾਲ (ਫਤਹਿਗੜ੍ਹ ਸਾਹਿਬ) ਦੇ ਨੇੜਿਓਂ ਬਰਾਮਦ ਕਰ ਲਈ ਗਈ ਸੀ। ਪ੍ਰੰਤੂ ਖੂਨ ਨਾਲ ਲਿੱਬੜੇ ਕੱਪੜੇ ਮੁਲਜ਼ਮ ਨੇ ਤਰਖਾਣ ਮਾਜਰਾ ਨੇੜੇ ਭਾਖੜਾ ਨਹਿਰ ਵਿੱਚ ਸੁੱਟ ਦਿੱਤੇ ਸਨ। ਮੁਲਜ਼ਮ ਦੀ ਕਾਰ ’ਤੇ ਲੱਗੇ ਖੂਨ ਦੇ ਸੈਂਪਲ ਫੋਰੈਂਸਿਕ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ।
ਜਾਣਕਾਰੀ ਅਨੁਸਾਰ ਸੀਸੀਆਈ ਦਫ਼ਤਰੀ ਮੁਲਾਜ਼ਮ ਕੁਲਵਿੰਦਰ ਸਿੰਘ ਹੋਲੀ ਵਾਲੀ ਸ਼ਾਮ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਸੀ ਅਤੇ ਅਗਲੇ ਦਿਨ ਸਵੇਰੇ ਮੁਹਾਲੀ ਹਵਾਈ ਅੱਡਾ ਚੌਕ ਤੋਂ ਪਿੰਡ ਦੈੜੀ ਨੂੰ ਜਾਂਦੀ ਮੁੱਖ ਸੜਕ ਕਿਨਾਰੇ ਝਾੜੀਆਂ ਪਿੱਛੇ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਲਾਸ਼ ਨੂੰ ਬੰਨ੍ਹ ਕੇ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਬੰਦ ਕਰਕੇ ਝਾੜੀਆਂ ਪਿੱਛੇ ਸੁੱਟਿਆਂ ਗਿਆ ਸੀ। ਇਸ ਸਬੰਧੀ ਪੁਲੀਸ ਵੱਲੋਂ ਇਕਬਾਲ ਸਿੰਘ ਅਤੇ ਸ਼ੀਤਲ ਸ਼ਰਮਾ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …