Share on Facebook Share on Twitter Share on Google+ Share on Pinterest Share on Linkedin ਸੀਆਈਡੀ ਮੁਲਾਜ਼ਮ ਕਤਲਕਾਂਡ: ਮਹਿਲਾ ਮੁਲਾਜ਼ਮ ਨੂੰ ਜੇਲ੍ਹ ਭੇਜਿਆ, ਦੋਸਤ ਦਾ ਦੋ ਰੋਜ਼ਾ ਪੁਲੀਸ ਰਿਮਾਂਡ ਪੰਜਾਬ ਪੁਲੀਸ ਦੀ ਸਰਕਾਰੀ ਫੋਰੈਂਸਿਕ ਲੈਬਾਰਟਰੀ ਦੇ ਮਾਹਰਾਂ ਨੇ ਕਾਰ ’ਤੇ ਲੱਗੇ ਖੂਨ ਦੇ ਸੈਂਪਲ ਲਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ: ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ (ਇੰਟੈਲੀਜੈਂਸ ਵਿੰਗ) ਦੇ ਮੁੱਖ ਦਫ਼ਤਰ ਵਿੱਚ ਤਾਇਨਾਤ ਸੀਨੀਅਰ ਸਹਾਇਕ ਕੁਲਵਿੰਦਰ ਸਿੰਘ (50) ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਮੁਹਾਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਸੀਆਈਡੀ ਦਫ਼ਤਰ ਵਿੱਚ ਤਾਇਨਾਤ ਮਹਿਲਾ ਮੁਲਾਜ਼ਮ ਸ਼ੀਤਲ ਸ਼ਰਮਾ ਅਤੇ ਉਸ ਦੇ ਦੋਸਤ ਇਕਬਾਲ ਸਿੰਘ ਵਾਸੀ ਧੂਰੀ ਨੂੰ ਪਹਿਲਾਂ ਦਿੱਤਾ ਚਾਰ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸ਼ੀਤਲ ਸ਼ਰਮਾ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਜਦੋਂਕਿ ਇਕਬਾਲ ਸਿੰਘ ਦਾ ਦੋ ਦਿਨਾਂ ਲਈ ਪੁਲੀਸ ਰਿਮਾਂਡ ਹੋਰ ਵਧਾ ਦਿੱਤਾ। ਥਾਣਾ ਸੋਹਾਣਾ ਦੇ ਐਸਐਚਓ ਦਲਜੀਤ ਸਿੰਘ ਗਿੱਲ ਅਤੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੁਲਜ਼ਮ ਇਕਬਾਲ ਸਿੰਘ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਕੋਲੋਂ ਮੁਲਜ਼ਮ ਨੇ ਕੁਝ ਸਮਾਂ ਪਹਿਲਾਂ 10 ਲੱਖ ਰੁਪਏ ਉਧਾਰੇ ਲਏ ਸੀ। ਮੁਲਜ਼ਮ ਕੋਲੋਂ ਇਹ ਰਾਸ਼ੀ ਬਰਾਮਦ ਕਰਨੀ ਹੈ। ਇਸ ਤੋਂ ਇਲਾਵਾ ਉਸ ਕੋਲੋਂ ਉਸ ਦੀਆਂ ਨਾਮੀ ਅਤੇ ਬੇਨਾਮੀ ਜਾਇਦਾਦਾਂ ਦਾ ਪਤਾ ਕਰਨਾ ਹੈ। ਪੁਲੀਸ ਨੇ ਵੀ ਜਾਣਨਾ ਚਾਹੁੰਦੀ ਹੈ ਕਿ ਮੁਲਜ਼ਮ ਇਕਬਾਲ ਨੇ ਕਿਤੇ ਲਾਲਚ ਅਤੇ ਝਾਂਸੇ ਵਿੱਚ ਲੈ ਕੇ ਕੁਲਵਿੰਦਰ ਸਿੰਘ ਤੋਂ ਕਿਸੇ ਜ਼ਮੀਨ ਜਾਇਦਾਦ ਦੀ ਖ਼ਰੀਦੋ ਫ਼ਰੋਖ਼ਤ ਸਬੰਧੀ ਪੂੰਜੀ ਨਿਵੇਸ਼ ਤਾਂ ਨਹੀਂ ਕਰਵਾਈ ਗਈ ਹੈ ਜਾਂ ਉਨ੍ਹਾਂ ਦਾ ਕੋਈ ਸਾਂਝਾ ਪਲਾਟ ਅਤੇ ਹੋਰ ਕਿਸੇ ਕੰਮ ਵਿੱਚ ਹਿੱਸੇਦਾਰੀ ਤਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪਹਿਲੂਆਂ ਬਾਰੇ ਪੁੱਛਗਿੱਛ ਕਰਨੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਸੀਆਈ ਦਫ਼ਤਰੀ ਮੁਲਾਜ਼ਮ ਕੁਲਵਿੰਦਰ ਸਿੰਘ ਹੋਲੀ ਵਾਲੀ ਸ਼ਾਮ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਸੀ ਅਤੇ ਅਗਲੇ ਦਿਨ ਸਵੇਰੇ ਮੁਹਾਲੀ ਹਵਾਈ ਅੱਡਾ ਚੌਕ ਤੋਂ ਪਿੰਡ ਦੈੜੀ ਨੂੰ ਜਾਂਦੀ ਮੁੱਖ ਸੜਕ ਕਿਨਾਰੇ ਝਾੜੀਆਂ ਪਿੱਛੇ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਲਾਸ਼ ਨੂੰ ਬੰਨ੍ਹ ਕੇ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਬੰਦ ਕਰਕੇ ਝਾੜੀਆਂ ਪਿੱਛੇ ਸੁੱਟਿਆਂ ਗਿਆ ਸੀ। ਇਸ ਸਬੰਧੀ ਪੁਲੀਸ ਵੱਲੋਂ ਇਕਬਾਲ ਸਿੰਘ ਅਤੇ ਸ਼ੀਤਲ ਸ਼ਰਮਾ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਾਂਚ ਅਧਿਕਾਰੀ ਬਰਮਾ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਬੀਤੇ ਦਿਨੀਂ ਮੁਲਜ਼ਮ ਇਕਬਾਲ ਸਿੰਘ ਦੀ ਨਿਸ਼ਾਨਦੇਹੀ ’ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਰਿਟਜ ਕਾਰ ਟੋਡਰ ਮੱਲ ਦੀਵਾਨ ਹਾਲ (ਫਤਹਿਗੜ੍ਹ ਸਾਹਿਬ) ਦੇ ਨੇੜਿਓਂ ਬਰਾਮਦ ਕੀਤੀ ਗਈ ਸੀ। ਕਾਰ ’ਚੋਂ ਇੱਟ ਤੇ ਪੱਥਰ ਵੀ ਬਰਾਮਦ ਹੋਇਆ ਸੀ। ਜਿਸ ਨਾਲ ਸੀਆਈਡੀ ਮੁਲਾਜ਼ਮ ਦੇ ਸਿਰ ਵਿੱਚ ਹਮਲਾ ਕਰਕੇ ਉਸ ਦਾ ਕਤਲ ਕੀਤਾ ਗਿਆ ਸੀ। ਜਦੋਂਕਿ ਖੂਨ ਨਾਲ ਲਿੱਬੜੇ ਕੱਪੜੇ ਮੁਲਜ਼ਮ ਨੇ ਤਰਖਾਣ ਮਾਜਰਾ ਨੇੜੇ ਭਾਖੜਾ ਨਹਿਰ ਵਿੱਚ ਸੁੱਟ ਦਿੱਤੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਕਾਰ ਨੂੰ ਖੂਨ ਦੇ ਛਿੱਟੇ ਲੱਗੇ ਹੋਏ ਸੀ। ਇਸ ਸਬੰਧੀ ਅੱਜ ਪੰਜਾਬ ਪੁਲੀਸ ਦੀ ਸਰਕਾਰੀ ਫੋਰੈਂਸਿਕ ਲੈਬਾਰਟਰੀ ਦੇ ਮਾਹਰਾਂ ਦੀ ਟੀਮ ਨੇ ਕਾਰ ’ਤੇ ਲੱਗੇ ਖੂਨ ਦੇ ਸੈਂਪਲ ਲਏ ਗਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ