nabaz-e-punjab.com

ਮੁਹਾਲੀ ਵਿੱਚ ਸੀਆਈਡੀ ਵਿੰਗ ਦੇ ਦਫ਼ਤਰੀ ਮੁਲਾਜ਼ਮ ਦਾ ਬੇਰਹਿਮੀ ਨਾਲ ਕਤਲ

ਮੁਹਾਲੀ ਏਅਰਪੋਰਟ ਤੋਂ ਦੈੜੀ ਸੜਕ ’ਤੇ ਮਿਲੀ ਖੂਨ ਨਾਲ ਲੱਥਪੱਥ ਲਾਸ਼

ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਪਾ ਕੇ ਝਾੜੀਆਂ ਪਿੱਛੇ ਸੁੱਟੀ ਹੋਈ ਸੀ ਡੀਆਈਡੀ ਕਰਮੀ ਦੀ ਲਾਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਮੁਹਾਲੀ ਵਿੱਚ ਇਕ ਸੀਆਈਡੀ ਦਫ਼ਤਰੀ ਮੁਲਾਜ਼ਮ ਦੀ ਬੇਰਹਿਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਰਮਚਾਰੀ ਦੀ ਪਛਾਣ ਕੁਲਵਿੰਦਰ ਸਿੰਘ (50) ਵਾਸੀ ਪਿੰਡ ਅਟਾਵਾ (ਚੰਡੀਗੜ੍ਹ) ਵਜੋਂ ਹੋਈ ਹੈ। ਮੌਜੂਦਾ ਸਮੇਂ ਵਿੱਚ ਉਹ ਆਪਣੇ ਪਰਿਵਾਰ ਨਾਲ ਸੈਕਟਰ-43 ਵਿੱਚ ਰਹਿੰਦਾ ਸੀ ਅਤੇ ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ (ਇੰਟੈਲੀਜੈਂਸ ਵਿੰਗ) ਦੇ ਮੁੱਖ ਦਫ਼ਤਰ ਵਿੱਚ ਤਾਇਨਾਤ ਸੀਨੀਅਰ ਸਹਾਇਕ ਦੇ ਅਹੁਦੇ ’ਤੇ ਤਾਇਨਾਤ ਸੀ। ਉਹ ਬੀਤੀ ਸ਼ਾਮ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਸੀ। ਪੁਲੀਸ ਕਰਮਚਾਰੀ ਦੀ ਲਾਸ਼ ਅੱਜ ਮੁਹਾਲੀ ਹਵਾਈ ਅੱਡਾ ਚੌਕ ਤੋਂ ਪਿੰਡ ਦੈੜੀ ਨੂੰ ਜਾਂਦੀ ਮੁੱਖ ਸੜਕ ਕਿਨਾਰੇ ਝਾੜੀਆਂ ’ਚ ਪਈ ਮਿਲੀ। ਲਾਸ਼ ਨੂੰ ਬੰਨ੍ਹ ਕੇ ਪਲਾਸਟਿਕ ਦੇ ਇਕ ਲਿਫ਼ਾਫ਼ੇ ਵਿੱਚ ਬੰਦ ਕਰਕੇ ਝਾੜੀਆਂ ਵਿੱਚ ਸੁੱਟਿਆਂ ਗਿਆ ਸੀ। ਪੁਲੀਸ ਕਰਮਚਾਰੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਲਈ ਹੈ। ਬੀਤੇ ਕੱਲ੍ਹ ਅਤੇ ਅੱਜ ਸ਼ਹਿਰ ਵਿੱਚ ਤਿੰਨ ਵਾਰਦਾਤਾਂ ਹੋਣ ਕਾਰਨ ਮੁਹਾਲੀ ਵਾਸੀ ਕਾਫੀ ਸਹਿਮ ਗਏ ਹਨ ਅਤੇ ਸਥਾਨਕ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਹੋਲੀ ਦੀ ਛੁੱਟੀ ਕਾਰਨ ਪੁਲੀਸ ਦਾ ਮੁੱਖ ਦਫ਼ਤਰ ਬੰਦ ਸੀ। ਦੱਸਿਆ ਗਿਆ ਹੈ ਕਿ ਕੁਲਵਿੰਦਰ ਸਿੰਘ ਬੀਤੀ ਦੇਰ ਸ਼ਾਮ ਕਰੀਬ ਸਾਢੇ 7 ਵਜੇ ਕਿਸੇ ਨੂੰ ਬਿਨਾਂ ਕੁਝ ਦੱਸੇ ਘਰ ’ਚੋਂ ਬਾਹਰ ਗਿਆ ਸੀ ਲੇਕਿਨ ਜਦੋਂ ਰਾਤੀ 10 ਵਜੇ ਵਾਪਸ ਘਰ ਨਹੀਂ ਪਰਤਿਆਂ ਤਾਂ ਉਸ ਦੇ ਛੋਟੇ ਭਰਾ ਹਰਚੰਦ ਸਿੰਘ ਨੇ ਕੁਲਵਿੰਦਰ ਦੇ ਮੋਬਾਈਲ ਫੋਨ ’ਤੇ ਸੰਪਰਕ ਕੀਤਾ ਤਾਂ ਉਸ ਨੇ ਆਪਣੇ ਛੋਟੇ ਭਰਾ ਨੂੰ ਕਿਹਾ ਕਿ ਉਹ ਜਲਦੀ ਘਰ ਵਾਪਸ ਆ ਜਾਵੇਗਾ। ਜਦੋਂ ਕਾਫੀ ਦੇਰ ਤੱਕ ਘਰ ਨਹੀਂ ਪੁੱਜਾ ਤਾਂ ਪਰਿਵਾਰਕ ਮੈਂਬਰਾਂ ਨੇ ਰਾਤ ਕਰੀਬ ਪੌਣੇ 12 ਵਜੇ ਫਿਰ ਫੋਨ ਕੀਤਾ ਲੇਕਿਨ ਉਸ ਨੇ ਫੋਨ ਨਹੀਂ ਚੁੱਕਿਆ। ਇਸ ਮਗਰੋਂ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਲੇਕਿਨ ਲਗਾਤਾਰ ਫੋਨ ਬੰਦ ਮਿਲਿਆ। ਅੱਜ ਸਵੇਰੇ ਪੁਲੀਸ ਮੁਲਾਜ਼ਮ ਦੀ ਲਾਸ਼ ਮਿਲਣ ਕਾਰਨ ਪਰਿਵਾਰ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।
ਸੜਕ ਤੋਂ ਲੰਘ ਰਹੇ ਕਿਸੇ ਰਾਹਗੀਰ ਨੇ ਪੁਲੀਸ ਕੰਟਰੋਲ ਰੂਮ ’ਤੇ ਇਤਲਾਹ ਦਿੱਤੀ ਕਿ ਏਅਰਪੋਰਟ ਤੋਂ ਦੈੜੀ ਸੜਕ ’ਤੇ ਝਾੜੀਆਂ ਪਿੱਛੇ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਕਿਸੇ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੀਨੀਅਰ ਅਸਿਸਟੈਂਟ ਦੀ ਕਿਸੇ ਹੋਰ ਥਾਂ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਝਾੜੀਆਂ ਪਿੱਛੇ ਸੁੱਟਿਆਂ ਗਿਆ ਹੈ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਥਾਣਾ ਸੋਹਾਣਾ ਦੇ ਐਸਐਚਓ ਦਲਜੀਤ ਸਿੰਘ ਗਿੱਲ ਕੁਝ ਵੀ ਦੱਸਣ ਤੋਂ ਇਨਕਾਰੀ ਹਨ। ਹਾਲਾਂਕਿ ਪੁਲੀਸ ਨੂੰ ਇਸ ਘਟਨਾ ਬਾਰੇ ਸਵੇਰੇ ਹੀ ਸੂਚਨਾ ਮਿਲ ਗਈ ਸੀ ਪ੍ਰੰਤੂ ਬਾਅਦ ਦੁਪਹਿਰ ਤੱਕ ਥਾਣਾ ਮੁਖੀ ਇਹੀ ਕਹਿੰਦੇ ਰਹੇ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਹੁਣੇ ਹੀ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਹੁਣ ਮੌਕੇ ’ਤੇ ਜਾ ਰਹੇ ਹਨ ਅਤੇ ਚੰਡੀਗੜ੍ਹ ਪੁਲੀਸ ਨਾਲ ਵੀ ਸੰਪਰਕ ਸਾਧਿਆ ਜਾ ਰਿਹਾ ਹੈ। ਜਦੋਂਕਿ ਥਾਣੇ ਦੇ ਮੁਨਸ਼ੀ ਦਾ ਕਹਿਣਾ ਸੀ ਕਿ ਅਜਿਹੀ ਕੋਈ ਵਾਰਦਾਤ ਹੋਈ ਤਾਂ ਹੈ ਪ੍ਰੰਤੂ ਮਾਮਲੇ ਦੀ ਜਾਂਚ ਐਸਐਚਓ ਖ਼ੁਦ ਕਰ ਰਹੇ ਹਨ। ਲਿਹਾਜ਼ਾ ਕੋਈ ਵੀ ਜਾਣਕਾਰੀ ਥਾਣਾ ਮੁਖੀ ਹੀ ਦੇ ਸਕਦੇ ਹਨ। ਉਹ ਤੱਦ ਹੀ ਕੁਝ ਦੱਸਣਗੇ ਜਦੋਂ ਕੇਸ ਦਰਜ ਹੋ ਜਾਵੇਗਾ।
(ਬਾਕਸ ਆਈਟਮ)
ਉਧਰ, ਪੁਲੀਸ ਸੂਤਰਾਂ ਦੀ ਜਾਣਕਾਰੀ ਅਨੁਸਾਰ ਸੀਨੀਅਰ ਅਸਿਸਟੈਂਟ ਦੀ ਮੌਤ ਸਿਰ ਵਿੱਚ ਡੂੰਘੀ ਸੱਟ ਵੱਜਣ ਕਾਰਨ ਹੋਈ ਹੈ, ਪ੍ਰੰਤੂ ਮੌਤ ਦੇ ਅਸਲਾ ਕਾਰਨਾਂ ਦਾ ਪਤਾ ਪੋਸਟ ਮਾਰਟਮ ਅਤੇ ਵਿੱਸਰਾ ਜਾਂਚ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਸੂਤਰ ਦੱਸਦੇ ਹਨ ਕਿ ਮ੍ਰਿਤਕ ਮੁਲਾਜ਼ਮ ਦੀ ਸੱਜੀ ਬਾਂਹ ਵੀ ਟੁੱਟੀ ਹੋਈ ਸੀ। ਮੁਹਾਲੀ ਦੇ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭਲਕੇ ਵੀਰਵਾਰ ਨੂੰ ਸਰਕਾਰੀ ਹਸਪਤਾਲ ਵਿੱਚ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ।
ਡੀਐਸਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਲੰਘੀ ਰਾਤ ਕੁਲਵਿੰਦਰ ਸਿੰਘ ਨੂੰ ਧੂਰੀ ਦਾ ਵਸਨੀਕ ਇਕਬਾਲ ਸਿੰਘ ਬੁਲਾ ਕੇ ਆਪਣੇ ਨਾਲ ਲੈ ਗਿਆ ਸੀ। ਰਾਤ ਨੂੰ ਉਨ੍ਹਾਂ ਦੋਵੇਂ ਨੇ ਇਕੱਲੇ ਬੈਠ ਕੇ ਸ਼ਰਾਬ ਪੀਤੀ ਅਤੇ ਅੱਧੀ ਰਾਤ ਕਰੀਬ 12 ਵਜੇ ਇਕਬਾਲ ਨੇ ਕੁਲਵਿੰਦਰ ਦੇ ਘਰ ਫੋਨ ਕਰਕੇ ਕਿਹਾ ਸੀ ਕਿ ਉਹ ਇਕੱਠੇ ਸ਼ਰਾਬ ਪੀ ਰਹੇ ਹਨ ਅਤੇ ਜਲਦੀ ਹੀ ਕੁਲਵਿੰਦਰ ਵਾਪਸ ਆ ਜਾਵੇਗਾ। ਇਸ ਤੋਂ ਬਾਅਦ ਇਕਬਾਲ ਉਸ (ਕੁਲਵਿੰਦਰ) ਨੂੰ ਮੁਹਾਲੀ ਵਿੱਚ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਉਸ ਦਾ ਫੋਨ ਵੀ ਬੰਦ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਇਕਬਾਲ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਦਾ ਪਿੱਛਾ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …