Nabaz-e-punjab.com

ਪੀਸੀਏ ਸਟੇਡੀਅਮ ਵਿੱਚ ਫਿਰ ਉੱਠਿਆ ਸਿਗਰਟ ਦਾ ਧੂੰਆਂ, ਪੁਲੀਸ ਬਣੀ ਮੂਕ ਦਰਸ਼ਕ

ਸਿਹਤ ਵਿਭਾਗ ਤੇ ਕਲਗੀਧਰ ਸੇਵਕ ਜਥਾ ਦੀ ਟੀਮ ਨੇ ਸਿਗਰਟਨੋਸ਼ੀ ਦੇ ਦੋਸ਼ ਵਿੱਚ ਛੇ ਵਿਅਕਤੀਆਂ ਦਾ ਕੀਤਾ ਚਲਾਨ

ਪੀਸੀਏ ਸਟੇਡੀਅਮ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕੀਤੀ ਜਾਵੇ: ਭਾਈ ਜਤਿੰਦਰਪਾਲ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਇੱਥੋਂ ਦੇ ਫੇਜ਼-9 ਸਥਿਤ ਅੰਤਰਰਾਸ਼ਟਰੀ ਪੀਸੀਏ ਸਟੇਡੀਅਮ ਇੱਕ ਵਾਰ ਸਿਗਰਟਨੋਸ਼ੀ ਕਾਰਨ ਵਿਵਾਦਾ ਵਿੱਚ ਘਿਰ ਗਿਆ ਹੈ। ਹਾਲਾਂਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੰਬਾਕੂ ਕੰਟਰੋਲ ਐਕਟ ਨੂੰ ਹੂ-ਬਹੂ ਲਾਗੂ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸਟੇਡੀਅਮ ਵਿੱਚ ਅੱਜ ਕ੍ਰਿਕਟ ਮੈਚ ਦੌਰਾਨ ਪੁਲੀਸ ਦੀ ਮੌਜੂਦਗੀ ਵਿੱਚ ਵਿਦੇਸ਼ੀ ਮਹਿਮਾਨਾਂ ਨੂੰ ਸ਼ਰ੍ਹੇਆਮ ਸਿਗਰਟ ਦੇ ਕੱਸ਼ ਲਾਉਂਦੇ ਹੋਏ ਦੇਖਿਆ ਗਿਆ। ਇਹੀ ਨਹੀਂ ਆਮ ਨਾਗਰਿਕ ਅਤੇ ਪੀਸੀਏ ਸਟੇਡੀਅਮ ਦੇ ਅੰਦਰ ਲੱਗੇ ਸਟਾਲਾਂ ’ਤੇ ਤਾਇਨਾਤ ਕਰਮਚਾਰੀਆਂ ਨੂੰ ਤੰਬਾਕੂਨੋਸ਼ੀ ਕਰਦੇ ਹੋਇਆ ਦੇਖਿਆ ਗਿਆ। ਜਦੋਂਕਿ ਪੰਜਾਬ ਪੁਲੀਸ ਦੇ ਕਰਮਚਾਰੀ ਮੂਕ ਦਰਸ਼ਕ ਬਣੇ ਰਹੇ।
ਉਧਰ, ਜ਼ਿਲ੍ਹਾ ਸਿਹਤ ਵਿਭਾਗ ਅਤੇ ਤੰਬਾਕੂ ਵਿਰੁੱਧ ਸੰਘਰਸ਼ਸ਼ੀਲ ਸੰਸਥਾ ਕਲਗੀਧਰ ਸੇਵਕ ਜਥਾ ਦੀ ਸਾਂਝੀ ਟੀਮ ਨੇ ਹਿੰਮਤ ਦਿਖਾਉਂਦਿਆਂ ਪੀਸੀਏ ਸਟੇਡੀਅਮ ਵਿੱਚ ਆਈਪੀਐਲ ਮੈਚ ਦੌਰਾਨ ਜਨਤਕ ਤੌਰ ’ਤੇ ਤੰਬਾਕੂਨੋਸ਼ੀ ਕਰਨ ਦੇ ਦੋਸ਼ ਹੇਠ ਛੇ ਵਿਅਕਤੀਆਂ ਦੇ ਚਲਾਨ ਕੀਤੇ ਗਏ ਅਤੇ ਉਨ੍ਹਾਂ ਤੋਂ 900 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਤੰਬਾਕੂ ਰੋਕਥਾਮ ਟੀਮ ਦੀ ਅਗਵਾਈ ਕਰ ਰਹੇ ਤੰਬਾਕੂ ਨੋਡਲ ਅਫ਼ਸਰ ਡਾ. ਐਚ.ਐਸ. ਚੀਮਾ ਨੇ ਦੱਸਿਆ ਕਿ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਛੇ ਵਿਅਕਤੀਆਂ ਦੇ ਚਲਾਨ ਕੀਤੇ ਗਏ। ਜਿਨ੍ਹਾਂ ਵਿੱਚ ਤਿੰਨ ਵਿਅਕਤੀ ਅੰਦਰ ਲੱਗੀਆਂ ਦੁਕਾਨਾਂ ਦੇ ਕਾਰਿੰਦੇ ਸਨ ਜਦਕਿ ਤਿੰਨ ਜਣੇ ਮੈਚ ਦੇਖਣ ਆਏ ਕ੍ਰਿਕਟ ਪ੍ਰੇਮੀ ਸਨ। ਉਨ੍ਹਾਂ ਦੱਸਿਆ ਕਿ ਸਟੇਡੀਅਮ ਅੰਦਰ ਦੁਕਾਨਾਂ ਦੇ ਕਾਰਿੰਦੇ ਸ਼ਰੇਆਮ ਬੀੜੀ ਪੀ ਰਹੇ ਸਨ ਜਦਕਿ ਤਿੰਨੋਂ ਦਰਸ਼ਕ ਜਨਤਕ ਤੌਰ ’ਤੇ ਸਿਗਰਟਨੋਸ਼ੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਚਲਾਨ ਕੱਟਣ ਮਗਰੋਂ ਉਕਤ ਵਿਅਕਤੀਆਂ ਨੂੰ ਤੰਬਾਕੂ ਐਂਡ ਅਦਰ ਤੰਬਾਕੂ ਪ੍ਰੋਡਕਟਸ ਪ੍ਰੋਹਿਬਸ਼ਿਨ ਐਕਟ (ਕੋਟਪਾ) ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤ ਵਿੱਚ ਕਿਸੇ ਵੀ ਜਨਤਕ ਥਾਂ ’ਤੇ ਤੰਬਾਕੂਨੋਸ਼ੀ ਨਹੀਂ ਕੀਤੀ ਜਾ ਸਕਦੀ ਹੈ। ਸਿਹਤ ਵਿਭਾਗ ਦੀ ਟੀਮ ਅਨੁਸਾਰ ਉਕਤ ਵਿਅਕਤੀਆਂ ਨੇ ਭਵਿੱਖ ਵਿੱਚ ਦੁਬਾਰਾ ਅਜਿਹਾ ਨਾ ਕਰਨ ਦਾ ਤਹੱਈਆ ਕੀਤਾ। ਸਿਹਤ ਵਿਭਾਗ ਦੀ ਜਾਂਚ ਟੀਮ ਵਿੱਚ ਤੰਬਾਕੂ ਕੰਟਰੋਲ ਸੈੱਲ ਦੇ ਸਹਾਇਕ ਨੋਡਲ ਅਫ਼ਸਰ ਭੁਪਿੰਦਰ ਸਿੰਘ, ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਵੀ ਸ਼ਾਮਲ ਸਨ। ਖ਼ਬਰ ਲਿਖੇ ਜਾਣ ਤੱਕ ਸਿਹਤ ਵਿਭਾਗ ਅਤੇ ਤੰਬਾਕੂ ਵਿਰੁੱਧ ਸੰਘਰਸ਼ਸ਼ੀਲ ਸੰਸਥਾ ਕਲਗੀਧਰ ਸੇਵਕ ਜਥਾ ਦੀ ਟੀਮਾਂ ਸਟੇਡੀਅਮ ਦੇ ਅੰਦਰ ਅਤੇ ਬਾਹਰ ਤੰਬਾਕੂਨੋਸ਼ੀ ਵਿਰੁੱਧ ਆਪਣੀ ਕਾਰਵਾਈ ਵਿੱਚ ਡਟੀਆਂ ਹੋਈਆਂ ਸਨ।
ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਕਿ ਸਾਲ 2008 ਵਿੱਚ ਗਾਂਧੀ ਜੈਅੰਤੀ ਮੌਕੇ 2 ਅਕਤੂਬਰ ਨੂੰ ਸਮੁੱਚੇ ਭਾਰਤ ਵਿੱਚ ਜਨਤਕ ਥਾਵਾਂ ਉੱਤੇ ਸਿਗਰਟਨੋਸ਼ੀ ’ਤੇ ਪੂਰਨ ਪਾਬੰਦੀ ਲਗਾਈ ਗਈ ਸੀ ਅਤੇ ਬਾਅਦ ਵਿੱਚ ਚੰਡੀਗੜ੍ਹ ਦੀ ਤਰਜ਼ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ’ਤੇ ਵਸਾਏ ਗਏ ਮੁਹਾਲੀ ਸ਼ਹਿਰ ਨੂੰ ਵੀ ਤੰਬਾਕੂ ਰਹਿਤ ਜ਼ੋਨ ਐਲਾਨਿਆ ਗਿਆ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਦੇ ਚੱਲਦਿਆਂ ਸ਼ਰ੍ਹੇਆਮ ਜਨਤਕ ਥਾਵਾਂ ’ਤੇ ਤੰਬਾਕੂਨੋਸੀ ਜਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਪੀਸੀਏ ਸਟੇਡੀਅਮ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…