Nabaz-e-punjab.com

ਮੁੱਖ ਮੰਤਰੀ ਵੱਲੋਂ ਸਿਨੇਮਾ ਘਰਾਂ/ਬਾਰ/ਜਿੰਮ/ਕੋਚਿੰਗ ਸੈਂਟਰ/ਖੇਡ ਕੰਪਲੈਕਸ 30 ਅਪ੍ਰੈਲ ਤੱਕ ਬੰਦ ਕਰਨ ਦਾ ਐਲਾਨ

ਐਤਵਾਰ ਦੇ ਦਿਨ ਰੈਸਟੋਰੈਂਟ ਬੰਦ ਰਹਿਣਗੇ, ਹੋਰ ਦਿਨਾਂ ਵਿਚ ਸਿਰਫ ਹੋਮ ਡਿਲਿਵਰੀ/ਘਰ ਲਿਜਾਣ ਦੀ ਇਜਾਜ਼ਤ

ਹਫ਼ਤਾਵਾਰੀ ਬਾਜ਼ਾਰ ਬੰਦ ਰਹਿਣਗੇ, ਐਤਵਾਰ ਨੂੰ ਮਾਲ/ਦੁਕਾਨਾਂ/ਬਾਜ਼ਾਰ ਬੰਦ ਰਹਿਣਗੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਅਪ੍ਰੈਲ:
ਪੰਜਾਬ ਸਮੇਤ ਪੂਰੇ ਦੇਸ਼ ਵਿਚ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਰੜੀਆਂ ਪਾਬੰਦੀਆਂ ਲਾਉਣ ਦੇ ਹੁਕਮ ਦਿੱਤੇ ਜੋ ਕਿ ਕੱਲ੍ਹ ਤੋਂ ਲਾਗੂ ਹੋਣਗੇ। ਇਨ੍ਹਾਂ ਪਾਬੰਦੀਆਂ ਵਿਚ ਰਾਤ ਦੇ ਕਰਫਿਊ ਦਾ ਸਮਾਂ ਵਧਾ ਕੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ ਗਿਆ ਹੈ ਅਤੇ ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਕੋਚਿੰਗ ਸੈਂਟਰ, ਖੇਡ ਕੰਪਲੈਕਸ ਬੰਦ ਰਹਿਣਗੇ ਅਤੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਸਿਰਫ ਖਾਣਾ ਘਰ ਲਿਜਾਣ ਤੇ ਹੋਮ ਡਿਲਿਵਰੀ ਦੀ ਇਜਾਜ਼ਤ ਦਿੱਤੀ ਗਈ ਹੈ।
ਨਿੱਜੀ ਲੈਬਜ਼ ਦੁਆਰਾ ਕੀਤੀ ਜਾਂਦੀ ਆਰ.ਟੀ.-ਪੀ.ਸੀ.ਆਰ ਅਤੇ ਰੈਪਿਡ ਐਂਟੀਜੈਨ ਟੈਸਟਿੰਗ (ਆਰ.ਏ.ਟੀ) ਦੀਆਂ ਕੀਮਤਾਂ ਘਟਾ ਕੇ ਕ੍ਰਮਵਾਰ 450 ਰੁਪਏ ਅਤੇ 300 ਰੁਪਏ ਕਰ ਦਿੱਤੀ ਗਈ ਹੈ ਤੇ ਘਰੋਂ ਸੈਂਪਲ ਲੈਣ ਲਈ ਵਾਧੂ ਕੀਮਤ ਵਸੂਲੀ ਜਾਵੇਗੀ। ਇਹ ਕਦਮ ਟੈਸਟਿੰਗ ਦੀ ਗਿਣਤੀ ਵਧਾਉਣ ਲਈ ਚੁੱਕੇ ਗਏ ਹਨ। ਪੂਰੇ ਸੂਬੇ ਵਿਚ ਵਿਆਹਾਂ/ਸਸਕਾਰ ਸਮੇਤ 20 ਤੋਂ ਜਿ਼ਆਦਾ ਵਿਅਕਤੀਆਂ ਦੇ ਇਕੱਠਾਂ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ 10 ਤੋਂ ਵੱਧ ਵਿਅਕਤੀਆਂ ਦੇ ਸਾਰੇ ਇਕੱਠਾਂ, ਸਿਰਫ ਸਸਕਾਰ ਨੂੰ ਛੱਡ ਕੇ, ਲਈ ਜਿ਼ਲ੍ਹਾ ਪ੍ਰਸ਼ਾਸਨ ਦੀ ਅਗਾਊਂ ਮਨਜ਼ੂਰੀ ਜ਼ਰੂਰੀ ਕਰਾਰ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਹ ਨਵੀਆਂ ਪਾਬੰਦੀਆਂ, ਜਿਨ੍ਹਾਂ ਵਿਚ ਸਾਰੇ ਮਾਲ, ਦੁਕਾਨਾਂ ਅਤੇ ਬਾਜ਼ਾਰਾਂ ਨੂੰ ਐਤਵਾਰ ਦੇ ਦਿਨ ਬੰਦ ਕਰਨਾ ਸ਼ਾਮਲ ਹੈ, ਪਹਿਲਾਂ ਵਾਲੀਆਂ ਪਾਬੰਦੀਆਂ ਸਮੇਤ 30 ਅਪ੍ਰੈਲ ਤੱਕ ਲਾਗੂ ਰਹਿਣਗੀਆਂ। ਮੁੱਖ ਮੰਤਰੀ ਨੇ ਪੁਲਿਸ ਵਿਭਾਗ ਨੂੰ ਇਹ ਪਾਬੰਦੀਆਂ ਸਖ਼ਤੀ ਨਾਲ ਲਾਗੂ ਕਰਨ ਅਤੇ ਲੋੜ ਪੈਣ ਉੱਤੇ ਸਿਵਲ ਸੁਸਾਇਟੀ ਸੰਗਠਨਾਂ ਦੀ ਮਦਦ ਲੈਣ ਦੇ ਵੀ ਹੁਕਮ ਦਿੱਤੇ। ਸਮੁੱਚੇ ਹਫ਼ਤਾਵਾਰੀ ਬਾਜ਼ਾਰ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਸੂਬੇ ਵਿਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਇਹ ਵੀ ਹੁਕਮ ਦਿੱਤੇ ਕਿ ਉਡਾਣਾਂ ਰਾਹੀਂ ਪੰਜਾਬ ਵਿਚ ਆਉਣ ਵਾਲੇ ਸਾਰੇ ਵਿਅਕਤੀਆਂ ਕੋਲ ਆਰ.ਟੀ.-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ ਜੋ ਕਿ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ ਨਹੀਂ ਤਾਂ ਉਨ੍ਹਾਂ ਦੀ ਹਵਾਈ ਅੱਡੇ ਉੱਤੇ ਹੀ ਆਰ.ਏ.ਟੀ. ਜਾਂਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਹੁਕਮ ਦਿੱਤੇ ਕਿ ਜਿਨ੍ਹਾਂ ਵਿਅਕਤੀਆਂ ਨੇ ਕਿੱਧਰੇ ਵੀ ਵੱਡੇ ਇਕੱਠਾਂ ਵਿਚ ਸ਼ਮੂਲੀਅਤ ਕੀਤੀ ਹੈ (ਧਾਰਮਿਕ/ਸਿਆਸੀ/ਸਮਾਜਿਕ), ਉਨ੍ਹਾਂ ਨੂੰ ਘਰ ਵਾਪਸੀ ਉੱਤੇ ਪ੍ਰੋਟੋਕਾਲ ਦੇ ਅਨੁਸਾਰ ਪੰਜ ਦਿਨਾਂ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣਾ ਪਵੇਗਾ।
ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਬੱਸਾਂ/ਟੈਕਸੀਆਂ ਅਤੇ ਆਟੋ ਵਿਚ ਲੋਕਾਂ ਦੀ ਗਿਣਤੀ ਦੀ ਸਮਰੱਥਾ 50 ਫੀਸਦੀ ਰੱਖੀ ਜਾਵੇ।
ਸੂਬੇ ਵਿਚ ਆਉਣ ਵਾਲੇ ਯਾਤਰੀਆਂ ਦੀ ਜਾਂਚ ਸਬੰਧੀ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਵਿਖੇ ਰੈਪਿਡ ਐਂਟੀਜੈਨ ਟੈਸਟਿੰਗ (ਆਰ.ਏ.ਟੀ.) ਜਾਂਚ ਬੂਥ ਸਥਾਪਿਤ ਕੀਤੇ ਜਾਣ ਅਤੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾਵੇ। ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਨ ਵੀ ਕੀਤਾ ਜਾਵੇ। ਮੁੱਖ ਮੰਤਰੀ ਨੇ ਇਹ ਵੀ ਹੁਕਮ ਦਿੱਤੇ ਕਿ ਪਟਵਾਰੀਆਂ ਦੀ ਭਰਤੀ ਪ੍ਰੀਖਿਆ ਮੁਲਤਵੀ ਕੀਤੀ ਜਾਵੇ ਅਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਐਮ.ਬੀ.ਬੀ.ਐਸ./ਬੀ.ਡੀ.ਐਸ./ਬੀ.ਏ.ਐਮ.ਐਸ. ਦੇ ਪਹਿਲੇ, ਦੂਜੇ ਅਤੇ ਤੀਜੇ ਵਰ੍ਹੇ ਤੇ ਪਹਿਲੇ ਵਰ੍ਹੇ ਦੇ ਨਰਸਿੰਗ ਦੇ ਵਿਦਿਆਰਥੀਆਂ ਲਈ ਆਨਲਾਈਨ ਪ੍ਰੀਖਿਆ ਕਰਵਾਈ ਜਾਵੇ।
ਮੁੱਖ ਮੰਤਰੀ ਨੇ ਸਮੁੱਚੇ ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਨੂੰ ਆਪਣੀ ਅਪੀਲ ਮੁੜ ਤੋਂ ਦੁਹਰਾਈ ਕਿ ਉਹ ਵੱਡੇ ਇਕੱਠਾਂ ਤੋਂ ਗੁਰੇਜ਼ ਕਰਨ ਅਤੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਤੋਂ ਇਲਾਵਾ ਕੋਵਿਡ ਤੋਂ ਸੁਰੱਖਿਅਤ ਰਹਿਣ ਲਈ ਸਾਰੇ ਜ਼ਰੂਰੀ ਪ੍ਰੋਟੋਕਾਲਾਂ ਖਾਸ ਤੌਰ `ਤੇ ਮਾਸਕ ਪਾਉਣ ਅਤੇ ਇਕੱਠਾਂ ਵਿਚ ਨਾ ਜਾਣ ਬਾਰੇ ਪ੍ਰੇਰਿਤ ਕਰਨ।
ਗਾਰਡੀਅਨਜ਼ ਆਫ ਗਵਰਨੈਂਸ ਅਤੇ ਸਮੂਹ ਸਾਬਕਾ ਫੌਜੀਆਂ ਨੂੰ ਸਕੂਲਾਂ ਵਿਚ ਕੋਵਿਡ ਸੁਰੱਖਿਆ ਪ੍ਰੋਟੋਕਾਲਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਮੋਹਰੀ ਰੋਲ ਅਦਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿਚਲੀਆਂ ਫੌਜੀ ਛਾਉਣੀਆਂ ਦੇ ਹਸਪਤਾਲਾਂ ਨੇ ਸੂਬਾ ਸਰਕਾਰ ਨੂੰ ਇਹ ਯਕੀਨ ਦਵਾਇਆ ਹੈ ਕਿ ਕੋਵਿਡ ਕੇਸਾਂ `ਚ ਵਾਧੇ ਨੂੰ ਨੱਥ ਪਾਉਣ ਲਈ ਸੂਬਾ ਸਰਕਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਜਦੋਂ ਕਿ ਨਿੱਜੀ ਹਸਪਤਾਲਾਂ ਨੂੰ ਕੋਵਿਡ ਦੇ ਮਰੀਜ਼ਾਂ ਲਈ 75 ਫੀਸਦੀ ਬਿਸਤਰੇ ਰਾਖਵੇਂ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਸਥਿਤੀ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਕੋਵਿਡ ਨਾਲ ਸਬੰਧਤ ਸੰਵੇਦਨਸ਼ੀਲ ਪੱਧਰ ਦੀ ਸਾਂਭ ਸੰਭਾਲ ਅਤੇ ਮਦਦ ਮੁਹੱਈਆ ਕਰਵਾ ਰਹੇ ਸਾਰੇ ਨਿੱਜੀ ਹਸਪਤਾਲਾਂ ਵਿਚ ਕੋਵਿਡ ਲਈ ਐਲ-3 ਪੱਧਰ ਦੀਆਂ ਸਹੂਲਤਾਂ ਵਿਚ 75 ਫੀਸਦੀ ਰਾਖਵਾਂਕਰਨ ਰੱਖਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਚੋਣਵਾਂ ਓਪਰੇਸ਼ਨ 15 ਮਈ ਤੱਕ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਵਿਚ ਨਾ ਕੀਤਾ ਜਾਵੇ ਅਤੇ ਸਾਰੇ ਓ.ਪੀ.ਡੀ. ਮਰੀਜ਼ਾਂ ਦੀ ਜਾਂਚ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਟੀਕਾਕਰਨ ਲਈ ਵੀ ਉਤਸ਼ਾਹਤ ਕੀਤਾ ਜਾਵੇ।
ਸੂਬੇ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਬਿਸਤਰਿਆਂ ਦੀ ਮੌਜੂਦਗੀ ਬਾਰੇ 24 ਘੰਟੇ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਹੈਲਪਲਾਈਨ ਨੰਬਰ 104 ਵੀ ਚਾਲੂ ਰਹੇਗਾ। ਆਕਸੀਜ਼ਨ ਦੀ ਲੋੜ ਅਤੇ ਉਪਲਬੱਧਤਾ ਉੱਤੇ ਕਰੜੀ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਇਸ ਨੂੰ ਸਰਕਾਰੀ ਅਤੇ ਨਿੱਜੀ ਦੋਵਾਂ ਹਸਪਤਾਲਾਂ ਲਈ ਯਕੀਨੀ ਬਣਾਉਣ ਹਿੱਤ ਇੱਕ ਕਮੇਟੀ ਕੰਮ ਕਰੇਗੀ ਜਿਸ ਵਿਚ ਪ੍ਰਮੁੱਖ ਸਕੱਤਰ ਉਦਯੋਗ ਤੇ ਵਣਜ, ਡਾਇਰੈਕਟਰ ਉਦਯੋਗ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਐਮ.ਡੀ. ਸ਼ਾਮਲ ਹੋਣਗੇ। ਜਦੋਂ ਕਿ ਨਿੱਜੀ ਹਸਪਤਾਲਾਂ ਨੂੰ ਰੈਮਡੇਸੀਵੀਰ, ਟੋਸਿਲੀਜ਼ੁਮਾਬ ਆਦਿ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਐਮ.ਡੀ. ਨੋਡਲ ਅਫਸਰ ਹੋਣਗੇ। ਮੈਡੀਕਲ ਕਾਲਜਾਂ ਵਿਚ ਸਮੁੱਚੇ ਚੋਣਵੇਂ ਓਪਰੇਸ਼ਨ ਹਾਲ ਦੀ ਘੜੀ ਅੱਗੇ ਪਾ ਦਿੱਤੇ ਗਏ ਹਨ। ਕੰਟੇਨਮੈਂਟ/ਮਾਈਕਰੋ-ਕੰਟੇਨਮੈਂਟ ਰਣਨੀਤੀ ਬਣਾਉਣ ਦੀ ਖੁੱਲ੍ਹ ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਦੇ ਜ਼ੋਨਾਂ ਜਾਂ ਇਲਾਕਿਆਂ ਵਿਚ ਸਥਿਤੀ ਅਨੁਸਾਰ, ਦੇ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਟਰੇਸਿੰਗ ਵਿਚ ਵਾਧਾ ਕਰਨ ਲਈ ਵੀ ਹੁਕਮ ਦਿੱਤੇ ਅਤੇ ਕਿਸੇ ਵੀ ਹੰਗਾਮੀ ਸਥਿਤੀ ਦੇ ਟਾਕਰੇ ਲਈ ਲੋੜ ਪੈਣ `ਤੇ ਸਿੱਧੀ ਭਰਤੀ ਕਰਨ ਦੇ ਨਿਰਦੇਸ਼ ਵੀ ਦਿੱਤੇ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੀਟਿੰਗ ਮੌਕੇ ਜਾਣਕਾਰੀ ਦਿੱਤੀ ਕਿ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਐਸ.ਡੀ.ਆਰ.ਐਫ. ਵਿਚੋਂ ਡਿਪਟੀ ਕਮਿਸ਼ਨਰਾਂ ਨੂੰ 1-1 ਕਰੋੜ ਰੁਪਏ ਦੇ ਦਿੱਤੇ ਗਏ ਹਨ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਸਿਹਤ ਵਿਭਾਗ ਦੀ ਮਦਦ ਲਈ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਜਿਨ੍ਹਾਂ ਵਿਚ ਅਧਿਆਪਕ ਵੀ ਸ਼ਾਮਲ ਹਨ, ਨੂੰ ਕੋਵਿਡ ਪਾਜ਼ੇਟਿਵ ਪਾਏ ਗਏ ਵਿਅਕਤੀਆਂ ਦੇ ਸੰਪਰਕਾਂ ਦੀ ਤੇਜ਼ੀ ਨਾਲ ਭਾਲ ਕਰਨ ਲਈ ਲਗਾਇਆ ਜਾ ਰਿਹਾ ਹੈ।
ਸਿਹਤ ਸਕੱਤਰ ਹੁਸਨ ਲਾਲ ਨੇ ਇਸ ਮੌਕੇ ਕਿਹਾ ਕਿ ਸੂਬੇ ਦੀ ਪਾਜ਼ੇਟੀਵਿਟੀ ਦਰ 7.8 ਫੀਸਦੀ ਉੱਤੇ ਸਥਿਰ ਸੀ ਪਰ ਅਪ੍ਰੈਲ 15 ਨੂੰ ਇਹ ਵਧ ਕੇ 12.6 ਫੀਸਦੀ ਤੱਕ ਪਹੁੰਚ ਗਈ ਜਿਸ ਵਿਚ ਮੋਹਾਲੀ ਦੀ ਦਰ ਸਭ ਤੋਂ ਵੱਧ 36.53 ਫੀਸਦੀ ਰਹੀ। ਉਨ੍ਹਾਂ ਕਿਹਾ ਕਿ ਇਹ ਵਾਧਾ ਕੋਵਿਡ ਦੇ ਨਵੇਂ ਪ੍ਰਕਾਰ ਦੇ ਕਾਰਨ ਹੋ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਸ ਪਿੱਛੇ ਪੰਜਾਬ ਤੋਂ ਬਾਹਰੋਂ ਵੱਡੇ ਇਕੱਠਾਂ ਵਿਚ ਹਿੱਸਾ ਲੈ ਕੇ ਵਾਪਸ ਆ ਰਹੇ ਲੋਕ ਵੀ ਇਸ ਪਿੱਛੇ ਵੱਡਾ ਕਾਰਨ ਹਨ।
ਉਨ੍ਹਾਂ ਕਿਹਾ ਕਿ ਟੈਸਟਿੰਗ ਹੋਰ ਵਧਣ ਨਾਲ ਗਿਣਤੀ ਵਧਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜੇਕਰ ਲੁਧਿਆਣਾ, ਐਸ.ਏ.ਐਸ. ਨਗਰ (ਮੁਹਾਲੀ), ਜਲੰਧਰ, ਅੰਮਿਰਤਸਰ ਅਤੇ ਪਟਿਆਲਾ ਵਿਚ ਹੰਗਾਮੀ ਕਦਮ ਨਾ ਚੁੱਕੇ ਗਏ ਤਾਂ ਇਹ ਸੂਬੇ ਵਿਚ 5 ਮਈ ਤੱਕ ਇਕ ਦਿਨ ਵਿਚ 6000 ਕੇਸ ਸਾਹਮਣੇ ਆਉਣ ਦਾ ਕਾਰਨ ਬਣਨਗੇ।
ਕੋਵਿਡ ਬਾਰੇ ਮਾਹਿਰਾਂ ਦੀ ਟਾਸਕ ਫੋਰਸ ਦੇ ਮੁਖੀ ਡਾ. ਕੇ.ਕੇ. ਤਲਵਾਰ ਨੇ ਕਿਹਾ ਕਿ ਕੋਵਿਡ ਕੇਸਾਂ ਵਿਚ ਵਾਧੇ ਨੂੰ ਰੋਕਣ ਲਈ ਹੋਰ ਬੰਦਿਸ਼ਾਂ ਦੀ ਲੋੜ ਹੈ ਕਿਉਂਕਿ ਸਥਿਤੀ ਚਿੰਤਾਜਨਕ ਹੋ ਰਹੀ ਹੈ ਜਿਵੇਂ ਕਿ ਦਿੱਲੀ ਵਿਚ ਵਾਪਰਿਆ ਹੈ ਅਤੇ ਵਾਇਰਸ ਸਪੱਸ਼ਟ ਤੌਰ ਉਤੇ ਆਪਣਾ ਪ੍ਰਭਾਵ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦੀ ਇਹ ਕਿਸਮ ਹੋਰ ਵੱਧ ਹਮਲਾਵਰ ਜਾਪਦੀ ਹੈ ਭਾਵੇਂ ਕਿ ਅਜੇ ਇਹ ਪਤਾ ਨਹੀਂ ਲੱਗਾ ਕਿ ਕੀ ਇਹ ਵਾਇਰਸ ਦੀ ਡਬਲ ਕਿਸਮ ਹੈ ਜਾਂ ਕੁਝ ਹੋਰ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਸਮੁੱਚੀ ਫੋਰਸ ਨੂੰ ਸਖਤ ਕਦਮ ਚੁੱਕਣ ਲਈ ਸਰਗਰਮ ਕੀਤਾ ਜਾ ਰਿਹਾ ਹੈ ਜਦਕਿ ਹੰਗਾਮੀ ਯੋਜਨਾਬੰਦੀ ਵੀ ਕੀਤੀ ਜਾ ਰਹੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਤਾਂ ਕਿ ਵਿਭਾਗ ਸਥਿਤੀ ਉਤੇ ਪਕੜ ਬਣਾਈ ਰੱਖੇ। ਉਨ੍ਹਾਂ ਕਿਹਾ ਕਿ ਕੋਵਿਡ ਦੀਆਂ ਬੰਦਿਸ਼ਾਂ ਦੀ ਉਲੰਘਣਾ ਨੂੰ ਰੋਕਣ ਲਈ ਮਾਲਜ਼ ਅਤੇ ਮੈਰਿਜ ਪੈਲੇਸਾਂ ਦੁਆਲੇ ਪੁਲੀਸ ਨਾਕੇ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 600 ਕੋਵਿਡ ਨਿਗਰਾਨ ਲਾਏ ਗਏ ਹਨ।

——-

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …