nabaz-e-punjab.com

ਮੁਹਾਲੀ ਮਾਲ ਵਿੱਚ ਬਣੇ ਸਿਨੇਮਾ ਹਾਲ ਵਾਲੇ ਕਰਦੇ ਹਨ ਦਰਸ਼ਕਾਂ ਦੀ ਅੰਨੀ ਲੁੱਟ: ਵਿਨੀਤ ਵਰਮਾ

ਕਈ ਗੁਣਾ ਕੀਮਤ ’ਤੇ ਵੇਚਿਆ ਜਾਂਦਾ ਹੈ ਖਾਣ ਪੀਣ ਦਾ ਸਾਮਾਨ, ਡੀਸੀ ਮੁਹਾਲੀ ਨੂੰ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਮੁਹਾਲੀ-ਖਰੜ ਬਲੌਂਗੀ ਨੈਸ਼ਨਲ ਹਾਈਵੇਅ-21 ’ਤੇ ਸਥਿਤ ਬਣੇ ਮਾਲ ਵਿੱਚ ਪੀਵੀਆਰ ਥੀਏਟਰ ਵਿੱਚ ਫਿਲਮ ਦੇਖਣ ਦਾ ਮਨ ਬਣਾਇਆ ਹੈ ਤਾਂ ਸਾਵਧਾਨ ਹੋ ਜਾਉ ਕਿਉਂਕਿ ਜੇਕਰ ਫਿਲਮ ਦੇ ਦੌਰਾਨ ਤੁਹਾਡਾ ਕੁਝ ਖਾਣ-ਪੀਣ ਦਾ ਮਨ ਕਰੇ ਤਾਂ ਉਹ ਤੁਹਾਡੀ ਜੇਬ ਤੇ ਬਹੁਤ ਜ਼ਿਆਦਾ ਭਾਰੀ ਪੈ ਸਕਦਾ ਹੈ। ਇਸ ਮਾਲ ਵਿੱਚ ਥੀਏਟਰ ਦੀ ਕੰਟੀਨ ਵਾਲੇ ਵੱਲੋਂ ਆਮ ਲੋਕਾਂ ਨੂੰ ਜਿਹੜਾ ਸਾਮਾਨ ਵੇਚਿਆ ਜਾ ਰਿਹਾ ਹੈ। ਉਸ ਸਾਮਾਨ ਦੀ ਬਾਜਾਰ ਕੀਮਤ ਤੋਂ ਕਈ ਗੁਣਾ ਵੱਧ ਕੀਮਤ ਵਸੂਲੀ ਜਾਂਦੀ ਹੈ। ਇਸ ਸਬੰਧੀ ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਜਿਲ੍ਹਾ ਮੁਹਾਲੀ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਤਰੀਕੇ ਨਾਲ ਕੀਤੀ ਜਾਂਦੀ ਆਮ ਲੋਕਾਂ ਦੀ ਲੁੱਟ ਦੀ ਕਾਰਵਾਈ ਤੇ ਰੋਕ ਲਗਾਈ ਜਾਵੇ ਅਤੇ ਇਸ ਸਬੰਧੀ ਪੀਵੀਆਰ ਥੀਏਟਰ ਦੇ ਪ੍ਰਬੰਧਕਾਂ ਅਤੇ ਕੰਟੀਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਆਪਣੇ ਪੱਤਰ ਵਿੱਚ ਸ੍ਰੀ ਵਿਨੀਤ ਵਰਮਾ ਨੇ ਲਿਖਿਆ ਹੈ ਕਿ ਉਹਨਾਂ ਦੇ ਇੱਕ ਜਾਨਦਾਰ ਪਿਛਲੇ ਦਿਨੀਂ ਇਸ ਥੀਏਟਰ ਵਿੱਚ ਫਿਲਮ ਵੇਖਣ ਗਏ ਸੀ ਅਤੇ ਫਿਲਮ ਦੇ ਦੌਰਾਨ ਉਹਨਾਂ ਨੇ ਤਿੰਨ ਵੈਜ ਬਰਗਰ ਅਤੇ ਤਿੰਨ ਪੈਪਸੀ ਦੇ ਗਿਲਾਸ ਲਏ ਜਿਸਦੇ ਬਦਲੇ ਕੰਟੀਨ ਵਾਲਿਆਂ ਨੇ ਉਹਨਾਂ ਤੋਂ 1641 ਰੁਪਏ ਵਸੂਲ ਕੀਤੇ। ਉਹਨਾਂ ਦੱਸਿਆ ਕਿ ਪੀਵੀਆਰ ਕੰਪਨੀ ਦੇ ਕੰਪਿਊਟਰ ਵਾਲੇ ਬਿੱਲ ਅਨੁਸਾਰ ਤਿੰਨ ਵੈਜ ਬਰਗਰ ਦੀ ਕੀਮਤ 871.44 ਰੁਪਏ ਅਤੇ ਤਿੰਨ ਪੈਪਸੀ ਦੇ ਗਿਲਾਸਾਂ ਦੀ ਕੀਮਤ 691.44 ਰੁਪਏ ਲਿਖੀ ਗਈ ਹੈ ਅਤੇ ਇਸ ਉੱਪਰ 5 ਫੀਸਦੀ ਜੀਐਸਟੀ ਵੀ ਲਗਾਇਆ ਗਿਆ ਹੈ। ਜਿਸ ਨਾਲ ਕੁਲ ਰਕਮ 1641 ਰੁਪਏ ਬਣ ਜਾਂਦੀ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਉਕਤ ਬਿੱਲ ਦੇ ਉੱਪਰ ਪੀਵੀਆਰ ਦਾ ਜੀਐਸਟੀ ਨੰਬਰ ਤਾਂ ਦਰਜ ਹੈ ਪ੍ਰੰਤੂ ਬਿਲ ਉੱਪਰ ਕੋਈ ਨੰਬਰ ਨਹੀਂ ਹੈ ਜਿਸ ਨਾਲ ਇਹ ਸ਼ੱਕ ਪੈਂਦਾ ਹੈ ਕਿ ਕੰਟੀਨ ਵਾਲੇ ਵਲੋੱ ਵੇਚੇ ਜਾਣ ਵਾਲੇ ਸਾਮਾਨ ਦੇ ਨਾਲ ਜਿਹੜਾ ਜੀਐਸਟੀ ਵਸੂਲ ਕੀਤਾ ਜਾਂਦਾ ਹੈ ਉਹ ਅੱਗੇ ਸਰਕਾਰ ਕੋਲ ਜਮ੍ਹਾਂ ਵੀ ਹੁੰਦਾ ਹੈ ਜਾਂ ਨਹੀਂ।
ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਗੱਲ ਇੱਥੇ ਹੀ ਨਹੀਂ ਮੁੱਕਦੀ ਬਲਕਿ ਸਥਾਨਕ ਪ੍ਰਸ਼ਾਸ਼ਨ ਵੱਲੋਂ ਥੀਏਟਰ ਦੀ ਕੰਟੀਨ ਵਾਲੇ ਵੱਲੋਂ ਵੇਚੇ ਜਾ ਰਹੇ ਖਾਣ ਪੀਣ ਦੇ ਸਾਮਾਨ ਦੀ ਕੁਆਲਿਟੀ ਜਾਂਚ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਅਤੇ ਅਜਿਹਾ ਕਰਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ। ਉਹਨਾਂ ਲਿਖਿਆ ਹੈ ਕਿ ਥੀਏਟਰ ਵਾਲੇ ਕਿਸੇ ਵੀ ਦਰਸ਼ਕ ਨੂੰ ਆਪਣੇ ਨਾਲ ਖਾਣ ਪੀਣ ਦਾ ਕੋਈ ਸਾਮਾਨ ਨਹੀਂ ਲਿਜਾਣ ਦਿੰਦੇ ਅਤੇ ਫਿਲਮ ਦੇ ਦੌਰਾਨ ਦਰਸ਼ਕਾਂ ਨੂੰ ਕਈ ਗੁਨਾ ਕੀਮਤ ਤੇ ਸਾਮਾਨ ਵੇਚ ਕੇ ਲੋਕਾਂ ਦੀ ਅੰਨੀ ਲੁੱਟ ਕੀਤੀ ਜਾਂਦੀ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਆਮ ਲੋਕਾਂ ਦੀ ਲੁੱਟ ਦੀ ਇਸ ਕਾਰਵਾਈ ਤੇ ਰੋਕ ਲੱਗੇ।
ਉਧਰ, ਇਸ ਸਬੰਧੀ ਪੀਵੀਆਰ ਮਾਲ ਦੇ ਜਰਨਲ ਮੈਨਜੇਰ ਸ੍ਰੀ ਕਲਪਤਰੂ ਨਾਇਕ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਕਿ ਪੀਵੀਆਰ ਥੀਏਟਰ ਵਿੱਚ ਜਿਹੜਾ ਸਾਮਾਨ ਵੇਚਿਆ ਜਾ ਰਿਹਾ ਹੈ। ਉਹ ਅਪਰੂਣ ਕੀਮਤ ਦੇ ਅਨੁਸਾਰ ਹੈ ਜਾਂ ਨਹੀਂ ਅਤੇ ਜੇਕਰ ਇਸ ਵਿੱਚ ਕੋਈ ਗੜਬੜੀ ਪਾਈ ਗਈ ਤਾਂ ਉਹ ਇਸ ਦੇ ਖਿਲਾਫ ਕਾਰਵਾਈ ਕਰਣਗੇ। ਜ਼ਿਲ੍ਹਾ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਉਹਨਾਂ ਨੂੰ ਹੁਣੇ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਸ਼ਿਕਾਇਤ ਮਿਲਣ ਉਪਰੰਤ ਉਹਨਾਂ ਵੱਲੋਂ ਇਸ ਸਬੰਧੀ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…