ਮੁਹਾਲੀ ਵਾਸੀਆਂ ਨੂੰ ਜਲਦੀ ਮਿਲੇਗਾ ਸਿਟੀ ਬੱਸ ਦਾ ਤੋਹਫ਼ਾ, ਟਰਾਂਸਪੋਰਟ ਵਿਭਾਗ ਵੱਲੋਂ ਰੂਟ ਪਲਾਨ ਤਿਆਰ

ਸਾਲ ਵਿੱਚ ਮੁਹਾਲੀ ਤੋਂ ਸਿੰਘਾਪੁਰ, ਲੇਹ ਲਦਾਖ ਤੇ ਬੈਂਕਾਕ ਲਈ ਹੋਣਗੀਆਂ ਨਵੀਆਂ ਉਡਾਣਾਂ ਸ਼ੁਰੂ

ਚਾਰ ਦਹਾਕੇ ਪੁਰਾਣਾ ਬਦਲਿਆ ਜਾਵੇਗਾ ਸੀਵਰੇਜ ਤੇ ਨਵੀਂ ਵਿਛਾਈ ਜਾਵੇਗੀ ਪਾਈਪਲਾਈਨ

ਮੁਹਾਲੀ ਦੇ ਨਵੇਂ ਸੈਕਟਰਾਂ ਲਈ ਏਅਰਪੋਰਟ ਰੋਡ ਤੋਂ ਖਰੜ-ਬਨੂੜ ਸੜਕ ਤੱਕ ਬਣਾਈ ਜਾਵੇਗੀ ਨਵੀਂ 200 ਫੁੱਟ ਚੌੜੀ ਸੜਕ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਦਸੰਬਰ:
ਨਵੇਂ ਸਾਲ 2017 ਵਿੱਚ ਮੁਹਾਲੀ ਕੌਮਾਂਤਰੀ ਏਅਰਪੋਰਟ ਤੋਂ ਸਿੰਘਾਪੁਰ, ਬੈਂਕਾਕ ਅਤੇ ਲੇਹ ਲਈ ਨਵੀਆਂ ਉਡਾਣਾਂ ਸ਼ੁਰੂ ਹੋਣਗੀਆਂ। ਇਸ ਸਬੰਧੀ ਲੋੜੀਂਦੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਸਮੇਤ ਏਅਰਪੋਰਟ ਅਥਾਰਟੀ ਅਤੇ ਏਅਰਲਾਈਨ ਕੰਪਨੀਆਂ ਨਾਲ ਗੱਲਬਾਤ ਮੁੱਕ ਚੁੱਕੀ ਹੈ। ਇਸ ਗੱਲ ਦਾ ਖੁਲਾਸਾ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ ਵਰੁਣ ਰੂਜ਼ਮ ਨੇ ‘ਟ੍ਰਿਬਿਊਨ ਸਮੂਹ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਬੀਤੀ 15 ਸਤੰਬਰ ਨੂੰ ਸ਼ਾਰਜਾਂਹ ਲਈ ਪਹਿਲੀ ਕੌਮਾਂਤਰੀ ਉਡਾਣ ਭਰੀ ਗਈ ਸੀ ਅਤੇ 10 ਦਿਨਾਂ ਬਾਅਦ 25 ਸਤੰਬਰ ਨੂੰ ਦੁਬਈ ਲਈ ਉਡਾਣ ਸ਼ੁਰੂ ਹੋਈ ਹੈ। ਉਂਜ ਹਵਾਈ ਅੱਡੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਕਰਨ ਤੋਂ ਬਾਅਦ ਘਰੇਲੂ ਉਡਾਣਾਂ ਪਹਿਲੇ ਦਿਨ ਹੀ ਸ਼ੁਰੂ ਹੋ ਗਈਆਂ ਸਨ।
ਸ੍ਰੀ ਰੂਜ਼ਮ ਨੇ ਦੱਸਿਆ ਕਿ ਈਕੋ ਸਿਟੀ-2 ਨੂੰ ਵਿਕਸਤ ਕਰਨ ਸਮੇਤ ਨਵੇਂ ਸੈਕਟਰਾਂ 76 ਤੋਂ 80 ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ। ਇਨ੍ਹਾਂ ਨੂੰ ਚੰਗੀ ਤਰ੍ਹਾਂ ਵਿਕਸਤ ਕਰਨ ਤੋਂ ਬਾਅਦ ਨਗਰ ਨਿਗਮ ਦੇ ਹਵਾਲੇ ਕੀਤਾ ਜਾਵੇਗਾ। ਸ਼ਹਿਰ ਦੀਆਂ ਅੰਦਰੂਨੀ ਸੜਕਾਂ ਬਣਾਉਣ ਸਮੇਤ ਸੀਵਰੇਜ ਟਰੀਟਮੈਂਟ ਪਲਾਂਟ ਬਣਾਇਆ ਜਾਵੇਗਾ। ਇਸੇ ਤਰ੍ਹਾਂ ਇੱਥੋਂ ਦੇ ਫੇਜ਼-7 ਤੋਂ ਲੈ ਕੇ ਪੀਸੀਏ ਸਟੇਡੀਅਮ ਤੱਕ ਏਰੀਆ ਨੂੰ ਖੂਬਸੂਰਤ ਬਣਾਉਣ ਲਈ ਮੁੱਖ ਸੜਕ ਦੇ ਦੋਵੇਂ ਪਾਸੇ ਹਰੇ ਭਰੇ ਦਰੱਖ਼ਤ ਅਤੇ ਫੁੱਲ ਬੂਟੇ ਲਗਾਏ ਜਾਣਗੇ।
ਉਧਰ, ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਅਤੇ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਨਵੇਂ ਵਰ੍ਹੇ ਦੇ ਸ਼ੁਰੂਆਤੀ ਦਿਨਾਂ ਵਿੱਚ 50 ਕਰੋੜ ਦੀ ਲਾਗਤ ਨਾਲ ਸਮੁੱਚੇ ਸ਼ਹਿਰ ਵਿੱਚ ਐਲਈਡੀ ਲਾਈਟਾਂ ਲਗਾ ਕੇ ਮੁਹਾਲੀ ਨੂੰ ਵਿਦੇਸ਼ੀ ਲੁੱਕ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਡੇਰਾਬੱਸੀ ਦੇ ਪਿੰਡ ਸਮਗੌਲੀ ਨੇੜੇ ਸੋਲਡ ਵੇਸਟ ਟਰੀਟਮੈਂਟ ਪਲਾਂਟ ਲਗਾਇਆ ਜਾਵੇਗਾ। ਇਸ ਸਬੰਧੀ ਸਾਰੀਆਂ ਖ਼ਾਮੀਆਂ ਅਤੇ ਕਾਨੂੰਨੀ ਅੜਚਨਾ ਦੂਰ ਕਰ ਲਈਆਂ ਗਈਆਂ ਹਨ। ਇਸ ਪਲਾਂਟ ਤੋਂ ਬਿਜਲੀ ਪੈਦਾ ਕਰਨ ਲਈ ਠੋਸ ਕਦਮ ਚੁੱਕੇ ਜਾਣਗੇ।
ਮੇਅਰ ਨੇ ਦੱਸਿਆ ਕਿ ਮੁਹਾਲੀ ਵਾਸੀਆਂ ਨੂੰ ਜਲਦੀ ਹੀ ਸਿਟੀ ਬੱਸ ਨਵੇਂ ਸਾਲ ਦੇ ਤੋਹਫ਼ੇ ਵਿੱਚ ਦਿੱਤੀ ਜਾਵੇਗੀ। ਇਸ ਸਬੰਧੀ ਸਟੇਟ ਟਰਾਂਸਪੋਰਟ ਵਿਭਾਗ ਵੱਲੋਂ ਬਕਾਇਆ ਰੂਟ ਪਲਾਨ ਵੀ ਤਿਆਰ ਕਰ ਲਿਆ ਗਿਆ ਹੈ ਅਤੇ ਇਸ ਪ੍ਰਾਜੈਕਟ ਨੂੰ ਛੇਤੀ ਨੇਪਰੇ ਚਾੜ੍ਹਨ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਚਾਰ ਦਹਾਕੇ ਪੁਰਾਣੇ ਸੀਵਰੇਜ ਨੂੰ ਬਦਲਿਆ ਜਾਵੇਗਾ। ਇਸ ਪ੍ਰਾਜੈਕਟ ’ਤੇ 3 ਕਰੋੜ ਰੁਪਏ ਖਰਚੇ ਜਾਣਗੇ। ਇਸ ਤੋਂ ਇਲਾਵਾ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਵੀਆਂ ਸਟਰੀਮ ਵਾਟਰ ਪਾਈਪ ਲਾਈਨਾਂ ਵੀ ਵਿਛਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਹਿਲੇ ਪੜਾਅ ਵਿੱਚ ਪੁਰਾਣੀ ਅਮਰਟੈਕਸ ਤੋਂ ਗੋਦਰੇਜ ਤੱਕ ਨਵੀਂ ਪਾਈਪਲਾਈਨ ਵਿਛਾਉਣ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ। ਮੇਅਰ ਨੇ ਦੱਸਿਆ ਕਿ ਹਾਲ ਹੀ ਵਿੱਚ ਗਮਾਡਾ ਤੋਂ 500 ਪਾਰਕ ਨਗਰ ਨਿਗਮ ਨੂੰ ਮਿਲ ਚੁੱਕੇ ਹਨ। ਸ਼ਹਿਰ ਵਾਸੀਆਂ ਦੀ ਸਹੂਲਤ ਲਈ ਇਨ੍ਹਾਂ ਪਾਰਕਾਂ ਨੂੰ ਸਰਗਾਹ ਬਣਾਇਆ ਜਾਵੇਗਾ। ਇਹੀ ਨਹੀਂ ਸ਼ਹਿਰ ਨੂੰ ਨਾਜਾਇਜ਼ ਰੇਹੜੀ ਫੜੀ ਤੋਂ ਮੁਕਤ ਕੀਤਾ ਜਾਵੇਗਾ। ਇਸ ਸਬੰਧੀ ਨਵੇਂ ਸਿਰਿਓਂ ਸਰਵੇ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਰੇਹੜੀ ਫੜੀ ਵਾਲਿਆਂ ਲਈ ਢੁਕਵੀਂ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਕਿਸੇ ਗ਼ਰੀਬ ਦਾ ਰੁਜ਼ਗਾਰ ਨਾ ਖੋਹਿਆ ਜਾ ਸਕੇ। ਉਂਜ ਉਨ੍ਹਾਂ ਇਹ ਕਿਹਾ ਕਿ ਗਲੀ ਮੁਹੱਲਿਆਂ ਵਿੱਚ ਘੁੰਮ ਫਿਰ ਕੇ ਫਲ ਤੇ ਸਬਜ਼ੀ ਵੇਚਣ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਬਸ਼ਰਤੇ ਉਹ ਸੜਕਾਂ ਕਿਨਾਰੇ ਜਾਂ ਫੁੱਟਪਾਥਾਂ ’ਤੇ ਆਪਣੇ ਪੱਕੇ ਟਿਕਾਣੇ ਨਾ ਬਣਾਉਣ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…