
ਸ਼ਹਿਰ ਵਾਸੀਆਂ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ਹੱਲ ਹੋਣ ਦੀ ਆਸ ਬੱਝੀ, ਨਸਬੰਦੀ ਲਈ ਵਰਕ ਆਰਡਰ ਜਾਰੀ
ਸੋਮਵਾਰ ਤੋਂ ਸ਼ੁਰੂ ਕੀਤੇ ਜਾਣਗੇ ਆਵਾਰਾ ਕੁੱਤਿਆਂ ਦੇ ਨਸਬੰਦੀ ਅਪਰੇਸ਼ਨ: ਸੰਚਾਲਕ ਰਾਹੁਲ ਬੰਸਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਮੁਹਾਲੀ ਵਾਸੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਮਿਲਣ ਦੀ ਆਸ ਬੱਝ ਗਈ ਹੈ। ਮੁਹਾਲੀ ਨਗਰ ਨਿਗਮ ਨੇ ਕੰਪੈਸ਼ਨ ਫਾਰ ਐਨੀਮਲ ਵੈਲਫੇਅਰ ਐਸੋਸੀਏਸ਼ਨ ਨੂੰ ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਵਰਕ ਆਰਡਰ ਜਾਰੀ ਕਰ ਦਿੱਤਾ ਹੈ। ਇਹ ਸੰਸਥਾ ਸੋਮਵਾਰ ਤੋਂ ਆਵਾਰਾ ਕੁੱਤਿਆਂ ਦੇ ਨਸਬੰਦੀ ਅਪਰੇਸ਼ਨ ਕਰਨ ਦਾ ਕੰਮ ਸ਼ੁਰੂ ਕਰੇਗੀ। ਮੁਹਾਲੀ ਨਿਗਮ ਵੱਲੋਂ ਇਸ ਸੰਸਥਾ ਨੂੰ 1125 ਰੁਪਏ ਪ੍ਰਤੀ ਜਾਨਵਰ (ਜੀਐਸਟੀ ਸਮੇਤ) ਦੇ ਹਿਸਾਬ ਨਾਲ ਪੈਸਿਆਂ ਦੀ ਅਦਾਇਗੀ ਕੀਤੀ ਜਾਵੇਗੀ।
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਿਸੇ ਵੀ ਕੰਪਨੀ\ਸੰਸਥਾ ਵੱਲੋਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਨਾ ਕੀਤੇ ਜਾਣ ਕਾਰਨ ਇਹ ਕੰਮ ਠੰਢੇ ਬਸਤੇ ਵਿੱਚ ਪਿਆ ਸੀ। ਇਸ ਦੌਰਾਨ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਕਾਫ਼ੀ ਵੱਧ ਗਈ ਹੈ ਅਤੇ ਹੁਣ ਤੱਕ ਆਵਾਰਾ ਕੁੱਤੇ ਕਾਫ਼ੀ ਲੋਕਾਂ ਨੂੰ ਕੱਟ ਚੁੱਕੇ ਹਨ, ਪ੍ਰੰਤੂ ਹੁਣ ਉਕਤ ਸੰਸਥਾ ਵੱਲੋਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕੀਤੇ ਜਾਣ ਤੋਂ ਬਾਅਦ ਮੁਹਾਲੀ ਨਿਗਮ ਵੱਲੋਂ ਨਸਬੰਦੀ ਅਪਰੇਸ਼ਨ ਲਈ ਵਰਕ ਆਰਡਰ ਜਾਰੀ ਕੀਤੇ ਗਏ ਹਨ।
ਡਿਪਟੀ ਮੇਅਰ ਨੇ ਦੱਸਿਆ ਕਿ ਉਪਰੋਕਤ ਸੰਸਥਾ ਵੱਲੋਂ ਚੰਡੀਗੜ੍ਹ ਵਿੱਚ ਵੀ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਸ਼ੁਰੂ ਹੋਣ ਨਾਲ ਜਿੱਥੇ ਆਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਵਾਧੇ ਨੂੰ ਠੱਲ੍ਹ ਪਵੇਗੀ, ਉੱਥੇ ਸ਼ਹਿਰ ਵਾਸੀਆਂ ਨੂੰ ਵੀ ਰਾਹਤ ਮਿਲੇਗੀ।
ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਕਰਨ ਵਾਲੀ ਸੰਸਥਾ ਕੰਪੈਸ਼ਨ ਫਾਰ ਐਨੀਮਲ ਵੈਲਫੇਅਰ ਐਸੋਸੀਏਸ਼ਨ ਦੇ ਸੰਚਾਲਕ ਰਾਹੁਲ ਬੰਸਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਇੱਥੇ ਆ ਗਈ ਹੈ ਅਤੇ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੈਂਟਰ ਦੇ ਰੱਖ-ਰਖਾਓ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਨੂੰ ਆਸ ਹੈ ਕਿ ਅਗਲੇ ਇੱਕ ਦੋ ਦਿਨਾਂ ਤੱਕ ਇਹ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ ਅਤੇ ਸੋਮਵਾਰ ਤੋਂ ਹਰ ਹਾਲ ਵਿੱਚ ਆਵਾਰਾ ਕੁੱਤਿਆਂ ਦੇ ਨਸਬੰਦੀ ਦੇ ਅਪਰੇਸ਼ਨ ਕਰਨ ਦਾ ਕੰਮ ਆਰੰਭ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਕਈ ਕਾਰੀਗਰ ਅਤੇ ਮਜ਼ਦੂਰ ਡਾਗ ਸ਼ੈਲਟਰ ਦੀ ਰੈਨੋਵੇਸ਼ਨ ਅਤੇ ਹੋਰ ਪ੍ਰਬੰਧ ਮੁਕੰਮਲ ਕਰਨ ਦੇ ਕੰਮ ਵਿੱਚ ਜੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਸੈਂਟਰ ਦੀ ਸਮਰਥਾ ਅਨੁਸਾਰ ਇੱਥੇ ਰੋਜ਼ਾਨਾ ਕਰੀਬ ਦੋ ਦਰਜਨ ਅਪਰੇਸ਼ਨ ਕੀਤੇ ਜਾਣਗੇ ਅਤੇ ਅਪਰੇਸ਼ਨ ਤੋਂ ਬਾਅਦ ਆਵਾਰਾ ਕੁੱਤੇ ਅਤੇ ਕੁੱਤੀ ਨੂੰ ਦੋ ਤਿੰਨ ਦਿਨ ਦੇਖਭਾਲ ਲਈ ਡਾਗ ਸ਼ੈਲਟਰ ਵਿੱਚ ਹੀ ਰੱਖਿਆ ਜਾਵੇਗਾ।