ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣਾ ਮਾਨ ਸਰਕਾਰ ਦੀ ਤਰਜੀਹ: ਧਾਲੀਵਾਲ

ਕਿਹਾ ਸਰਪੰਚ ਤੇ ਪਿੰਡ ਵਾਸੀ ਰਾਜਨੀਤੀ ਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ’ਚ ਸਹਿਯੋਗ ਦੇਣ

ਗਰਾਮ ਸਭਾ ਦੇ ਸਾਉਣੀ ਆਮ ਇਜਲਾਸ ਤਹਿਤ ‘ਮੇਰਾ ਪਿੰਡ ਮੇਰੀ ਰੂਹ’ ਮੁਹਿੰਮ ਦਾ ਕੀਤਾ ਆਗਾਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ:
ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਪੰਚ/ਸਰਪੰਚ ਅਤੇ ਪਿੰਡ ਵਾਸੀ ਰਾਜਨੀਤੀ ਅਤੇ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਆਪਣੇ ਪਿੰਡ ਦੇ ਵਿਕਾਸ ’ਚ ਸਹਿਯੋਗ ਦੇਣਾ ਯਕੀਨੀ ਬਣਾਉਣ। ਇਹ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਵਿਕਾਸ ਭਵਨ ਵਿਖੇ ਸਾਉਣੀ ਦੇ ਆਮ ਇਜਲਾਸ ਅਤੇ ਪੰਚਾਇਤੀ ਰਾਜ ਦੇ ਚੁਣੇ ਹੋਏ ਨੁਮਾਇੰਦਿਆਂ ਲਈ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਨ ਮੌਕੇ ਕੀਤਾ।
ਸ੍ਰੀ ਧਾਲੀਵਾਲ ਨੇ ਗਰਾਮ ਸਭਾ ਦੇ ਸਾਉਣੀ ਆਮ ਇਜਲਾਸ ਤਹਿਤ ‘ਮੇਰਾ ਪਿੰਡ ਮੇਰੀ ਰੂਹ’ ਮੁਹਿੰਮ ਦਾ ਆਗਾਜ਼ ਕਰਦਿਆਂ ਕਿਹਾ ਕਿ ਪਿੰਡ ਵਾਸੀ ਤੇ ਚੁਣੇ ਹੋਏ ਨੁਮਾਇੰਦੇ ਖ਼ੁਦ ਤੈਅ ਕਰਨ ਕਿ ਉਹ ਆਪਣੇ ਪਿੰਡਾਂ ’ਚ ਕਿਹਾ ਜਿਹਾ ਵਿਕਾਸ ਚਾਹੁੰਦੇ ਹਨ। ਆਮ ਇਜਲਾਸ ਸਾਲ ਵਿੱਚ ਦੋ ਵਾਰ ਹਾੜ੍ਹੀ (ਜੂਨ) ਅਤੇ ਸਾਉਣੀ (ਦਸੰਬਰ) ਵਿੱਚ ਕਰਵਾਇਆ ਜਾਣਾ ਜ਼ਰੂਰੀ ਹੈ, ਜਿਸ ਵਿੱਚ ਗਰਾਮ ਸਭਾ ਆਪਣੀ ਪੰਚਾਇਤ ਦੀ ਅਗਲੇ ਵਿੱਤੀ ਸਾਲ ਲਈ ਆਮਦਨ ਅਤੇ ਖ਼ਰਚ ਸਬੰਧੀ ਬਜਟ ਅਨੁਮਾਨ ਅਤੇ ਵਿਕਾਸ ਲਈ ਸਾਲਾਨਾ ਯੋਜਨਾ ਪਾਸ ਕਰਦੀ ਹੈ। ਇਸ ਸਬੰਧੀ ਵਿਭਾਗ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕਰਨ ਜਾ ਰਿਹਾ ਹੈ, ਜਿਸ ਰਾਹੀਂ ਪੰਚਾਂ/ਸਰਪੰਚਾਂ ਨੂੰ ਗਰਾਂਟ ਖ਼ਰਚਣ ਤੇ ਬਕਾਇਆ ਰਾਸ਼ੀ ਅਤੇ ਹੋਰ ਜਾਣਕਾਰੀ ਮੋਬਾਈਲ ਫੋਨ ’ਤੇ ਮੁਹੱਈਆ ਕਰਵਾਈ ਜਾਵੇਗੀ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਮ ਇਜਲਾਸ ਦੀ ਮਹੱਤਤਾ ਨੂੰ ਨਹੀਂ ਸਮਝਿਆ ਅਤੇ ਗਰਾਮ ਸਭਾਵਾਂ ਨੂੰ ਤਬਾਹ ਕਰਨ ’ਚ ਕੋਈ ਕਸਰ ਨਹੀਂ ਛੱਡੀ। ਸਰਪੰਚ ਭਾਵੇਂ ਕਿਸੇ ਵੀ ਸਿਆਸੀ ਧਿਰ ਨਾਲ ਜੁੜਿਆ ਹੋਵੇ ਪ੍ਰੰਤੂ ਸਰਕਾਰ ਪਿੰਡਾਂ ਦਾ ਬਿਨਾਂ ਪੱਖਪਾਤ ਤੋਂ ਵਿਕਾਸ ਕਰੇਗੀ ਅਤੇ ਪਿਛਲੇ ਲਗਪਗ 8 ਮਹੀਨਿਆਂ ਦੌਰਾਨ 10 ਹਜ਼ਾਰ ਏਕੜ ਤੋਂ ਵੱਧ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ, ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਅਤੇ ਪੰਚਾਇਤਾਂ ਵੱਲੋਂ ਖਰਚੇ ਜਾ ਰਹੇ ਫੰਡਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਇਸ ਮੌਕੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ, ਜੁਆਇੰਟ ਡਿਵੈਲਪਮੈਂਟ ਕਮਿਸ਼ਨਰ ਅਮਿਤ ਕੁਮਾਰ, ਜੁਆਇੰਟ ਡਾਇਰੈਕਟਰ ਸੰਜੀਵ ਗਰਗ, ਡਿਪਟੀ ਡਾਇਰੈਕਟਰ ਜਤਿੰਦਰ ਸਿੰਘ ਬਰਾੜ, ਐਸਆਈਡੀਆਰ ਦੇ ਸਟੇਟ ਰਿਸੋਰਸ ਪਰਸਨ ਸਿਖਲਾਈ ਗੁਰਮੇਲ ਸਿੰਘ ਢਿੱਲੋਂ ਅਤੇ ਵੱਡੀ ਗਿਣਤੀ ਵਿੱਚ ਪੰਚ ਤੇ ਸਰਪੰਚ ਹਾਜ਼ਰ ਸਨ। ਇਸ ਤੋਂ ਸਮੂਹ ਬਲਾਕਾਂ ਦੇ ਬੀਡੀਪੀਓਜ਼, ਪੰਚਾਇਤ ਸਕੱਤਰ ਤੇ ਹੋਰ ਪੰਚ ਤੇ ਸਰਪੰਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…