ਸੀਐਮ ਦੀ ਯੋਗਸ਼ਾਲਾ ਦਾ ਭਰਪੂਰ ਲਾਹਾ ਲੈ ਰਹੇ ਨੇ ਸ਼ਹਿਰ ਵਾਸੀ
ਮੁਹਾਲੀ ਵਿੱਚ ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ ਲਗਾਏ ਜਾ ਰਹੇ ਨੇ 6 ਯੋਗ ਅਭਿਆਸ ਸੈਸ਼ਨ
ਨਬਜ਼-ਏ-ਪੰਜਾਬ, ਮੁਹਾਲੀ, 19 ਜਨਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਵੱਡੀ ਗਿਣਤੀ ਵਿੱਚ ਲੋਕ ਸੀਐਮ ਦੀ ਯੋਗਸ਼ਾਲਾ ਦਾ ਲਾਹਾ ਲੈ ਰਹੇ ਹਨ ਅਤੇ ਯੋਗ ਅਭਿਆਸ ਨਾਲ ਪੁਰਾਣੀਆਂ ਬੀਮਾਰੀਆਂ ਤੋਂ ਛੁਟਕਾਰਾ ਵੀ ਪਾ ਰਹੇ ਹਨ। ਮੁਹਾਲੀ ਦੀ ਐਸਡੀਐਮ ਦਮਨਦੀਪ ਕੌਰ ਨੇ ਦੱਸਿਆ ਕਿ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ ਯੋਗਾ ਸੈਸ਼ਨ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਹਜ਼ਾਰਾਂ ਲੋਕ ਰੋਜ਼ਾਨਾ ਯੋਗ ਕਲਾਸਾਂ ਲਗਾ ਰਹੇ ਹਨ।
ਉਨ੍ਹਾਂ ਕਿਹਾ ਕਿ ਨਿਰੰਤਰ ਯੋਗਾ ਅਭਿਆਸ ਲੋਕਾਂ ਨੂੰ ਬੀਮਾਰੀ ਰਹਿਤ ਜੀਵਨ ਦੇਣ ਲਈ ਵਰਦਾਨ ਸਿੱਧ ਹੋ ਰਿਹਾ ਹੈ। ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲ ਦਾ ਲੋਕਾਂ ਨੂੰ ਕਾਫ਼ੀ ਲਾਭ ਹੋ ਰਿਹਾ ਹੈ। ਲੋਕ ਛੋਟੀਆਂ-ਛੋਟੀਆਂ ਸਿਹਤ ਸਮੱਸਿਆਵਾਂ ਘਰ ਬੈਠੇ ਹੀ ਯੋਗ ਸਾਧਨਾ ਰਾਹੀਂ ਠੀਕ ਕਰ ਰਹੇ ਹਨ। ਇਹੀ ਨਹੀਂ ਬਹੁਤ ਸਾਰੇ ਲੋਕਾਂ ਨੇ ਅਭਿਆਸ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਨਿਜਾਤ ਪਾਈ ਹੈ।
ਐਸਡੀਐਮ ਦਮਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਦਲਦੀ ਜੀਵਨਸ਼ੈਲੀ ਦੇ ਮੱਦੇਨਜ਼ਰ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਯੋਗਾ ਸਿਖਲਾਈ ਦੇ ਕੇ ਮੁੜ ਤੰਦਰੁਸਤੀ ਭਰੀ ਜੀਵਨ ਸ਼ੈਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਯੋਗਾ ਟਰੇਨਰ ਸੁਰਿੰਦਰਾ ਝਾਅ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਜਿਨ੍ਹਾਂ ਵਿੱਚ ਪਹਿਲੀ ਕਲਾਸ ਐਸਸੀਐਲ ਸੁਸਾਇਟੀ ਸੈਕਟਰ-70 ਵਿੱਚ ਸਵੇਰੇ 5.45 ਵਜੇ ਤੋਂ 6.45 ਵਜੇ ਤੱਕ, ਦੂਜੀ ਕਲਾਸ ਇੰਪਲਾਈਜ਼ ਸੁਸਾਇਟੀ ਸੈਕਟਰ-68 ਵਿੱਚ ਸਵੇਰੇ 7.15 ਵਜੇ ਤੋਂ 8.15 ਵਜੇ ਤੱਕ, ਤੀਜੀ ਕਲਾਸ ਯੂਨਾਈਟਿਡ ਕੋਆਪਰੇਟਿਵ ਸੁਸਾਇਟੀ ਸੈਕਟਰ-68 ਵਿੱਚ ਸਵੇਰੇ 8.45 ਵਜੇ ਤੋਂ 9.45 ਵਜੇ ਤੱਕ, ਚੌਥੀ ਕਲਾਸ ਪਾਰਕ ਨੰਬਰ-7 ਪਿਛਲੇ ਪਾਸੇ ਸਪੋਰਟਸ ਕੰਪਲੈਕਸ ਸੈਕਟਰ-78 ਵਿੱਚ ਸਵੇਰੇ 10.15 ਤੋਂ 11.15 ਵਜੇ ਤੱਕ ਅਤੇ ਪੰਜਵੀਂ ਕਲਾਸ ਮੁਹਾਲੀ ਇੰਪਲਾਈਜ਼ ਕੋਆਪਰੇਟਿਵ ਸੁਸਾਇਟੀ ਸੈਕਟਰ-68 ਵਿਚ ਸ਼ਾਮ 4 ਵਜੇ ਤੋਂ 5 ਵਜੇ ਤੱਕ ਅਤੇ ਛੇਵੀਂ ਕਲਾਸ ਅੰਬੇਡਕਰ ਭਵਨ ਸੈਕਟਰ-69 ਵਿਚ ਸ਼ਾਮ 5.10 ਤੋਂ 6.10 ਵਜੇ ਤੱਕ ਲਗਾਈ ਜਾਂਦੀ ਹੈ।
ਟਰੇਨਰ ਸੁਰਿੰਦਰਾ ਝਾਅ ਨੇ ਦੱਸਿਆ ਕਿ ਸ਼ਹਿਰ ਵਾਸੀ ਇਨ੍ਹਾਂ ਸੈਸ਼ਨਾਂ ਵਿੱਚ ਸਵੈ-ਇੱਛਾ ਨਾਲ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ‘ਸਾਡੇ ਕੋਲ ਇੱਕ ਵੈੱਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ ’ਤੇ ਸੰਪਰਕ ਕਰਕੇ ਚਾਹਵਾਨ ਵਿਅਕਤੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਅੱਪ ਨੰਬਰ ’ਤੇ ਕਾਲ/ ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਯੋਗ-ਆਸਣਾਂ ਵਿੱਚ ਇੱਕ ਸਿਹਤਮੰਦ ਜੀਵਨ ਜਿਊਣ ਲਈ ਰੋਜ਼ਾਨਾ ਕਸਰਤ ਕਰਕੇ ਮਨੁੱਖੀ ਸਰੀਰ ਦੀ ਸਰੀਰਕ ਤੰਦਰੁਸਤੀ ਨੂੰ ਬਹਾਲ ਕਰਨ ਦੀ ਜਾਦੂਈ ਸ਼ਕਤੀ ਹੁੰਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਸਿਹਤ ਲਾਭ ਲੈਣ ਦੀ ਅਪੀਲ ਕੀਤੀ।