Nabaz-e-punjab.com

ਮੁਹਾਲੀ ਵਿੱਚ ਲਾਵਾਰਿਸ ਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਤੋਂ ਸ਼ਹਿਰ ਵਾਸੀ ਤੇ ਰਾਹਗੀਰ ਪ੍ਰੇਸ਼ਾਨ

ਪੈਰੀਫੇਰੀ ਮਿਲਕਮੈਨ ਯੂਨੀਅਨ ਨੇ ਚੁੱਕਿਆ ਮੁੱਦਾ, ਮੁਹਾਲੀ ਪ੍ਰਸ਼ਾਸਨ ਤੇ ਸਰਕਾਰ ਤੋਂ ਸਮੱਸਿਆ ਹੱਲ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਹੁਣ ਤੱਕ ਕਈ ਲੋਕ ਫੌਤ ਹੋ ਚੁੱਕੇ ਹਨ ਅਤੇ ਕਈ ਰਾਹਗੀਰ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ, ਪ੍ਰੰਤੂ ਪੰਜਾਬ ਸਰਕਾਰ ਅਤੇ ਮੁਹਾਲੀ ਪ੍ਰਸ਼ਾਸਨ ਬੇਬਸ ਨਜ਼ਰ ਆ ਰਿਹਾ ਹੈ। ਪ੍ਰਸ਼ਾਸਨ ਦੀ ਅਣਦੇਖੀ ਦੇ ਚੱਲਦਿਆਂ ਹੁਣ ਪਸ਼ੂਆਂ ਨੇ ਸੜਕ ਅਤੇ ਗਰੀਨ ਬੈਲਟਾਂ ਨੂੰ ਆਪਣਾ ਰੈਣ ਬਸੇਰਾ ਬਣਾ ਲਿਆ ਹੈ ਅਤੇ ਪਾਰਕ ਪਸ਼ੂ ਚਰਾਂਦ ਬਣਦੇ ਜਾ ਰਹੇ ਹਨ। ਮੁੱਖ ਸੜਕਾਂ ’ਤੇ ਪਸ਼ੂਆਂ ਦੇ ਬੈਠਣ ਅਤੇ ਟੋਲੀਆਂ ਬੰਨ੍ਹ ਕੇ ਘੁੰਮਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਅੱਜ ਮੁਹਾਲੀ ਤੋਂ ਚੰਡੀਗੜ੍ਹ ਜਾਣ ਵਾਲੀ ਮੁੱਖ ਸੜਕ ’ਤੇ ਪੈਟਰੋਲ ਪੰਪ ਨੇੜੇ ਕੁਝ ਪਸ਼ੂ ਲਗਾਤਾਰ ਕਾਫੀ ਸਮੇਂ ਤੱਕ ਬੈਠੇ ਰਹੇ। ਜਦੋਂਕਿ ਅਧਿਕਾਰੀ ਬੇਖ਼ਬਰ ਹਨ।
ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ-ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਹੈ ਕਿ ਸੜਕਾਂ ’ਤੇ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਜਦੋਂਕਿ ਕੁਝ ਸਮਾਂ ਪਹਿਲਾਂ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਨੇੜਲੇ ਪਿੰਡ ਸਿਆਊ ਦੀ ਇਕ ਅੌਰਤ ਜਰਨੈਲ ਕੌਰ ਨੂੰ ਭੂਤਰੇ ਹੋਏ ਆਵਾਰਾ ਸਾਨ੍ਹ ਨੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਪੀੜਤ ਅੌਰਤ ਦਾ ਮੋਢਾ ਟੁੱਟ ਗਿਆ ਹੈ ਅਤੇ ਇਕ ਲੱਤ ਉੱਤੇ ਵੀ ਅੱਠ ਟਾਂਕੇ ਲੱਗੇ ਹਨ। ਇੰਝ ਹੀ ਪਿਛਲੇ ਦਿਨੀਂ ਪਿੰਡ ਬ੍ਰਾਹਮਣ ਬਾਸੀਆਂ ਪਿੰਡ ਦੀ ਅੌਰਤ ਗੁਰਜੀਤ ਕੌਰ ਸੈਕਟਰ-16 ਚੰਡੀਗੜ੍ਹ ਹਸਪਤਾਲ ’ਚੋਂ ਦਵਾਈ ਲੈ ਕੇ ਵਾਪਸ ਆਪਣੇ ਘਰ ਪਰਤ ਰਹੀ ਸੀ। ਉਸ ਨੂੰ ਮੁਹਾਲੀ ਖਰੜ ਨੈਸ਼ਨਲ ਹਾਈਵੇਅ-21 ’ਤੇ ਪਿੰਡ ਦੇਸੂਮਾਜਰਾ ਨੇੜੇ ਲਾਵਾਰਿਸ ਪਸ਼ੂ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਸੈਕਟਰ-16 ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਪੀੜਤ ਅੌਰਤ ਦੇ ਫੇਫੜੇ ਅਤੇ ਚਾਰ ਪੱਸਲੀਆਂ ਟੁੱਟ ਗਈਆਂ ਹਨ। ਇਸੇ ਤਰ੍ਹਾਂ ਪਿੰਡ ਭਾਗੋਮਾਜਰਾ ਵਿੱਚ ਬਜ਼ੁਰਗ ਮਾਤਾ ਸੁਖਦੇਵ ਕੌਰ ਆਪਣੇ ਪਸ਼ੂਆਂ ਦੇ ਵਾੜੇ ’ਚੋਂ ਘਰ ਆ ਰਹੀ ਸੀ ਕਿ ਇਕ ਸਾਨ੍ਹ ਨੇ ਟੱਕਰ ਮਾਰ ਕਰਕੇ ਬੂਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
ਇਸ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਖੇਤਾਂ ਵਿੱਚ ਲਾਵਾਰਿਸ ਪਸ਼ੂ ਕਿਸਾਨਾਂ ਦੀਆਂ ਫਸਲਾਂ ਅਤੇ ਸਬਜ਼ੀਆਂ ਦਾ ਨੁਕਸਾਨ ਕਰਦੇ ਹਨ। ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਸੂਬਾ ਸਰਕਾਰ ਅਤੇ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਫੌਰੀ ਹੱਲ ਕੀਤਾ ਜਾਵੇ ਅਤੇ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਬਾਸੀਆਂ, ਜਸਵੀਰ ਸਿੰਘ ਨਰੈਣਾ, ਬਲਵਿੰਦਰ ਸਿੰਘ ਬੀੜ, ਮਨਜੀਤ ਸਿੰਘ ਹੁਲਕਾ, ਸੰਤ ਸਿੰਘ ਕੁਰੜੀ, ਸਤਪਾਲ ਸਿੰਘ, ਜਗੀਰ ਸਿੰਘ, ਮਨਜੀਤ ਸਿੰਘ ਸੈਣੀ, ਨਰਿੰਦਰ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…