ਸ਼ਹਿਰ ਵਾਸੀਆਂ ਨੂੰ ਸੀਵਰੇਜ ਤੇ ਡਰੇਨੇਜ ਜਾਮ ਹੋਣ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ

ਸੀਵਰੇਜ ਤੇ ਡਰੇਨੇਜ ਜਾਮ ਖੋਲ੍ਹਣ ਲਈ ਨਗਰ ਨਿਗਮ ਨੇ ਦੋ ਹੋਰ ਮਸ਼ੀਨਾਂ ਖ਼ਰੀਦੀਆਂ: ਮੇਅਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਮੁਹਾਲੀ ਨਗਰ ਨਿਗਮ ਨੇ ਸੀਵਰੇਜ ਅਤੇ ਡਰੇਨਾਂ ਦੀ ਸਫ਼ਾਈ ਲਈ 80 ਲੱਖ ਰੁਪਏ ਦੀ ਲਾਗਤ ਨਾਲ ਦੋ ਹੋਰ ਨਵੀਆਂ ਮਸ਼ੀਨਾਂ ਦੀ ਖ਼ਰੀਦੀਆਂ ਹਨ। ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਨਿਗਮ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਇਨ੍ਹਾਂ ਦੋਵੇਂ ਮਸ਼ੀਨਾਂ ਦਾ ਨਿਰੀਖਣ ਕੀਤਾ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦਾ ਖੇਤਰਫਲ ਵਧਣ ਦੇ ਨਾਲ-ਨਾਲ ਜਨ ਸਿਹਤ ਵਿਭਾਗ ਨੂੰ ਸੀਵਰੇਜ ਅਤੇ ਡਰੇਨੇਜ ਜਾਮ ਖੋਲ੍ਹਣ ਵਿੱਚ ਕਾਫ਼ੀ ਸਮੱਸਿਆ ਆਉਂਦੀ ਸੀ ਅਤੇ ਇਕ ਹੀ ਮਸ਼ੀਨ ਹੋਣ ਕਾਰਨ ਜਾਮ ਹੋਏ ਸੀਵਰੇਜ ਖੋਲ੍ਹਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਸੀ ਪਰ ਹੁਣ ਸੀਵਰੇਜ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਬਾਵਾ ਵਾਈਟ ਹਾਊਸ ਵਾਲੀ ਸੜਕ ’ਤੇ ਨਵੀਂ ਸੀਵਰੇਜ ਲਾਈਨ ਪਾਈ ਜਾ ਚੁੱਕੀ ਹੈ ਅਤੇ ਸੈਕਟਰਾਂ ਵਿੱਚ ਸੀਵਰੇਜ ਅਤੇ ਡਰੇਨਾਂ ਦੀ ਸਫ਼ਾਈ ਲਈ ਦੋ ਨਵੀਆਂ ਮਸ਼ੀਨਾਂ ਖ਼ਰੀਦੀਆਂ ਗਈਆਂ ਹਨ। ਇਸ ਸਬੰਧੀ ਨਗਰ ਨਿਗਮ ਦੀ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਸੀ। ਇਨ੍ਹਾਂ ਮਸ਼ੀਨਾਂ ਵਿੱਚ ਇੱਕ ਜੈਟਿੰਗ ਵਾਲੀ ਮਸ਼ੀਨ ਹੈ ਅਤੇ ਦੂਜੀ ਸੈਕਸ਼ਨ ਵਾਲੀ ਮਸ਼ੀਨ ਹੈ। ਜੈਟ ਵਾਲੀ ਮਸ਼ੀਨ ਮਲਬੇ ਨੂੰ ਮੈਨ ਹੋਲ ਤੱਕ ਲਿਆਏਗੀ ਜਦੋਂਕਿ ਸੈਕਸ਼ਨ ਵਾਲੀ ਮਸ਼ੀਨ ਮੈਨ ਹੋਲ ਤੋਂ ਮਲਬਾ ਖਿੱਚੇਗੀ। ਇਸ ਮੌਕੇ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਸ਼ਹਿਰ ਦੇ ਵਿਸਤਾਰ ਅਤੇ ਆਬਾਦੀ ਵਧਣ ਨਾਲ ਸੀਵਰੇਜ ਅਤੇ ਸਟਾਰਮ ਸੀਵਰ ਜਾਮ ਹੋਣ ਦੀਆਂ ਸਮੱਸਿਆਵਾਂ ਆ ਰਹੀਆਂ ਸਨ। ਜਿਸ ਦੇ ਹੱਲ ਲਈ ਨਗਰ ਨਿਗਮ ਨੇ ਇਹ ਇੰਤਜ਼ਾਮ ਕੀਤੇ ਹਨ। ਇਨ੍ਹਾਂ ਮਸ਼ੀਨਾਂ ਨਾਲ ਹੁਣ ਫੌਰੀ ਤੌਰ ’ਤੇ ਸੀਵਰੇਜ ਅਤੇ ਡਰੇਨੇਜ ਜਾਮ ਨੂੰ ਖੋਲ੍ਹਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਮਸ਼ੀਨਾਂ ਜਨ ਸਿਹਤ ਵਿਭਾਗ ਦੇ ਹਵਾਲੇ ਕੀਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…