
ਸ਼ਹਿਰ ਵਾਸੀਆਂ ਨੂੰ ਜਲਦੀ ਮਿਲੇਗੀ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜਾਤ: ਬੇਦੀ
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਵਾਟਰ ਰਿਜ਼ਰਵਾਇਰ ਦੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਕੀਤਾ
ਅਗਲੇ ਮਹੀਨੇ ਚਾਲੂ ਕਰ ਦਿੱਤਾ ਜਾਵੇਗਾ ਫੇਜ਼-5 ਦਾ ਵਾਟਰ ਬੂਸਟਰ ਰਿਜ਼ਰਵਾਇਰ: ਬੇਦੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਮੁਹਾਲੀ ਵਾਸੀਆਂ ਨੂੰ ਨੇੜ ਭਵਿੱਖ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸ ਸਬੰਧੀ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਵਾਟਰ ਆਗੂਮਨਟੇਸ਼ਨ ਸਕੀਮ ਦੇ ਤਹਿਤ ਛੇ ਵਾਟਰ ਬੂਸਟਰ ਰਿਜ਼ਰਵਾਇਰ ਲਗਾਏ ਜਾ ਰਹੇ ਹਨ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਇੱਥੋਂ ਦੇ ਫੇਜ਼-5 ਵਿੱਚ ਵਾਟਰ ਰਿਜ਼ਰਵਾਇਰ ਦਾ ਦੌਰਾ ਕਰਕੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਵਾਟਰ ਰਿਜ਼ਰਵਾਇਰ ਅਤੇ ਬੂਸਟਰ ਪਲਾਂਟਾਂ ਵਿੱਚ 9 ਲੱਖ ਲੀਟਰ ਪਾਣੀ ਸਟੋਰ ਕੀਤਾ ਜਾਵੇਗਾ। ਇਨ੍ਹਾਂ ਬੂਸਟਰ ਪੰਪਾਂ ਰਾਹੀਂ ਫੇਜ਼-5, ਫੇਜ਼-3ਬੀ2 ਅਤੇ ਫੇਜ਼-4 ਵਿੱਚ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਸ੍ਰੀ ਬੇਦੀ ਨੇ ਦੱਸਿਆ ਕਿ ਫੇਜ਼-5 ਦਾ ਵਾਟਰ ਬੂਸਟਰ ਪਲਾਂਟ ਲਗਪਗ ਤਿਆਰ ਹੋ ਚੁੱਕਾ ਹੈ ਅਤੇ ਅਗਲੇ ਮਹੀਨੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਜੀਤ ਬੇਦੀ ਨੇ ਦੱਸਿਆ ਕਿ ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਪੰਜ ਹੋਰ ਵਾਟਰ ਰਿਜ਼ਰਵਾਇਰ ਅਤੇ ਬੂਸਟਰ ਪਲਾਂਟ ਵੱਖ-ਵੱਖ ਰਿਹਾਇਸ਼ੀ ਇਲਾਕਿਆਂ ਵਿੱਚ ਲਗਾਏ ਜਾ ਰਹੇ ਹਨ। ਜਿਨ੍ਹਾਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਨ੍ਹਾਂ ਵਾਟਰ ਰਿਜ਼ਰਵਾਇਰਾਂ ਵਿੱਚ ਨਹਿਰੀ ਪਾਣੀ ਸਟੋਰ ਕੀਤਾ ਜਾਵੇਗਾ ਅਤੇ ਹਰੇਕ ਰਿਜ਼ਰਵਾਇਰ ਦੇ ਨਾਲ 5-5 ਬੂਸਟਰ ਪੰਪ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਪਾਣੀ ਨੂੰ ਤੇਜ਼ ਪ੍ਰੈਸ਼ਰ ਨਾਲ ਬੂਸਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਚਾਲੂ ਹੋਣਨਾਲ ਮੁਹਾਲੀ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਨੂੰ ਬਰਬਾਦ ਨਾ ਕੀਤਾ ਜਾਵੇ ਸਗੋਂ ਵੱਧ ਤੋਂ ਵੱਧ ਪਾਣੀ ਦੀ ਬਚਤ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦਾ ਸੰਕਟ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦੀ ਬਰਬਾਦੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਮੁੱਲ ਵੀ ਨਹੀਂ ਮਿਲੇਗਾ।