NABAZ-E-PUNJAB.COM

ਮੁਹਾਲੀ ਦੇ ਸੈਕਟਰ-69 ਅਤੇ ਸੈਕਟਰ-61 ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਸ਼ਹਿਰ ਵਾਸੀਆਂ ਵੱਲੋਂ ਜ਼ਬਰਦਸਤ ਵਿਰੋਧ

ਕੌਂਸਲਰ ਬੀਬੀ ਕੁੰਭੜਾ ਦੀ ਅਗਵਾਈ ਹੇਠ ਵਫ਼ਦ ਡੀਸੀ ਨੂੰ ਮਿਲਿਆ, ਮੰਗ ਪੱਤਰ ਦੇ ਕੇ ਠੇਕਾ ਖੋਲ੍ਹਣ ’ਤੇ ਪਾਬੰਦੀ ਲਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਇੱਥੋਂ ਦੇ ਸੈਕਟਰ-69 ਵਿੱਚ ਗਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਸਾਹਮਣੇ ਪਾਰਕਿੰਗ ਵਾਲੀ ਥਾਂ ਵਿੱਚ ਦੂਜੀ ਵਾਰ ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਸੈਕਟਰ ਵਾਸੀ ਸੜਕਾਂ ’ਤੇ ਉੱਤਰ ਆਏ ਹਨ। ਇਸ ਸਬੰਧੀ ਅਕਾਲੀ ਕੌਂਸਲਰ ਬੀਬੀ ਰਜਿੰਦਰ ਕੌਰ ਕੁੰਭੜਾ ਦੀ ਅਗਵਾਈ ਹੇਠ ਅੱਜ ਸਾਥੀ ਕੌਂਸਲਰਾਂ ਅਤੇ ਸੈਕਟਰ ਵਾਸੀਆਂ ਦੇ ਇਕ ਸਾਂਝੇ ਵਫ਼ਦ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਅਤੇ ਰਿਹਾਇਸ਼ੀ ਖੇਤਰ ਵਿੱਚ ਸ਼ਰਾਬ ਠੇਕਾ ਖੋਲ੍ਹਣ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਇੱਥੇ ਨੇੜੇ ਹੀ ਦੂਨ ਇੰਟਰ ਨੈਸ਼ਨਲ ਪਬਲਿਕ ਸਕੂਲ ਵੀ ਹੈ। ਇਸੇ ਤਰ੍ਹਾਂ ਸੈਕਟਰ-61 ਵਿੱਚ ਗੁਰਦੁਆਰਾ ਬੀਬੀ ਭਾਨੀ ਜੀ ਤੋਂ ਮਹਿਜ਼ 150 ਕੁ ਫੁੱਟ ਦੀ ਦੂਰੀ ’ ਫੇਜ਼-7 ਦੀ ਕੋਠੀ ਨੰਬਰ 364 ਤੋਂ 371 ਦੇ ਨਾਲ ਸ਼ਰਾਬ ਦਾ ਠੇਕਾ ਅਤੇ ਅਹਾਤਾ ਖੁੱਲਣ ਦਾ ਇਲਾਕੇ ਦੇ ਲੋਕਾਂ ਨੇ ਸਖ਼ਤ ਵਿਰੋਧ ਕੀਤਾ। ਇਲਾਕੇ ਦੀ ਕੌਂਸਲਰ ਹਰਵਿੰਦਰ ਕੌਰ ਲੰਗ ਨੇ ਮੰਗ ਕੀਤੀ ਕਿ ਸ਼ਰਾਬ ਦਾ ਠੇਕਾ ਕਿਸੇ ਹੋਰ ਥਾਂ ਤੁਰੰਤ ਤਬਦੀਲ ਕੀਤਾ ਜਾਵੇ।
ਬੀਬੀ ਰਜਿੰਦਰ ਕੌਰ ਕੁੰਭੜਾ ਨੇ ਕਿਹਾ ਹੈ ਕਿ ਸੈਕਟਰ-69 (ਵਾਰਡ ਨੰਬਰ-46) ਵਿੱਚ ਗਰੇਸ਼ੀਅਨ ਹਸਪਤਾਲ ਦੇ ਸਾਹਮਣੇ ਪਾਰਕਿੰਗ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ। ਇਸ ਸਬੰਧੀ ਬਕਾਇਦਾ ਲੋਹੇ ਦੀਆਂ ਟੀਨਾਂ ਦਾ ਸ਼ੈਡ ਵੀ ਬਣਾਇਆ ਜਾ ਚੁੱਕਾ ਹੈ। ਉਨ੍ਹਾਂ ਡੀਸੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਇਸ ਖੇਤਰ ਵਿੱਚ ਪਹਿਲਾਂ ਹੀ ਸ਼ਰਾਬ ਦੇ ਕਈ ਠੇਕੇ ਮੌਜੂਦ ਹਨ। ਯੂਥ ਅਕਾਲੀ ਦਲ ਹਲਕਾ ਮੁਹਾਲੀ ਦੇ ਪ੍ਰਧਾਨ ਹਰਮਨਜੋਤ ਸਿੰਘ ਕੁੰਭੜਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਇਸੇ ਥਾਂ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਨ੍ਹਾਂ ਦੇ ਪਿਤਾ ਸਵਰਗੀ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੇ ਵਿਰੋਧ ਕਾਰਨ ਅਧਿਕਾਰੀਆਂ ਨੇ ਠੇਕਾ ਖੋਲ੍ਹਣ ਦੀ ਕਾਰਵਾਈ ਬੰਦ ਕਰਵਾ ਦਿੱਤੀ ਸੀ। ਲੇਕਿਨ ਹੁਣ ਜਥੇਦਾਰ ਕੁੰਭੜਾ ਦੀ ਮੌਤ ਤੋਂ ਬਾਅਦ ਫਿਰ ਤੋਂ ਘਰਾਂ ਨੇੜੇ ਫਿਰ ਤੋਂ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ, ਜੋ ਕਿ ਨਿਯਮਾਂ ਦੇ ਖ਼ਿਲਾਫ਼ ਹੈ।
ਇਸੇ ਦੌਰਾਨ ਸਾਬਕਾ ਕੌਂਸਲਰ ਪਵਨ ਕੁਮਾਰ ਜੈਨ ਨੇ ਵੱਖਰੇ ਤੌਰ ’ਤੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੈਕਟਰ-69 ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਠੇਕੇ ਦੇ ਇੱਕ ਪਾਸੇ ਗਰੇਸ਼ੀਅਨ ਹਸਪਤਾਲ, ਦੂਜੇ ਪਾਸੇ ਦੂਨ ਸਕੂਲ, ਨੇੜਲਾ ਰਿਹਾਇਸ਼ੀ ਇਲਾਕਾ, ਹਸਪਤਾਲ ਦੇ ਸਾਹਮਣੇ ਫੂਡ ਸਟਰੀਟ, ਰੇਹੜੀ ਫੜੀ ਵਾਲੇ, ਸੈਕਟਰ-68 ਅਤੇ ਸੈਕਟਰ-69 ਦੇ ਦੋ ਬੱਸ ਸਟਾਪ ਅਤੇ ਮੇਨ ਰੋਡ ਹੈ। ਜਿਸ ਕਾਰਨ ਇੱਥੇ ਹਮੇਸ਼ਾ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਇਲਾਕਾ ਨਿਵਾਸੀਆਂ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।
ਉਧਰ, ਸੈਕਟਰ-61 ਵਿੱਚ ਗੁਰਦੁਆਰਾ ਬੀਬੀ ਭਾਨੀ ਜੀ ਤੋਂ 150 ਫੁੱਟ ਦੀ ਦੂਰੀ ’ਤੇ ਫੇਜ਼-7 ਵਿੱਚ ਨਾਲ ਸ਼ਰਾਬ ਦਾ ਠੇਕਾ ਅਤੇ ਅਹਾਤਾ ਖੁੱਲਣ ਦਾ ਇਲਾਕੇ ਦੇ ਲੋਕਾਂ ਨੇ ਤਿੱਖਾ ਵਿਰੋਧ ਕੀਤਾ ਹੈ। ਇਸ ਸਬੰਧੀ ਇਲਾਕੇ ਦੀ ਕੌਂਸਲਰ ਹਰਵਿੰਦਰ ਕੌਰ ਲੰਗ ਦੀ ਅਗਵਾਈ ਹੇਠ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਸ਼ਰਾਬ ਦਾ ਠੇਕਾ ਕਿਸੇ ਹੋਰ ਥਾਂ ਤੁਰੰਤ ਤਬਦੀਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸ਼ਰਾਬੀ ਠੇਕੇ ਨੇੜੇ ਹੁੱਲੜਬਾਜੀ ਅਤੇ ਮਾੜੀਆਂ ਹਰਕਤਾਂ ਕਰਦੇ ਹਨ। ਜਿਸ ਕਾਰਨ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਆਉਂਦੀ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…