
ਬਿਨਾਂ ਭੇਦਭਾਵ ਤੋਂ ਕੀਤਾ ਜਾਵੇਗਾ ਸ਼ਹਿਰ ਦਾ ਸਰਬਪੱਖੀ ਵਿਕਾਸ: ਜਗਮੋਹਨ ਕੰਗ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਜੂਨ:
ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੀਹ ‘ਤੇ ਲਿਆਉਣ ਦੇ ਮਨੋਰਥ ਨਾਲ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਸਥਾਨਕ ਨਗਰ ਕੌਂਸਲ ਵਿੱਚ ਕੌਂਸਲ ਦੇ ਅਧਿਕਾਰੀਆਂ, ਕੌਂਸਲਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਦੀ ਸਾਂਝੀ ਮੀਟਿੰਗ ਕੀਤੀ। ਇਸ ਮੌਕੇ ਕੰਗ ਨੇ ਅਧਿਕਾਰੀਆਂ ਨੂੰ ਸ਼ਹਿਰ ਦੇ ਨਿਕਾਸੀ ਤੇ ਸਾਫ-ਸਫਾਈ ਪ੍ਰਬੰਧਾਂ ਨੂੰ ਸਹੀ ਕਰਨ ਅਤੇ ਵੱਖ-ਵੱਖ ਵਾਰਡਾਂ ਦੀਆਂ ਹੋਰ ਸਮੱਸਿਆਵਾਂ ਤੁਰੰਤ ਹੱਲ ਕਰਨ ਦੀ ਹਦਾਇਤ ਕਰਦਿਆਂ ਕੀਤੇ ਕੰਮਾਂ ਦੀ ਦੋ ਹਫ਼ਤਿਆਂ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ। ਮੀਟਿੰਗ ਦੌਰਾਨ ਕੌਂਸਲਰ ਬਹਾਦਰ ਸਿੰਘ ਓ.ਕੇ ਸਿਲਾਈ ਮਸ਼ੀਨ ਵਾਲੇ ਨੇ ਸ਼ਹਿਰ ਦੀ ਚੰਡੀਗੜ੍ਹ ਰੋਡ ਦੇ ਨਿਕਾਸੀ ਪ੍ਰਬੰਧ ਦੀ ਖਸਤਾ ਹਾਲਤ ਸਬੰਧੀ ਜਾਣੂੰ ਕਰਵਾਇਆ, ਵਾਰਡ ਨੰਬਰ 14 ਤੋਂ ਕੌਂਸਲਰ ਤੇ ਦਿੱਗਜ ਕਾਂਗਰਸੀ ਆਗੂ ਸ਼ਿਵ ਵਰਮਾ ਨੇ ਵਾਰਡ ਨੰਬਰ 14 ਦੇ ਨਿਕਾਸੀ ਨਾਲੇ ਦੀ ਸਫਾਈ ਕਰਕੇ ਨਿਕਾਸੀ ਪ੍ਰਬੰਧ ਸਹੀ ਕਰਨ ਅਤੇ ਵਾਰਡ ਦੀਆਂ ਕੱਚੀਆਂ ਪਹੀਆਂ ਗਲੀਆਂਨੂੰ ਪੱਕੀਆਂ ਕਰਨ ਦੀ ਮੰਗ ਕੀਤੀ ਅਤੇ ਮੋਰਿੰਡਾ ਰੋਡ ਦੇ ਬੰਦ ਪਏ ਨਾਲੇ ਨੂੰ ਖੁਲਵਾਉਣ ਦੀ ਮੰਗ ਕੀਤੀ।
ਇਸ ਦੌਰਾਨ ਵਿਨੀਤ ਕਾਲੀਆ ਨੇ ਆਪਣੇ ਵਾਰਡ ਵਿੱਚ ਪਾਣੀ ਦੀ ਕਿੱਲਤ ਤੇ ਹਸਪਤਾਲ ਰੋਡ ‘ਤੇ ਬਣਾਏ ਕੂੜੇ ਕਰਕਟ ਦੇ ਡੰਪ ਕਾਰਨ ਹੋ ਰਹੀ ਪ੍ਰੇਸ਼ਾਨੀ ਦੇ ਹੱਲ ਮੰਗ ਕੀਤੀ। ਇਸ ਮੌਕੇ ਯੂਥ ਆਗੂ ਸੁਖਜਿੰਦਰ ਸਿੰਘ ਸੋਢੀ ਅਤੇ ਰਵਿੰਦਰ ਸਿੰਘ ਬਿੱਲਾ ਨੇ ਵਾਰਡ ਨੰਬਰ 12 ਦੇ ਰਹਿੰਦੇ ਕੰਮ, ਪੀਣ ਵਾਲੇ ਪਾਣੀ ਅਤੇ ਸਾਫ਼ ਸਫਾਈ ਲਈ ਲਗਾਏ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ। ਇਸੇ ਤਰ੍ਹਾਂ ਹੈਪੀ ਧੀਮਾਨ ਨੇ ਵਾਰਡ ਨੰਬਰ 1 ਵਿਚ ਰੇਲਵੇ ਪੁਲ ਉਤੇ ਲਾਈਟਾਂ ਲਗਾਉਣ ਅਤੇ ਪੁਲ ਅੱਗੇ ਟ੍ਰੈਫਿਕ ਦੀ ਸਮੱਸਿਆ ਲਈ ਟ੍ਰੈਫਿਕ ਪੁਲੀਸ ਦਾ ਪ੍ਰਬੰਧ ਕਰਨ ਦੀ ਮੰਗ ਰੱਖੀ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਰਕੇਸ਼ ਕਾਲੀਆ ਨੇ ਸ਼ਹਿਰ ਅੰਦਰ ਰਹਿੰਦੇ ਵਿਕਾਸ ਕਾਰਜਾਂ ਸਬੰਧੀ ਕੰਗ ਤੇ ਅਧਿਕਾਰੀਆਂ ਨੂੰ ਜਾਣੰੂ ਕਰਵਾਇਆ। ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਲਖਮੀਰ ਸਿੰਘ, ਯੂਥ ਆਗੂ ਰਮਾਕਾਂਤ ਕਾਲੀਆ, ਵਿਕਾਸ ਬੱਬੂ ਕੁਰਾਲੀ, ਦਿਨੇਸ਼ ਗੌਤਮ, ਚੰਦਰ ਮੋਹਨ ਵਰਮਾ, ਹਰਿੰਦਰ ਧੀਮਾਨ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ, ਏ.ਐਮ.ਈ ਰਾਜਬੀਰ ਸਿੰਘ, ਐਸ.ਓ ਅਨਿਲ ਕੁਮਾਰ ਹਾਜ਼ਰ ਸਨ।