
ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਿਵਲ ਤੇ ਪੁਲੀਸ ਅਧਿਕਾਰੀ ਸਿਰ ਜੋੜ ਕੇ ਬੈਠੇ
ਡੀਸੀ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਪੁਲੀਸ ਤੇ ਸਿਵਲ ਅਧਿਕਾਰੀਆਂ ਨੂੰ ਸਾਂਝੀ ਕਾਰਵਾਈ ਦੇ ਨਿਰਦੇਸ਼
ਪਰਾਲੀ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਸਬੰਧਤ ਖੇਤਰ ਦੇ ਐਸਐਚਓ ਵਿਰੁੱਧ ਹੋਵੇਗੀ ਕਾਰਵਾਈ: ਐਸਐਸਪੀ
ਫ਼ੀਲਡ ਅਫ਼ਸਰਾਂ ਨੂੰ ਇੱਕ ਘੰਟੇ ਦੇ ਅੰਦਰ ਘਟਨਾ ਵਾਲੀ ਥਾਂ ’ਤੇ ਪਹੁੰਚਣਾ ਯਕੀਨੀ ਬਣਾਉਣ ਦੇ ਹੁਕਮ
ਨਬਜ਼-ਏ-ਪੰਜਾਬ, ਮੁਹਾਲੀ, 8 ਨਵੰਬਰ:
ਪੰਜਾਬ ਸਮੇਤ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ, ਯੂਪੀ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਪਰੀਮ ਕੋਰਟ ਦੇ ਤਾਜ਼ਾ ਹੁਕਮਾਂ ਦੇ ਮੱਦੇਨਜ਼ਰ ਜ਼ਿਲ੍ਹਾ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੇ ਮੀਟਿੰਗ ਸੱਦ ਕੇ ਸਾਂਝੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਕਲੱਸਟਰ (10 ਤੋਂ ਵੱਧ ਪਿੰਡਾਂ) ਅਤੇ ਨੋਡਲ (ਹਰੇਕ ਪਿੰਡ ਲਈ) ਅਫ਼ਸਰਾਂ ਅਤੇ ਐਸਐਚਓਜ਼ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੇ ਕਿ ਪਰਾਲੀ ਸਾੜਨ ਦੀ ਕੋਈ ਘਟਨਾ ਨਾ ਵਾਪਰੇ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਐਸਐਸਪੀ ਸੰਦੀਪ ਗਰਗ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਪੱਸ਼ਟ ਕੀਤਾ ਕਿ ਪਰਾਲੀ ਸਾੜਨ ਦੇ ਇੱਕ ਵੀ ਮਾਮਲੇ ਵਿੱਚ ਸਬੰਧਤ ਕਲੱਸਟਰ/ਨੋਡਲ ਅਫ਼ਸਰ ਅਤੇ ਸਬੰਧਤ ਖੇਤਰ ਦੇ ਐਸਐਚਓ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ੀਲਡ ਵਿੱਚ ਤਾਇਨਾਤ ਸਿਵਲ ਅਤੇ ਪੁਲੀਸ ਅਧਿਕਾਰੀਆਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪੰਚਾਇਤਾਂ ਅਤੇ ਕਿਸਾਨਾਂ ਨੂੰ ਜਾਗਰੂਕ ਕਰਨਗੇ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 35 ਖੇਤ ਮਾਲਕਾਂ ਨੂੰ 1 ਲੱਖ ਦਾ ਜੁਰਮਾਨਾ ਕੀਤਾ ਜਾ ਚੁੱਕਾ ਹੈ।
ਡੀਸੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਨ, ਜਿੱਥੇ ਕਣਕ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਇਲਾਵਾ ਪਰਾਲੀ ਸਾੜਨ ਦੀਆਂ ਵਾਰ-ਵਾਰ ਘਟਨਾਵਾਂ ਵਾਪਰਨ ਵਾਲੇ ਖੇਤਰ/ਪਿੰਡਾਂ ਦੀ ਨਿਯਮਤ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਕਲੱਸਟਰ ਅਤੇ ਨੋਡਲ ਅਫ਼ਸਰਾਂ ਨੂੰ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਵਟਸਐਪ ’ਤੇ ਦੇਣਾ ਯਕੀਨੀ ਬਣਾਉਣ ਤਾਂ ਜੋ ਨੋਡਲ ਅਫ਼ਸਰ ਵੱਲੋਂ ਘਟਨਾ ਸਥਾਨ ਦਾ ਤੁਰੰਤ ਦੌਰਾ ਕੀਤਾ ਜਾ ਸਕੇ।
ਐਸਐਸਪੀ ਸੰਦੀਪ ਗਰਗ ਨੇ ਮੁਹਾਲੀ ਜ਼ਿਲ੍ਹੇ ਦੀਆਂ ਸਮੂਹ ਸਬ ਡਵੀਜ਼ਨਾਂ ਦੇ ਡੀਐਸਪੀਜ਼ ਅਤੇ ਥਾਣਿਆਂ ਦੇ ਐਸਐਚਓਜ਼ ਨੂੰ ਹਦਾਇਤ ਕੀਤੀ ਕਿ ਉਹ ਐਸਡੀਐਮਜ਼ ਅਤੇ ਹੋਰ ਅਧਿਕਾਰੀਆਂ ਦੇ ਸੰਪਰਕ ਵਿੱਚ ਰਹਿਣ ਤਾਂ ਜੋ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸੁਪਰੀਮ ਕੋਰਟ ਦੇ ਸਖ਼ਤ ਹੁਕਮਾਂ ਦੇ ਮੱਦੇਨਜ਼ਰ ਕੋਈ ਵੀ ਢਿੱਲ-ਮੱਠ ਉਨ੍ਹਾਂ ਨੂੰ ਮਹਿੰਗੀ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਐਸਐਚਓਜ਼ ਨੂੰ ਸੂਚਨਾ ਮਿਲਦੀ ਹੈ ਤਾਂ ਉਹ ਘਟਨਾ ਸਥਾਨ ਦਾ ਦੌਰਾ ਕਰਨ ਅਤੇ ਖੇਤ ਵਿੱਚ ਪਹਿਲਾਂ ਤੋਂ ਤਾਇਨਾਤ ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ਬੁਝਾਉਣ।

ਮੀਟਿੰਗ ਵਿੱਚ ਏਡੀਸੀ ਵਿਰਾਜ ਐਸ ਤਿੜਕੇ, ਦਮਨਜੀਤ ਸਿੰਘ ਮਾਨ, ਸੋਨਮ ਚੌਧਰੀ, ਐਸਡੀਐਮਜ਼ ਚੰਦਰ ਜਯੋਤੀ ਸਿੰਘ, ਗੁਰਬੀਰ ਸਿੰਘ ਕੋਹਲੀ ਅਤੇ ਹਿਮਾਂਸ਼ੂ ਗੁਪਤਾ ਸਮੇਤ ਐਸਪੀ ਮਨਪ੍ਰੀਤ ਸਿੰਘ, ਹਰਿੰਦਰ ਸਿੰਘ ਮਾਨ, ਏਐਸਪੀ ਦਰਪਨ ਆਹਲੂਵਾਲੀਆ, ਡੀਐਸਪੀਜ਼ ਹਰਮਿਰਨ ਸਿੰਘ ਬੱਲ, ਧਰਮਵੀਰ ਸਿੰਘ, ਕਰਨ ਸਿੰਘ ਸੰਧੂ, ਪ੍ਰਭਜੋਤ ਕੌਰ, ਡੀਡੀਪੀਓ ਅਮਨਿੰਦਰ ਪਾਲ ਸਿੰਘ ਚੌਹਾਨ, ਕਾਰਜਕਾਰੀ ਇੰਜੀਨੀਅਰ ਗੁਰਸ਼ਰਨ ਦਾਸ, ਮੁੱਖ ਖੇਤੀਬਾੜੀ ਅਫ਼ਸਰ ਗੁਰਮੇਲ ਸਿੰਘ ਅਤੇ ਸਮੂਹ ਐਸਐਚਓਜ਼ ਤੇ ਬੀਡੀਪੀਓਜ਼ ਹਾਜ਼ਰ ਸਨ।