Nabaz-e-punjab.com

ਟਰੈਫ਼ਿਕ ਕੰਟਰੋਲ ਲਈ ਸਿਵਲ, ਪੁਲੀਸ ਤੇ ਨਗਰ ਨਿਗਮ ਦੇ ਅਧਿਕਾਰੀ ਸਾਂਝੇ ਯਤਨ ਕਰਨ: ਸ੍ਰੀਮਤੀ ਜੈਨ

ਮੁਹਾਲੀ ਵਿੱਚ ਟਰੈਫ਼ਿਕ ਲਾਈਟ ਪੁਆਇੰਟ ’ਤੇ ਜ਼ੈਬਰਾ ਕਰਾਸਿੰਗ ਤੇ ਡਿਵਾਈਡਰ ਪੱਟੀ ਲਗਾਉਣ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੁਹਾਲੀ ਸਿਵਲ ਤੇ ਪੁਲੀਸ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਗੰਭੀਰ ਵਿਚਾਰ ਚਰਚਾ ਕਰਦਿਆਂ ਆਵਾਜਾਈ ਪ੍ਰਬੰਧਨ ਵਿੱਚ ਆਉਂਦੀਆਂ ਦਿੱਕਤਾਂ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕਰਨ ਲਈ ਮੌਜੂਦ ਸੰਭਾਵਨਾਵਾਂ ਤਲਾਸ਼ੀਆਂ ਗਈਆਂ। ਇਸ ਸਬੰਧੀ ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਓਵਰ ਸਪੀਡ, ਓਵਰ ਲੋਡਿੰਗ ਵਾਹਨਾਂ, ਸ਼ਰਾਬ ਪੀ ਕੇ ਗੱਡੀ ਚਲਾਉਣ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਅਤੇ ਟਰੈਫ਼ਿਕ ਲਾਇਟਾਂ ਨੂੰ ਸੁਚਾਰੂ (ਸਿੰਕਰੋਨਾਈਜੇਸ਼ਨ) ਲਈ ਬਹੁ ਦਿਸ਼ਾਵੀ ਰਣਨੀਤੀ ਘੜੀ ਜਾ ਰਹੀ ਹੈ। ਉਨ੍ਹਾਂ ਸੜਕ ਹਾਦਸਿਆਂ ਨੂੰ ਠੱਲ੍ਹਣ ਲਈ ਜ਼ਿਆਦਾ ਹਾਦਸਿਆਂ ਵਾਲੀ ਥਾਵਾਂ ’ਤੇ ਬਾਕਾਇਦਾ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਲਈ ਕਿਹਾ। ਉਨ੍ਹਾਂ ਰੀਜ਼ਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਦੇ ਸਕੱਤਰ ਸੁਖਵਿੰਦਰ ਕੁਮਾਰ ਨੂੰ ਕਿਹਾ ਕਿ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਟਰੈਫ਼ਿਕ ਲਾਈਟ ਪੁਆਇੰਟਾਂ ’ਤੇ ਜ਼ੈਬਰਾ ਕਰਾਸਿੰਗ ਅਤੇ ਡਿਵਾਈਡਰ ਪੱਟੀ ਲਗਾਉਣ ਦਾ ਕੰਮ ਜੰਗੀ ਪੱਧਰ ’ਤੇ ਹੋਣਾ ਚਾਹੀਦਾ ਹੈ।
ਮੀਟਿੰਗ ਦੌਰਾਨ ਐਸਪੀ (ਟਰੈਫ਼ਿਕ) ਕੇਸਰ ਸਿੰਘ ਅਤੇ ਆਰਟੀਏ ਦੇ ਸਕੱਤਰ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉੱਤੇ ਸਾਂਝੇ ਤੌਰ ’ਤੇ 25 ਜਾਗਰੂਕਤਾ ਕੈਂਪ ਲਗਾਏ ਗਏ ਹਨ। ਇਸ ਤੋਂ ਇਲਾਵਾ ਟਰੈਫ਼ਿਕ ਪੁਲੀਸ ਨੇ ਓਵਰਲੋਡ ਟਰੱਕਾਂ ਦੇ 225 ਚਲਾਨ ਅਤੇ ਓਵਰਲੋਡ ਥ੍ਰੀ ਵੀਲ੍ਹਰਾਂ ਦੇ 70 ਚਲਾਨ ਕੀਤੇ ਹਨ। ਸੁਖਵਿੰਦਰ ਕੁਮਾਰ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਸਮੁੱਚੇ ਜ਼ਿਲ੍ਹੇ ਵਿੱਚ ਹੁਣ ਤੱਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕਰਕੇ 66 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਰਵਾਇਤੀ ਟਰੈਫ਼ਿਕ ਸਿਗਨਲ ਪ੍ਰਣਾਲੀ ਦੀ ਥਾਂ ਆਧੁਨਿਕ ਸੈਂਸਰ ਆਧਾਰਿਤ ਟਰੈਫ਼ਿਕ ਸਿਗਨਲ ਪ੍ਰਣਾਲੀ ਵਿਕਸਤ ਕੀਤੀ ਗਈ ਹੈ।
ਮੀਟਿੰਗ ਵਿੱਚ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਕਨੂੰ ਥਿੰਦ, ਐਸਡੀਐਮ ਡੇਰਾਬੱਸੀ ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਯਸ਼ਪਾਲ ਸ਼ਰਮਾ, ਐਨਜੀਓ ‘ਅਵੌਇਡ ਐਕਸੀਡੈਂਟ’ ਦੇ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…