nabaz-e-punjab.com

ਸਿਵਲ ਸਰਜਨ ਨੇ ਕਰੋਨਾਵਾਇਰਸ ਬਾਰੇ ਸਮੂਹ ਥਾਣਾ ਮੁਖੀਆਂ ਤੇ ਪੁਲੀਸ ਜਵਾਨਾਂ ਕੀਤਾ ਜਾਗਰੂਕ

ਐਸਐਸਪੀ ਦਫ਼ਤਰ ਦੇ ਕਮੇਟੀ ਰੂਮ ਵਿੱਚ ਐਸਐਚਓਜ਼ ਤੇ ਪੁਲੀਸ ਮੁਲਾਜ਼ਮਾਂ ਦੀ ਸਾਂਝੀ ਵਰਕਸ਼ਾਪ ਕਰਵਾਈ

‘ਮੈਂ ਕਰੋਨਾਵਾਇਰਸ ਤੋਂ ਪੀੜਤ ਨਹੀਂ, ਸਿਰਫ਼ ਅਹਿਤੀਆਤ ਵਰਤ ਰਿਹਾ ਹਾਂ’: ਡੀਸੀ ਗਿਰੀਸ਼ ਦਿਆਲਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਦੇਸ਼ ਵਿੱਚ ਕਰੋਨਾਵਾਇਰਸ ਨਾਲ ਦੋ ਮੌਤਾਂ ਅਤੇ ਪੰਜਾਬ ਵਿੱਚ ਦੋ ਮਰੀਜ਼ ਮਿਲਣ ਤੋਂ ਬਾਅਦ ਸਿਹਤ ਵਿਭਾਗ ਨੇ ਚੌਕਸੀ ਵਧਾ ਦਿੱਤੀ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਅੱਜ ਐਸਐਸਪੀ ਦਫ਼ਤਰ ਸਥਿਤ ਕਮੇਟੀ ਰੂਮ ਵਿੱਚ ਸਮੂਹ ਥਾਣਾ ਮੁਖੀਆਂ ਅਤੇ ਹੋਰ ਪੁਲੀਸ ਕਰਮਚਾਰੀਆਂ ਨੂੰ ਇਸ ਮਾਰੂ ਵਾਇਰਸ ਬਾਰੇ ਜਾਗਰੂਕ ਕਰਦਿਆਂ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੁਲੀਸ ਤੋਂ ਸਹਿਯੋਗ ਦੀ ਮੰਗ ਵੀ ਕੀਤੀ। ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ, ਮੈਡੀਸਨ ਸਪੈਸ਼ਲਿਸਟ ਡਾ. ਭੂਸ਼ਣ ਕੁਮਾਰ ਤੇ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੇ ਐਸਐਚਓਜ਼ ਅਤੇ ਪੁਲੀਸ ਚੌਕੀਆਂ ਦੇ ਇੰਚਾਰਜ ਵੀ ਮੌਜੂਦ ਸਨ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀ ਪਹਿਲੇ ਪੜਾਅ ’ਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਪਹਿਲੀ ਕੋਸ਼ਿਸ਼ ਹੈ। ਜੇਕਰ ਪੁਲੀਸ ਇਸ ਬਾਰੇ ਅਗਾਊਂ ਜਾਗਰੂਕ ਹੋਵੇਗੀ ਤਾਂ ਉਹ ਇਸ ਬਿਮਾਰੀ ਨਾਲ ਨਜਿੱਠਣ ਵਿੱਚ ਸਿਹਤ ਵਿਭਾਗ ਦੀ ਕਾਫ਼ੀ ਮਦਦ ਕਰ ਸਕਦੀ ਹੈ।
ਇੱਥੋਂ ਤੱਕ ਕਿ ਐਮਰਜੈਂਸੀ ਵਾਲੀ ਹਾਲਤ ਪੈਦਾ ਹੋਣ ’ਤੇ ਪੁਲੀਸ ਵਿਭਾਗ ਦੀ ਵੱਡੀ ਭੂਮਿਕਾ ਹੁੰਦੀ ਹੈ। ਕਿਸੇ ਸ਼ੱਕੀ ਮਰੀਜ਼ ਨੂੰ ਘਰੋਂ ਹਸਪਤਾਲ ਲਿਜਾਇਆ ਜਾਣਾ ਹੈ ਤਾਂ ਪੁਲੀਸ ਕਰਮਚਾਰੀਆਂ ਦੀ ਮਦਦ ਨਾਲ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਜਾ ਸਕੇਗਾ। ਤਾਂ ਕਿ ਮਰੀਜ਼ ਦੇ ਸੰਪਰਕ ਵਿੱਚ ਕੋਈ ਹੋਰ ਵਿਅਕਤੀ ਨਾ ਆ ਸਕੇ। ਸਬੰਧਤ ਇਲਾਕੇ ਵਿੱਚ ਨਾਕਾਬੰਦੀ ਕਰਨ ਅਤੇ ਵਕਤੀ ਤੌਰ ’ਤੇ ਆਵਾਜਾਈ ਰੋਕਣ ਸਣੇ ਇਸ ਬਿਮਾਰੀ ਬਾਰੇ ਅਫ਼ਵਾਹਾਂ, ਗ਼ਲਤ ਧਾਰਨਾਵਾਂ ਆਦਿ ਨੂੰ ਰੋਕਣ ਵਿੱਚ ਪੁਲੀਸ ਕਾਫ਼ੀ ਮਦਦਗਾਰ ਸਾਬਤ ਹੋ ਸਕਦੀ ਹੈ।
ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਕਰੋਨਾਵਾਇਰਸ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਸਾਵਧਾਨੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੁਲੀਸ ਦਾ ਕੰਮ ਲੋਕਾਂ ਦੀ ਸੇਵਾ ਕਰਨ ਦੇ ਨਾਲ-ਨਾਲ ਆਪਣਾ ਅਤੇ ਆਪਣੇ ਪਰਿਵਾਰ ਦਾ ਵੀ ਬਚਾਅ ਕਰਨਾ ਹੈ ਕਿਉਂਕਿ ਬਿਮਾਰੀ ਕਿਸੇ ਨੂੰ ਵੀ ਲਪੇਟ ਵਿੱਚ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਬਿਮਾਰੀ ਬਾਰੇ ਫਿਲਹਾਲ ਕੋਈ ਐਮਰਜੈਂਸੀ ਵਾਲੀ ਹਾਲਤ ਨਹੀਂ ਹੈ ਪਰ ਫਿਰ ਵੀ ਸਾਵਧਾਨੀ ਵਰਤਨੀ ਬਹੁਤ ਜ਼ਰੂਰੀ ਹੈ। ਉਂਜ ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਤੋਂ ਘਬਰਾਉਣ ਦੀ ਬਹੁਤੀ ਲੋੜ ਨਹੀਂ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ।
ਡਾ. ਹਰਮਨਦੀਪ ਨੇ ਕਿਹਾ ਕਿ ਜੇਕਰ ਕਿਸੇ ਪੁਲੀਸ ਥਾਣੇ ਵਿੱਚ ਕੋਈ ਵਿਅਕਤੀ ਕਿਸੇ ਕੰਮ ਆਉਂਦਾ ਹੈ ਅਤੇ ਉਸ ਵਿੱਚ ਕਰੋਨਾਵਾਇਰਸ ਦੇ ਲੱਛਣ ਦਿੱਸਣ ’ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਵੇ। ਨਾਲ ਹੀ ਅਜਿਹਾ ਕਰਨ ਸਮੇਂ ਖ਼ੁਦ ਵੀ ਸਾਵਧਾਨੀ ਵਰਤੀ ਜਾਵੇ। ਆਪਣਾ ਮੂੰਹ ਮਾਸਕ ਜਾਂ ਕੱਪੜੇ ਨਾਲ ਢਕਿਆ ਜਾਵੇ ਅਤੇ ਸਬੰਧਤ ਵਿਅਕਤੀ ਨੂੰ ਬੇਲੋੜਾ ਹੱਥ ਲਾਉਣ ਤੋਂ ਬਚਿਆ ਜਾਵੇ। ਵਧੇਰੇ ਜਾਣਕਾਰੀ ਲਈ ਮੈਡੀਕਲ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
(ਬਾਕਸ ਆਈਟਮ)
ਵਿਦੇਸ਼ ਤੋਂ ਪਰਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਪੱਸ਼ਟ ਕੀਤਾ ਕਿ ‘ਮੈਂ ਕਰੋਨਾਵਾਇਰਸ ਤੋਂ ਪੀੜਤ ਨਹੀਂ ਹਾਂ’ ਸਿਰਫ਼ ਅਹਿਤੀਆਤ ਦੇ ਤੌਰ ’ਤੇ 18 ਮਾਰਚ ਤੱਕ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰ ਵਿੱਚ ਸੰਗਰੋਧਿਤ (ਹਾਊਸ ਆਈਸੋਲੇਸ਼ਨ) ਹਾਂ। ਇਟਲੀ ਤੋਂ ਪਰਤਣ ਦੇ 18 ਦਿਨ ਬਾਅਦ ਵੀ ਇਸ ਦੇ ਲੱਛਣਾਂ ਤੋਂ ਮੁਕਤ ਹਾਂ।’ ਅੱਜ ਇੱਥੇ ਜਾਰੀ ਬਿਆਨ ਵਿੱਚ ਗਿਰੀਸ਼ ਦਿਆਲਨ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਹਨ ਕਿ ਪ੍ਰਭਾਵਿਤ ਦੇਸ਼ਾਂ ਤੋਂ ਪਰਤਣ ਵਾਲੇ ਸਾਰੇ ਭਾਰਤੀਆਂ ਨੂੰ ਅਹਿਤੀਆਤ ਦੇ ਤੌਰ ’ਤੇ ਘਰ ਵਿੱਚ ਹੀ ਸੰਗਰੋਧਿਤ ਕੀਤਾ ਜਾਣਾ ਚਾਹੀਦਾ ਹੈ ਭਾਵੇਂ ਕਿ ਉਹ ਕਰੋਨਾਵਾਇਰਸ ਦੇ ਲੱਛਣਾਂ ਤੋਂ ਮੁਕਤ ਹੀ ਕਿਉਂ ਨਾ ਹੋਣ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਜੋ ਉਨ੍ਹਾਂ ਵਾਂਗ ਵਿਦੇਸ਼ਾਂ ਤੋਂ ਵਾਪਸ ਪਰਤੇ ਹਨ। ਹਵਾਈ ਅੱਡਿਆਂ ’ਤੇ ਸਕਰੀਨਿੰਗ ਕਰਾਉਣ ਤੋਂ ਬਾਅਦ ਉਕਤ ਹਦਾਇਤਾਂ ’ਤੇ ਅਮਲ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਅਤੇ ਨਾ ਹੀ ਅਫ਼ਵਾਹਾਂ ’ਤੇ ਧਿਆਨ ਦਿੱਤਾ ਜਾਵੇ ਸਗੋਂ ਸਾਵਧਾਨੀ ਵਰਤੇ ਜਾਵੇ।
(ਬਾਕਸ ਆਈਟਮ)
ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਵਿੱਚ ਅੱਜ ਈਐਸਆਈ ਹਸਪਤਾਲ ਦੀ ਮੈਡੀਕਲ ਟੀਮ ਏਐਨਐਮ ਸ੍ਰੀਮਤੀ ਜਸਵੀਰ ਕੌਰ, ਐਮਪੀਐਚ ਡਬਲਿਊ ਸ੍ਰੀਮਤੀ ਸਰਬਜੀਤ ਕੌਰ ਨੇ ਸਕੂਲੀ ਬੱਚਿਆਂ ਅਤੇ ਅਧਿਆਕਾਂ ਨੂੰ ਕਰੋਨਾਵਾਇਰਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਿਹਤ ਕਰਮੀਆਂ ਨੇ ਸਕੂਲੀ ਬੱਚਿਆਂ ਨੂੰ ਆਇਰਨ ਸਿਰਪ ਵੀ ਪਿਲਾਇਆ ਅਤੇ ਐਲਬੈਂਡਾਂ ਜੋਲ ਦੀਆਂ ਗੋਲੀਆਂ ਵੰਡੀਆਂ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਤੇ ਸਕੂਲ ਸਟਾਫ਼ ਮੌਜੂਦ ਸੀ।

Load More Related Articles
Load More By Nabaz-e-Punjab
Load More In General News

Check Also

ਕਣਕ ਦਾ ਭਾਅ 2275 ਰੁਪਏ ਪ੍ਰਤੀ ਕੁਇੰਟਲ ਤੇ ਆਟਾ ਵਿਕ ਰਿਹਾ 40 ਰੁਪਏ ਕਿੱਲੋ

ਕਣਕ ਦਾ ਭਾਅ 2275 ਰੁਪਏ ਪ੍ਰਤੀ ਕੁਇੰਟਲ ਤੇ ਆਟਾ ਵਿਕ ਰਿਹਾ 40 ਰੁਪਏ ਕਿੱਲੋ ਐਮਐਸਪੀ ਗਰੰਟੀ ਕਾਨੂੰਨ ਤੋਂ ਕਿ…