
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ ਤਰੱਕੀ ਦੇ ਕੇ ਡਾਇਰੈਕਟਰ ਲਾਇਆ
ਡਾ. ਮਨਜੀਤ ਸਿੰਘ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਡਾਇਰੈਕਟਰ ਦਾ ਅਹੁਦਾ ਸੰਭਾਲਿਆ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਸ਼ਲਾਘਾਯੋਗ ਸੇਵਾਵਾਂ ਬਦਲੇ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ ਤਰੱਕੀ ਦੇ ਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦਾ ਡਾਇਰੈਕਟਰ ਲਾਇਆ ਗਿਆ ਹੈ। ਉਨ੍ਹਾਂ ਦੀ ਨਵੀਂ ਨਿਯੁਕਤੀ ਸਬੰਧੀ ਹੁਕਮ ਅੱਜ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਜਾਰੀ ਕੀਤੇ ਹਨ। ਡਾ. ਮਨਜੀਤ ਸਿੰਘ ਨੇ ਅੱਜ ਮੁੱਖ ਦਫ਼ਤਰ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ।
ਕੁੱਝ ਸਾਲ ਪਹਿਲਾਂ ਬਲੱਡ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਸਿਹਤਯਾਬ ਹੋਣ ਵਾਲੇ ਡਾ. ਮਨਜੀਤ ਸਿੰਘ ਇਮਾਨਦਾਰ ਅਤੇ ਮਿਹਨਤੀ ਅਫ਼ਸਰਾਂ ਵਿੱਚ ਗਿਣੇ ਜਾਂਦੇ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ 15 ਅਗਸਤ ਨੂੰ ਮੁਹਾਲੀ ਵਿੱਚ ਹੋਏ ਸੂਬਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੌਰਾਨ ਡਾ. ਮਨਜੀਤ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਜੰਗ ਵਿਚ ਨਿਭਾਈਆਂ ਜਾ ਰਹੀਆਂ ਲਾਮਿਸਾਲ ਤੇ ਸਮਰਪਿਤ ਸੇਵਾਵਾਂ ਲਈ ਜਨਤਕ ਤੌਰ ’ਤੇ ਉਨ੍ਹਾਂ ਦੀ ਭਰਵੀਂ ਸ਼ਲਾਘਾ ਕੀਤੀ ਸੀ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਉਹ ਇਸ ਮਹਾਮਾਰੀ ਵਿਰੁੱਧ ਚਲਾਏ ਜਾ ਰਹੇ ‘ਮਿਸ਼ਨ ਫਤਿਹ’ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਹਨ ਜੋ ਹੋਰਨਾਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਹੈ।
ਮਨਜੀਤ ਸਿੰਘ ਸਿਹਤ ਵਿਭਾਗ ਵਿੱਚ ਸਾਲ 1985 ਵਿਚ ਬਤੌਰ ਮੈਡੀਕਲ ਅਫ਼ਸਰ ਭਰਤੀ ਹੋਏ ਸਨ। ਉਨਾਂ ਦੀ ਪਹਿਲੀ ਨਿਯੁਕਤੀ ਸਬਸਾਇਡਰੀ ਹੈਲਥ ਸੈਂਟਰ ਚਲਹੇੜੀ ਖ਼ੁਰਦ ਜ਼ਿਲਾ ਪਟਿਆਲਾ ਵਿਖੇ ਹੋਈ ਸੀ। ਇਸ ਤੋਂ ਬਾਅਦ ਉਹ ਡਕਾਲਾ, ਸਮਾਣਾ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਵੱਖ-ਵੱਖ ਸਮੇਂ ਦੌਰਾਨ ਰਹੇ। ਸਾਲ 2010 ਵਿਚ ਉਹ ਸੀਨੀਅਰ ਮੈਡੀਕਲ ਅਫ਼ਸਰ ਬਣੇ ਅਤੇ ਤ੍ਰਿਪੜੀ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਨਿਯੁਕਤ ਹੋਏ। ਇਸ ਤੋਂ ਬਾਅਦ 2017 ਵਿਚ ਉਹ ਸਿਵਲ ਸਰਜਨ ਬਣੇ ਅਤੇ ਪਹਿਲੀ ਨਿਯੁਕਤੀ ਮੋਗਾ ਵਿਖੇ ਹੋਈ। ਫਿਰ ਕੁਝ ਸਮਾਂ ਸੰਗਰੂਰ ਵਿਖੇ ਰਹਿਣ ਤੋਂ ਬਾਅਦ ਉਹ 21 ਜੂਨ 2019 ਨੂੰ ਮੁਹਾਲੀ ਦੇ ਸਿਵਲ ਸਰਜਨ ਬਣੇ। ਜ਼ਿਕਰਯੋਗ ਹੈ ਕਿ ਮਾਤਾ ਕੌਸ਼ੱਲਿਆ ਹਸਪਤਾਲ ਵਿਚ ਬਤੌਰ ਅੱਖਾਂ ਦੇ ਸਰਜਨ ਉਨ੍ਹਾਂ ਨੇ ਸੈਂਕੜੇ ਕੈਂਪ ਲਗਾਏ ਅਤੇ ਹਜ਼ਾਰਾਂ ਲੋਕਾਂ ਦੀ ਸੇਵਾ ਕੀਤੀ।
ਇਥੇ ਵੀ ਇਹ ਵੀ ਦੱਸਣਯੋਗ ਹੈ ਕਿ ਡਾ. ਮਨਜੀਤ ਸਿੰਘ ਨੇ ਮੋਹਾਲੀ ਸ਼ਹਿਰ ਦੀ ਗਲੀ-ਗਲੀ ਵਿਚ ਘੁੰਮਦਿਆਂ ਲੋਕਾਂ ਨੂੰ ਵੱਖ-ਵੱਖ ਬੀਮਾਰੀਆਂ ਖ਼ਾਸਕਰ ਡੇਂਗੂ ਬੁਖ਼ਾਰ ਬਾਰੇ ਜਾਗਰੂਕ ਕੀਤਾ। ਉਨਾਂ ਦੇ ਸਿਰਤੋੜ ਯਤਨਾਂ ਦਾ ਨਤੀਜਾ ਸੀ ਕਿ ਪਿਛਲੇ ਸੀਜ਼ਨ ਦੌਰਾਨ ਜ਼ਿਲੇ ਵਿਚ ਡੇਂਗੂ ਦੇ ਮਾਮਲੇ 70 ਫ਼ੀਸਦੀ ਤਕ ਘਟੇ ਸਨ। ਸਿਵਲ ਸਰਜਨ ਨੇ ‘ਕੋਰੋਨਾ ਵਾਇਰਸ‘ ਮਹਾਂਮਾਰੀ ਵਿਰੁਧ ਜੰਗ ਵਿਚ ਜਿਥੇ ਅਪਣੀਆਂ ਟੀਮਾਂ ਦੀ ਖ਼ੁਦ ਮੈਦਾਨ ਵਿਚ ਡੱਟ ਕੇ ਅਗਵਾਨੀ ਕੀਤੀ, ਉਥੇ ਉਹ ਆਪ ਵੀ ਮਰੀਜ਼ਾਂ ਦੇ ਘਰਾਂ ਤਕ ਗਏ। ਉਨਾਂ ਨੇ ਜ਼ਿਲੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
ਡਾ. ਮਨਜੀਤ ਸਿੰਘ ਨੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਸਟਾਫ਼, ਸਿਹਤ ਕਾਮਿਆਂ, ਆਸ਼ਾ ਵਰਕਰਾਂ ਅਤੇ ਹੋਰ ਸਮੁੱਚੇ ਸਟਾਫ਼ ਦਾ ਧਨਵਾਦ ਕਰਦਿਆਂ ਕਿਹਾ ਕਿ ਬਤੌਰ ਸਿਵਲ ਸਰਜਨ ਕਾਰਜਕਾਲ ਦੌਰਾਨ ਉਨਾਂ ਨੂੰ ਜ਼ਿਲਾ ਸਿਹਤ ਵਿਭਾਗ ਦੇ ਸਮੁੱਚੇ ਸਟਾਫ਼ ਦਾ ਚੰਗਾ ਸਹਿਯੋਗ ਅਤੇ ਸਾਥ ਮਿਲਿਆ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ‘ਕੋਰੋਨਾ ਵਾਇਰਸ‘ ਮਹਾਂਮਾਰੀ ਦੌਰਾਨ ਸਮੁੱਚਾ ਸਟਾਫ਼ ਲਗਭਗ 8 ਮਹੀਨਿਆਂ ਤੋਂ ਦਿਨ-ਰਾਤ ਲੋਕਾਂ ਦੀ ਸੇਵਾ ਕਰਨ ਵਿਚ ਜੁਟਿਆ ਹੋਇਆ ਹੈ। ਉਨਾਂ ਇਸ ਬੀਮਾਰੀ ਵਿਰੁਧ ਫ਼ਰੰਟ ‘ਤੇ ਕੰਮ ਕਰ ਰਹੇ ਡਾਕਟਰਾਂ, ਲੈਬ ਤਕਨੀਸ਼ਨਾਂ, ਨਰਸਾਂ, ਸਿਹਤ ਕਾਮਿਆਂ ਅਤੇ ਹੋਰ ਸਮੁੱਚੇ ਸਟਾਫ਼ ਦਾ ਧਨਵਾਦ ਕਰਦਿਆਂ ਕਿਹਾ ਕਿ ਉਹ ਅਪਣੀ ਜਾਨ ਜੋਖਮ ਵਿਚ ਪਾ ਕੇ, ਅਪਣੇ ਪਰਵਾਰ ਦੀ ਪਰਵਾਹ ਕੀਤੇ ਬਿਨਾਂ, ਅਪਣੀਆਂ ਸੇਵਾਵਾਂ ਦੇ ਰਹੇ ਹਨ ਜੋ ਬੇਹੱਦ ਕਾਬਲੇ-ਤਾਰੀਫ਼ ਹੈ।
ਡਾ. ਮਨਜੀਤ ਸਿੰਘ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦਾ ਉਚੇਚੇ ਤੌਰ ‘ਤੇ ਧਨਵਾਦ ਕਰਦਿਆਂ ਕਿਹਾ ਕਿ ਸੂਬਾਈ ਅਤੇ ਕੇਂਦਰੀ ਸਿਹਤ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ, ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਚੰਗੀਆਂ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਅਤੇ ‘ਕੋਰੋਨਾ ਵਾਇਰਸ‘ ਮਹਾਂਮਾਰੀ ਦਾ ਫੈਲਾਅ ਰੋਕਣ ਲਈ ਉਨਾਂ ਨੇ ਜ਼ਿਲਾ ਸਿਹਤ ਵਿਭਾਗ ਨੂੰ ਹਰ ਸੰਭਵ ਮਦਦ ਦਿਤੀ ਹੈ। ਉਨਾਂ ਕਿਹਾ ਕਿ ਸਿਹਤ ਮੰਤਰੀ ਦੀ ਸਹਿਯੋਗ ਅਤੇ ਪਿਆਰ ਭਰੀ ਅਗਵਾਈ ਤੇ ਸੇਧ ਸਦਕਾ ਉਹ ਜ਼ਿਲੇ ਵਿਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਅਤੇ ਸਿਹਤ ਸੰਸਥਾਵਾਂ ਦਾ ਮਿਆਰ ਉੱਚਾ ਕਰਨ ਵਿਚ ਕਾਮਯਾਬ ਹੋਏ ਹਨ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਸ ਦੌਰ ਵਿਚ ਉਹ ਜ਼ਿਲੇ ਵਿਚ ਇਸ ਬੀਮਾਰੀ ਦੀ ਸਥਿਤੀ ‘ਤੇ ਨੇੜਿਉਂ ਨਜ਼ਰ ਰੱਖ ਰਹੇ ਹਨ ਅਤੇ ਉਨਾਂ ਕੋਲੋਂ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ।
ਡਾ. ਮਨਜੀਤ ਸਿੰਘ ਨੇ ਜ਼ਿਲੇ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਤਹੇ ਦਿਲੋਂ ਧਨਵਾਦ ਕਰਦਿਆਂ ਕਿਹਾ ਕਿ ਉਨਾਂ ਦਾ ਹਮੇਸ਼ਾ ਹੀ ਦੋਸਤਾਨਾ ਅਤੇ ਚੰਗਾ ਸਾਥ ਮਿਲਿਆ ਹੈ। ਉਨਾਂ ਕਿਹਾ, ‘ਜ਼ਿਲਾ ਸਿਹਤ ਵਿਭਾਗ ਦੀ ਸਮੁੱਚੀ ਟੀਮ ਦੁਆਰਾ ਕੀਤੇ ਜਾਣ ਵਾਲੇ ਹਰ ਚੰਗੇ ਕੰਮ ਦੀ ਮੀਡੀਆ ਵਿਚ ਸ਼ਲਾਘਾ ਕੀਤੀ ਜਾਂਦੀ ਹੈ ਤੇ ਨਾਲ ਹੀ ਕਮੀਆਂ ਤੋਂ ਵੀ ਸਾਨੂੰ ਲਗਾਤਾਰ ਜਾਣੂੰ ਕਰਾਇਆ ਜਾਂਦਾ ਹੈ ਤਾਕਿ ਸਰਕਾਰੀ ਸਿਹਤ ਸੰਥਥਾਵਾਂ ਦੀ ਕਾਰਜਪ੍ਰਣਾਲੀ ਬਿਹਤਰ ਹੋ ਸਕੇ।‘ ਉਨਾਂ ਕਿਹਾ ਕਿ ਪੱਤਰਕਾਰ ਵੀ ਡਾਕਟਰਾਂ ਵਾਂਗ ਕੋਰੋਨਾ ਯੋਧੇ‘ ਹਨ ਜਿਹੜੇ ‘ਕੋਰੋਨਾ ਵਾਇਰਸ‘ ਮਹਾਂਮਾਰੀ ਵਿਰੁਧ ਚੱਲ ਰਹੀ ਜੰਗ ਵਿਚ ਅੱਗੇ ਹੋ ਕੇ ਲੜ ਰਹੇ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਦੇ ਕਾਰਜਾਂ, ਸਿਹਤ ਸਹੂਲਤਾਂ ਅਤੇ ਯੋਜਨਾਵਾਂ ਨੂੰ ਲੋਕਾਂ ਤਕ ਪਹੁੰਚਾਉਣ ਵਿਚ ਮੀਡੀਆ ਸ਼ਲਾਘਾਯੋਗ ਤੇ ਵੱਡਮੁੱਲੀ ਭੂਮਿਕਾ ਨਿਭਾ ਰਿਹਾ ਹੈ।