ਸਿਵਲ ਸਰਜਨ ਨੇ ਸਰਕਾਰ ਹਸਪਤਾਲ ਵਿੱਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
ਨਬਜ਼-ਏ-ਪੰਜਾਬ, ਮੁਹਾਲੀ, 12 ਜਨਵਰੀ:
ਮੁਹਾਲੀ ਦੀ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦਾ ਦੌਰਾ ਕਰਕੇ ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਮੈਡੀਕਲ ਸਾਜ਼ੋ-ਸਾਮਾਨ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਸੁਝਾਅ ਵੀ ਲਏ। ਸਿਵਲ ਸਰਜਨ ਨੇ ਐਮਰਜੈਂਸੀ ਵਾਰਡ ਸਮੇਤ ਆਈਸੀਯੂ, ਅਪਰੇਸ਼ਨ ਥੀਏਟਰ, ਵੱਖ-ਵੱਖ ਓਪੀਡੀਜ਼ ਕਮਰਿਆਂ, ਲੈਬਾਰਟਰੀ ਵਿੱਚ ਫੇਰੀ ਪਾਈ ਅਤੇ ਜ਼ਰੂਰੀ ਹਦਾਇਤਾਂ ਦਿੱਤੀਆਂ।
ਡਾ. ਸੰਗੀਤਾ ਜੈਨ ਨੇ ਸਮੁੱਚੇ ਹਸਪਤਾਲ ਨੂੰ ਹੋਰ ਜ਼ਿਆਦਾ ਸਾਫ਼-ਸੁਥਰਾ ਰੱਖਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਵੇਂ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਪਹਿਲਾਂ ਹੀ ਸਰਕਾਰੀ ਹਸਪਤਾਲਾਂ ਵਿੱਚ ਮਿਲ ਰਹੀਆਂ ਹਨ ਪਰ ਫਿਰ ਵੀ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਓਪੀਡੀ ਜਾਂ ਐਮਰਜੈਂਸੀ ਮਰੀਜ਼ ਜਾਂ ਉਸ ਦੇ ਤੀਮਾਰਦਾਰ ਕੋਲੋਂ ਬਾਹਰੋਂ ਦਵਾਈ ਨਾ ਮੰਗਵਾਈ ਜਾਵੇ ਅਤੇ ਜੋ ਵੀ ਕਮੀਆਂ/ਪੇਸ਼ੀਆਂ ਹਨ, ਉਹ ਛੇਤੀ ਦੂਰ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਹੂਲਤਾਂ ਦੇਣ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕੌਮੀ ਅਤੇ ਸੂਬਾਈ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਤਾਕੀਦ ਕੀਤੀ।
ਸਿਵਲ ਸਰਜਨ ਨੇ ਕਿਹਾ ਕਿ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਲੋਕਾਂ ਨੂੰ ਹਰ ਹਾਲਤ ਵਿੱਚ ਮਿਲਣਾ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਦੀ ਚੰਗੀ ਸਿਹਤ ਯਕੀਨੀ ਬਣਾਉਣ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉੱਚ ਪੱਧਰ ਦੀਆਂ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਵਚਨਬੱਧ ਹੈ। ਇਸ ਮੌਕੇ ਐਸਐਮਓ ਡਾ. ਵਿਜੈ ਭਗਤ ਤੇ ਹੋਰ ਅਧਿਕਾਰੀ ਮੌਜੂਦ ਸਨ।