
ਸਿਵਲ ਸਰਜਨ ਵੱਲੋਂ ਪਿੰਡ ਬੇਹੜਾ ਨੂੰ ‘ਕੰਟੇਨਮੈਂਟ ਜ਼ੋਨ’ ਬਣਾਉਣ ਦਾ ਸੁਝਾਅ
ਸਿਵਲ ਸਰਜਨ ਨੇ ਪਿੰਡ ਬੇਹੜਾ ਦਾ ਤੂਫ਼ਾਨੀ ਦੌਰਾ, ਸਰਪੰਚ ਨੂੰ ਠੀਕਰੀ ਪਹਿਰੇ ਲਾਉਣ ਲਈ ਕਿਹਾ
ਸਿਹਤ ਟੀਮਾਂ ਨੇ ਪਿੰਡ ’ਚੋਂ 141 ਸੈਂਪਲ ਲਏ, ਲੋਕਾਂ ਨੂੰ ਮਰੀਜ਼ਾਂ ਦੇ ਘਰਾਂ ਨੇੜੇ ਨਾ ਜਾਣ ਦੀ ਹਦਾਇਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਪਿੰਡ ਬੇਹੜਾ (ਡੇਰਾਬੱਸੀ) ਵਿੱਚ ‘ਕਰੋਨਾਵਾਇਰਸ’ ਦੇ ਕਈ ਕੇਸ ਸਾਹਮਣੇ ਆਉਣ ਮਗਰੋਂ ਸਿਵਲ ਸਰਜਨ ਡਾ. ਮਨਜੀਤ ਸਿੰਘ ਦੀ ਅਗਵਾਈ ਵਾਲੀ ਸਿਹਤ ਅਧਿਕਾਰੀਆਂ ਦੀ ਟੀਮ ਨੇ ਅੱਜ ਇਸ ਪਿੰਡ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਗੰਭੀਰ ਸਥਿਤੀ ਨੂੰ ਵਾਚਣ ਮਗਰੋਂ ਉਨ੍ਹਾਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੂੰ ਇਸ ਪਿੰਡ ਦੀਆਂ ਹੱਦਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਸੁਝਾਅ ਦੇ ਦਿਤਾ ਹੈ ਤਾਂ ਕਿ ਇਸ ਮਾਰੂ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
ਸਿਵਲ ਸਰਜਨ ਨੇ ਸਿਹਤ ਅਧਿਕਾਰੀਆਂ ਨਾਲ ਪਿੰਡ ਦੀ ਗਲੀ-ਗਲੀ ਵਿਚ ਜਾ ਕੇ ਮਰੀਜ਼ਾਂ ਦੇ ਘਰਾਂ ਦਾ ਸਰਵੇ ਕੀਤਾ ਅਤੇ ਸਿਹਤ ਤੇ ਪੁਲੀਸ ਟੀਮਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਬੇਹੜਾ ਲਾਗਲੀ ਮੀਟ ਫੈਕਟਰੀ ਦੇ 22 ਵਰਕਰ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਫੈਕਟਰੀ ਨੂੰ ਪਹਿਲਾਂ ਹੀ ‘ਕੰਟੇਨਮੈਂਟ ਜ਼ੋਨ’ ਬਣਾਇਆ ਜਾ ਚੁੱਕਾ ਹੈ। ਫੈਕਟਰੀ ਦੇ ਬਹੁਤੇ ਵਰਕਰ ਇਸੇ ਪਿੰਡ ਵਿੱਚ ਰਹਿੰਦੇ ਹਨ। ਜਿਨ੍ਹਾਂ ’ਚੋਂ 11 ਦੀ ਰਿਪੋਰਟ ਕੱਲ੍ਹ ਪਾਜ਼ੇਟਿਵ ਆਈ ਸੀ ਤੇ ਇਸੇ ਕਾਰਨ ਪਿੰਡ ਨੂੰ ‘ਕੰਟੇਨਮੈਂਟ ਜ਼ੋਨ’ ਬਣਾਏ ਜਾਣ ਦੀ ਫੌਰੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ ਦਾ ਘਰ-ਘਰ ਸਰਵੇ ਮੁਕੰਮਲ ਕਰ ਲਿਆ ਹੈ ਅਤੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਮਰੀਜ਼ਾਂ ਦੇ ਪਰਵਾਰਕ ਜੀਆਂ ਅਤੇ ਹੋਰ ਸੰਪਰਕਾਂ ਦੇ 141 ਸੈਂਪਲ ਲਏ ਗਏ ਹਨ ਜਿਨ੍ਹਾਂ ਦੀਆਂ ਰੀਪੋਰਟਾਂ ਆਉਣ ਮਗਰੋਂ ਪਿੰਡ ਵਿੱਚ ਬੀਮਾਰੀ ਦੇ ਫੈਲਾਅ ਦੀ ਸਹੀ ਸਥਿਤੀ ਦਾ ਪਤਾ ਲੱਗ ਸਕੇਗਾ।
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੂੰ ਪਿੰਡ ਵਿੱਚ ਠੀਕਰੀ ਪਹਿਰੇ ਲਾਉਣ ਅਤੇ ਮਰੀਜ਼ਾਂ ਦੇ ਘਰਾਂ ਦੇ ਆਲੇ-ਦੁਆਲੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ। ਡਾ. ਮਨਜੀਤ ਸਿੰਘ ਨੇ ਸਿਹਤ ਅਤੇ ਪੁਲਿਸ ਟੀਮਾਂ ਨੂੰ ਪ੍ਰਭਾਵਿਤ ਥਾਂ ’ਤੇ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਸਾਵਧਾਨੀ ਅਤੇ ਮਿਹਨਤ ਨਾਲ ਹਰ ਸੰਭਵ ਯਤਨ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਬਹੁਤ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ।
ਪੜਤਾਲੀਆ ਟੀਮ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ, ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ, ਐਸਐਮਓ ਡੇਰਾਬੱਸੀ ਡਾ. ਸੰਗੀਤਾ ਜੈਨ, ਡਬਲਿਊ.ਐਚ.ਓ ਤੋਂ ਡਾ. ਵਿਕਰਮ ਗੁਪਤਾ, ਪਿੰਡ ਦੀ ਸਰਪੰਚ ਰਾਜ ਕੌਰ ਦੇ ਪਤੀ ਨਾਰਾਇਣ ਸਿੰਘ, ਡਾ. ਐਚ.ਐਸ. ਚੀਮਾ, ਡਾ. ਪ੍ਰੀਤ ਮੋਹਨ, ਡਾ. ਵਿਕਰਾਂਤ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਰਾਜਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਸ਼ਾਮਲ ਸਨ।