ਸਿਵਲ ਸਰਜਨ ਵੱਲੋਂ ਜ਼ਿਲ੍ਹਾ ਹਸਪਤਾਲ ਦੀ ਅਚਨਚੇਤ ਚੈਕਿੰਗ, ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ

ਹਸਪਤਾਲ ਵਿੱਚ ਹਰ ਸਮੇਂ ਲੋੜੀਂਦੀਆਂ ਦਵਾਈਆਂ ਦਾ ਪੂਰਾ ਸਟਾਕ ਰੱਖਣ ਦੀਆਂ ਹਦਾਇਤਾਂ ਦਿੱਤੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ:
ਸਰਕਾਰੀ ਸਿਹਤ ਸੰਸਥਾਵਾਂ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅੱਜ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਵਲ ਸਰਜਨ ਨੇ ਖ਼ੁਦ ਐਮਰਜੈਂਸੀ ਬਲਾਕ ਸਮੇਤ ਹੋਰਨਾਂ ਵੱਖ-ਵੱਖ ਵਾਰਡਾਂ, ਲੇਬਰ ਰੂਮ, ਮੈਡੀਸਨ ਸਟੋਰ, ਜੱਚਾ-ਬੱਚਾ ਵਾਰਡ, ਅਪਰੇਸ਼ਨ ਥੀਏਟਰ ਅਤੇ ਲੈਬਾਰਟਰੀ ਦਾ ਨਿਰੀਖਣ ਕੀਤਾ ਅਤੇ ਡਾਕਟਰੀ ਸਾਜ਼ੋ ਸਮਾਨ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਓਪੀਡੀ ਵਿੱਚ ਪਰਚੀਆਂ ਬਣਾਉਣ ਵਾਲੀ ਖਿੜਕੀ ’ਤੇ ਜਾ ਕੇ ਜਾਇਜ਼ਾ ਲਿਆ ਅਤੇ ਵੱਖ ਵੱਖ ਰਜਿਸਟਰਾਂ ’ਤੇ ਝਾਤ ਮਾਰੀ।
ਸਿਵਲ ਸਰਜਨ ਨੇ ਚੈਕਿੰਗ ਦੌਰਾਨ ਹਸਪਤਾਲ ਵਿੱਚ ਜੇਰੇ ਇਲਾਜ ਮਰੀਜ਼ਾਂ ਅਤੇ ਉਨ੍ਹਾਂ ਦੇ ਤੀਮਾਰਦਾਰਾਂ ਨਾਲ ਵੀ ਗੱਲ ਕੀਤੀ, ਜਿਨ੍ਹਾਂ ਸਰਕਾਰੀ ਹਸਪਤਾਲ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ ’ਤੇ ਤਸੱਲੀ ਪ੍ਰਗਟ ਕੀਤੀ। ਡਾ. ਆਦਰਸ਼ਪਾਲ ਕੌਰ ਨੇ ਹਸਪਤਾਲ ਦੇ ਮੁਖੀਆਂ, ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਨੂੰ ਹਦਾਇਤਾਂ ਦਿੱਤੀਆਂ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲਿਆਉਣ ਲਈ ਕਹਿਣ ਦੀ ਥਾਂ ਹਸਪਤਾਲ ਦੀ ਫ਼ਾਰਮੇਸੀ ਵਿੱਚ ਉਪਲਬਧ ਦਵਾਈਆਂ ਹੀ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਸਹੂਲਤਾਂ ਦੇਣ ਵਿੱਚ ਢਿੱਲ ਜਾਂ ਲਾਪਰਵਾਹੀ ਵਰਤੀ ਗਈ ਤਾਂ ਸਬੰਧਤ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਹਸਪਤਾਲ ਵਿੱਚ ਸਰਕਾਰ ਦੇ ਮਾਪਦੰਡਾਂ ਅਨੁਸਾਰ ਦਵਾਈਆਂ ਦਾ ਪੂਰਾ ਸਟਾਕ ਰੱਖਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਦਵਾਈਆਂ ਦੀ ਘਾਟ ਹੋਣ ’ਤੇ ਤੁਰੰਤ ਮੁੱਖ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ ਅਤੇ ਸਫ਼ਾਈ ਵਿਵਸਥਾ ਯਕੀਨੀ ਬਣਾਈ ਜਾਵੇ।
ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਸਮੂਹ ਕੇਂਦਰੀ ਅਤੇ ਸੂਬਾਈ ਸਿਹਤ ਯੋਜਨਾਵਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅਸਰਦਾਰ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਦਾ ਪੂਰਾ ਲਾਭ ਮਿਲ ਸਕੇ। ਉਨ੍ਹਾਂ ਇਹ ਹਦਾਇਤ ਕੀਤੀ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਨਾਲ ਹਮਦਰਦੀ ਅਤੇ ਪਿਆਰ ਭਰਿਆ ਵਿਹਾਰ ਕੀਤਾ ਜਾਵੇ। ਇਸ ਮੌਕੇ ਐਸਐਮਓ ਡਾ. ਵਿਜੈ ਭਗਤ ਤੇ ਡਾ. ਐਚਐਸ ਚੀਮਾ ਅਤੇ ਡਾ. ਪਰਮਿੰਦਰ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…