
ਸਿਵਲ ਸਰਜਨ ਵੱਲੋਂ ਸਿਹਤ ਕੇਂਦਰ ਸੰਤੇਮਾਜਰਾ ਦਾ ਦੌਰਾ, ਸਟਾਫ਼ ਨੂੰ ਹਦਾਇਤਾਂ ਜਾਰੀ
ਜ਼ਰੂਰੀ ਦਵਾਈਆਂ ਦੀ ਉਪਲਬਧਤਾ ਤੇ ਸਾਫ਼-ਸਫ਼ਾਈ ਦਾ ਕੀਤਾ ਨਿਰੀਖਣ
ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਦਸੰਬਰ:
ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅੱਜ ਪਿੰਡ ਸੰਤੇਮਾਜਰਾ ਦੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦਾ ਅਚਨਚੇਤ ਦੌਰਾ ਕੀਤਾ ਅਤੇ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਵਲ ਸਰਜਨ ਨੇ ਚੈਕਿੰਗ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਅਤੇ ਮੈਡੀਕਲ ਸਾਜ਼ੋ-ਸਮਾਨ ਦੀ ਵੀ ਜਾਂਚ ਕੀਤੀ। ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਕਮਰਿਆਂ ਵਿਚ ਜਾ ਕੇ ਬਾਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਦਵਾਈਆਂ ਦਾ ਪੂਰਾ ਸਟਾਕ ਹਰ ਸਮੇਂ ਉਪਲਭਧ ਰਹਿਣਾ ਚਾਹੀਦਾ ਹੈ ਅਤੇ ਜੇ ਦਵਾਈ ਦੀ ਘਾਟ ਹੈ ਤਾਂ ਤੁਰੰਤ ਸਟੋਰ ਤੋਂ ਮੰਗਵਾਈ ਜਾਵੇ। ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲਿਆਉਣ ਲਈ ਕਹਿਣ ਦੀ ਬਜਾਏ ਹਸਪਤਾਲ ਵਿਚ ਹੀ ਉਪਲਭਧ ਦਵਾਈਆਂ ਦਿਤੀਆਂ ਜਾਣ।
ਹਸਪਤਾਲ ਵਿੱਚ ਮੌਜੂਦ ਸਿਹਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਸਿਹਤ ਸੰਸਥਾ ਵਿੱਚ ਆਉਣ ਵਾਲੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਾਈਆਂ ਜਾਣ ਤੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾ ਨੂੰ ਪੂਰੀ ਤਰ੍ਹਾਂ ਸਾਫ਼-ਸੁਥਰਾ ਰਖਿਆ ਜਾਵੇ ਤਾਕਿ ਮਰੀਜ਼ਾਂ ਨੂੰ ਚੰਗਾ ਤੇ ਸਾਫ਼-ਸੁਥਰਾ ਮਾਹੌਲ ਦਿੱਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਸਮੇਤ ਸਮੁੱਚੇ ਸਟਾਫ਼ ਨੂੰ ਕਿਹਾ ਕਿ ਉਹ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਉਣ ਵਾਲੇ ਸਾਕ-ਸਬੰਧੀਆਂ ਨਾਲ ਹਮਦਰਦੀ ਅਤੇ ਪਿਆਰ ਭਰਿਆ ਵਿਹਾਰ ਕਰਨ।
ਉਨ੍ਹਾਂ ਸਮੁੱਚੇ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਦੀ ਵੀ ਹਦਾਇਤ ਦਿਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਹੂਲਤਾਂ ਦੇਣ ਵਿਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸੰਸਥਾ ਮੁਖੀ ਤੇ ਸਟਾਫ਼ ਨੂੰ ਕਿਹਾ ਕਿ ਉਹ ਆਪੋ-ਅਪਣੇ ਏਰੀਏ ਦੀਆਂ ਉੱਚ ਜੋਖਮ ਵਾਲੀਆਂ ਗਰਭਵਤੀ ਅੌਰਤਾਂ ਦੀ ਸਿਹਤ ’ਤੇ ਖ਼ੁਦ ਨਜ਼ਰ ਰੱਖਣ ਅਤੇ ਲੋੜ ਪੈਣ‘ਤੇ ਉਨ੍ਹਾਂ ਕੋਲ ਪਹੁੰਚ ਕਰ ਕੇ ਜਾਣਕਾਰੀ ਲੈਣ ਤਾਂ ਕਿ ਅਜਿਹੀਆਂ ਅੌਰਤਾਂ ਦੀ ਸਮੇਂ ਸਿਰ ਜਾਂਚ ਯਕੀਨੀ ਬਣਾਈ ਜਾ ਸਕੇ।
ਡਾ. ਆਦਰਸ਼ਪਾਲ ਕੌਰ ਨੇ ਸੂਬਾਈ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੋਕਾਂ ਨੂੰ ਹਰ ਹਾਲਤ ਵਿਚ ਮਿਲਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਕੀਤੀ ਜਾਵੇ।