Share on Facebook Share on Twitter Share on Google+ Share on Pinterest Share on Linkedin ਸਿਵਲ ਸਰਜਨ ਵੱਲੋਂ ਮੁਬਾਰਕਪੁਰ ਕੈਂਪ ਦਾ ਦੌਰਾ, ਦਿੱਤੀਆਂ ਜ਼ਰੂਰੀ ਹਦਾਇਤਾਂ ਪ੍ਰਭਾਵਿਤ ਲੋਕਾਂ ਦੀ ਤੰਦਰੁਸਤੀ ਲਈ ਸਿਹਤ ਵਿਭਾਗ ਵਚਨਬੱਧ: ਡਾ.ਆਦਰਸ਼ਪਾਲ ਕੌਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ: ਡੇਰਾਬੱਸੀ ਲਾਗਲੇ ਮੁਬਾਰਕਪੁਰ ਕੈਂਪ ਵਿਚ ਬੁਖ਼ਾਰ ਅਤੇ ਉਲਟੀਆਂ ਦੇ ਕੁਝ ਮਾਮਲੇ ਸਾਹਮਣੇ ਆਉਣ ਮਗਰੋਂ ਹਾਲਾਤ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਪਿੰਡ ਦੇ ਪ੍ਰਭਾਵਿਤ ਏਰੀਆ ਦਾ ਦੌਰਾ ਕੀਤਾ ਅਤੇ ਸਿਹਤ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਕੁਝ ਲੋਕਾਂ ਦੇ ਬੀਮਾਰ ਹੋਣ ਮਗਰੋਂ ਸਿਹਤ ਵਿਭਾਗ ਨੇ ਫੁਰਤੀ ਵਿਖਾਉਂਦਿਆਂ ਪਿੰਡ ਵਿੱਚ ਪਹਿਲਾਂ ਕੋਵਿਡ ਲਾਗ ਦੇ ਸ਼ੱਕ ਵਿੱਚ ਅਤੇ ਫਿਰ ਡੇਂਗੂ ਬੁਖ਼ਾਰ ਦੇ ਸ਼ੱਕ ਵਿੱਚ ਕੰਟੇਨਰ ਸਰਵੇ ਕਰਵਾਇਆ ਗਿਆ। ਇਸ ਤੋਂ ਇਲਾਵਾ ਫ਼ੀਵਰ ਸਰਵੇ ਵੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਪ੍ਰਭਾਵਿਤ ਏਰੀਆ ਵਿੱਚ ਹੋ ਰਹੀ ਪਾਣੀ ਦੀ ਸਪਲਾਈ ਦੀਆਂ ਲਾਈਨਾਂ ’ਚੋਂ ਵੀ ਪਾਣੀ ਦੇ ਕਈ ਸੈਂਪਲ ਲਏ ਗਏ ਹਨ ਜਿਨ੍ਹਾਂ ਦੀ ਰਿਪੋਰਟ ਜਲਦ ਹੀ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਏਰੀਆ ਵਿੱਚ ਪਾਣੀ ਦੀ ਸਪਲਾਈ ਦੀ ਲਾਈਨ ਪਹਿਲਾਂ ਹੀ ਬੰਦ ਕਰਵਾ ਦਿਤੀ ਗਈ ਸੀ। ਡਾ.ਆਦਰਸ਼ਪਾਲ ਕੌਰ ਨੇ ਮੁਬਾਰਕਪੁਰ ਦੇ ਹੈਲਥ ਐਂਡ ਵੈੱਲਨੈਸ ਕੇਂਦਰ ਦਾ ਵੀ ਦੌਰਾ ਕੀਤਾ ਅਤੇ ਸਟਾਫ਼ ਦੇ ਕੰਮ-ਕਾਰ ਦੀ ਸਮੀਖਿਆ ਕਰਨ ਦੇ ਨਾਲ-ਨਾਲ ਸਰਵੇ ਸਬੰਧੀ ਜਾਣਕਾਰੀ ਲਈ। ਸਿਵਲ ਸਰਜਨ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਉਬਾਲ ਕੇ ਪੀਣ ਅਤੇ ਬੁਖ਼ਾਰ ਜਾਂ ਹੋਰ ਸਬੰਧਤ ਬੀਮਾਰੀ ਦੇ ਮਾੜੇ-ਮੋਟੇ ਲੱਛਣ ਦਿਸਣ ’ਤੇ ਹੀ ਨਜ਼ਦੀਕੀ ਸਿਹਤ ਕੇਂਦਰ ਵਿੱਚ ਪਹੁੰਚਣ। ਉਨ੍ਹਾਂ ਕਿਹਾ ਕਿ ਅਕਸਰ ਹੀ ਪੀਣ ਵਾਲੇ ਪਾਣੀ ਦੇ ਗੰਧਲੇਪਣ ਕਾਰਨ ਅਜਿਹੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਸਭ ਨੂੰ ਫਿਲਟਰ ਕੀਤਾ ਪਾਣੀ ਜਾਂ ਉਬਾਲਿਆ ਪਾਣੀ ਪੀਣਾ ਚਾਹੀਦਾ ਹੈ, ਖ਼ਾਸਕਰ ਬਰਸਾਤ ਦੇ ਮੌਸਮ ਵਿਚ ਇਹ ਬੇਹੱਦ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਡੇਰਾਬੱਸੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਬੀਮਾਰ ਲੋਕਾਂ ਸਮੇਤ ਸਮੁੱਚੇ ਹਾਲਾਤ ’ਤੇ ਲਗਾਤਾਰ ਨਿਗਰਾਨੀ ਰੱਖ ਰਹੀਆਂ ਹਨ। ਉਨ੍ਹਾਂ ਮੌਕੇ ’ਤੇ ਹੀ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੂਰੀ ਤਰ੍ਹਾਂ ਯਤਨਸ਼ੀਲ ਹੈ ਕਿ ਹੋਰ ਲੋਕ ਬੀਮਾਰੀ ਦੀ ਲਪੇਟ ਵਿਚ ਨਾ ਆਉਣ ਅਤੇ ਮਰੀਜ਼ ਜਲਦ ਤੋਂ ਜਲਦ ਰਾਜ਼ੀ ਹੋਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸਬੰਧੀ ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਐਸਐਮਓ ਡਾ. ਸੰਗੀਤਾ ਜੈਨ, ਡਾ. ਸੰਦੀਪ ਸਿੰਗਲਾ, ਡਾ. ਪ੍ਰੀਤ ਮੋਹਨ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ