Nabaz-e-punjab.com

ਸਿਵਲ ਸਰਜਨ ਨੇ ਮੁਹਾਲੀ ਸਮੇਤ ਵੱਖ ਵੱਖ ਸਰਕਾਰੀ ਹਸਪਤਾਲਾਂ ਦੀ ਰਾਤ ਸਮੇਂ ਕੀਤੀ ਅਚਨਚੇਤ ਚੈਕਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਸਰਕਾਰੀ ਹਸਪਤਾਲਾਂ ਦੀ ਕਾਰਜਪ੍ਰਣਾਲੀ ਨੂੰ ਹੋਰ ਦਰੁਸਤ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਦੀ ਰਾਤ ਇੱਕੋ ਸਮੇਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਅਤੇ ਹਸਪਤਾਲਾਂ ਵਿੱਚ ਮਿਲੀ ਰਹੀਆਂ ਸਿਹਤ ਸਹੂਲਤਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਮੁਹਿੰਮ ਦੌਰਾਨ ਮੁਹਾਲੀ, ਖਰੜ, ਕੁਰਾਲੀ, ਡੇਰਾਬੱਸੀ ਅਤੇ ਢਕੋਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਅਚਨਚੇਤ ਫੇਰੀ ਪਾਈ ਗਈ ਜਿਸ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਉਪਲਬਧਤਾ ਅਤੇ ਮੈਡੀਕਲ ਸਾਜ਼ੋ-ਸਮਾਨ ਦੀ ਵੀ ਜਾਂਚ ਕੀਤੀ ਗਈ। ਚੈਕਿੰਗ ਮੁਹਿੰਮ ਦੇਰ ਸ਼ਾਮ ਸੱਤ ਵਜੇ ਤੋਂ ਰਾਤ 10 ਵਜੇ ਤੱਕ ਚੱਲੀ।
ਸਿਵਲ ਸਰਜਨ ਨੇ ਦਸਿਆ ਕਿ ਉਨ੍ਹਾਂ ਖ਼ੁਦ ਡਿਪਟੀ ਮੈਡੀਕਲ ਕਮਿਸ਼ਨਰ ਨਾਲ ਜ਼ਿਲ੍ਹਾ ਹਸਪਤਾਲ ਮੋਹਾਲੀ ਦਾ ਦੌਰਾ ਕੀਤਾ ਅਤੇ ਵੱਖ ਵੱਖ ਵਾਰਡਾਂ ਖ਼ਾਸਕਰ ਐਮਰਜੈਂਸੀ ਵਾਰਡ ਵਿਚ ਜਾ ਕੇ ਜਾਂਚ-ਪੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਵੱਖ ਵੱਖ ਟੀਮਾਂ ਨੇ ਹਸਪਤਾਲਾਂ ਦੇ ਐਮਰਜੈਂਸੀ ਵਾਰਡ, ਲੇਬਰ ਰੂਮ, ਜੱਚਾ-ਬੱਚਾ ਵਾਰਡ, ਆਪਰੇਸ਼ਨ ਥੀਏਟਰ ਅਤੇ ਲੈਬ ਆਦਿ ਵਿੱਚ ਜਾ ਕੇ ਪ੍ਰਬੰਧਾਂ ਅਤੇ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਵਾਰਡਾਂ ਵਿੱਚ ਦਾਖ਼ਲ ਮਰੀਜ਼ਾਂ ਅਤੇ ਉਨ੍ਹਾਂ ਦੇ ਤੀਮਾਰਦਾਰਾਂ ਨਾਲ ਗੱਲਬਾਤ ਕੀਤੀ।’ ਉਨ੍ਹਾਂ ਦੱਸਿਆ ਕਿ ਕੁੱਝ ਹਸਪਤਾਲਾਂ ਵਿਚ ਮਾੜੀਆਂ-ਮੋਟੀਆਂ ਖ਼ਾਮੀਆਂ ਮਿਲੀਆਂ ਹਨ। ਜਿਨ੍ਹਾਂ ਨੂੰ ਤਰਜੀਹ ਦੇ ਆਧਾਰ ’ਤੇ ਦੂਰ ਕਰ ਲਿਆ ਜਾਵੇਗਾ।
ਚੈਕਿੰਗ ਮੁਹਿੰਮ ਵਿਚ ਸਹਾਇਕ ਸਿਵਲ ਸਰਜਨ ਡਾ. ਕੁਲਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜਰੇਵਾਲ, ਜ਼ਿਲ੍ਹਾ ਪਰਵਾਰ ਯੋਜਨਾ ਅਧਿਕਾਰੀ ਡਾ. ਨਿਧੀ ਆਦਿ ਸ਼ਾਮਲ ਸਨ। ਚੈਕਿੰਮ ਮੁਹਿੰਮ ਮਗਰੋਂ ਸਿਵਲ ਸਰਜਨ ਨੇ ਅੱਜ ਜ਼ਿਲ੍ਹੇ ਦੇ ਤਮਾਮ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਹਸਪਤਾਲਾਂ ਵਿਚ ਮਿਲੀਆਂ ਖ਼ਾਮੀਆਂ ਬਾਰੇ ਜਾਣੂ ਕਰਾਉਂਦਿਆਂ ਇਨ੍ਹਾਂ ਨੂੰ ਤਰਜੀਹ ਦੇ ਆਧਾਰ ’ਤੇ ਦੂਰ ਕਰਨ ਲਈ ਹਦਾਇਤਾਂ ਦਿਤੀਆਂ। ਉਨ੍ਹਾਂ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ। ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲਿਆਉਣ ਲਈ ਕਹਿਣ ਦੀ ਬਜਾਏ ਹਸਪਤਾਲ ਵਿਚ ਹੀ ਉਪਲਬਧ ਦਵਾਈਆਂ ਦਿਤੀਆਂ ਜਾਣ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਹੂਲਤਾਂ ਦੇਣ ਵਿਚ ਕਿਸੇ ਕਿਸਮ ਦੀ ਕਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਰੀਜ਼ਾਂ ਨੂੰ ਸਰਕਾਰ ਦੁਆਰਾ ਦਿਤੀਆਂ ਜਾ ਰਹੀਆਂ ਸਾਰੀਆਂ ਡਾਕਟਰੀ ਸਹੂਲਤਾਂ ਦਾ ਲਾਭ ਮਿਲਣਾ ਚਾਹੀਦਾ ਹੈ।
ਜੇ ਕਿਸੇ ਹਸਪਤਾਲ ਵਿਚ ਲੋੜੀਂਦੀਆਂ ਦਵਾਈਆਂ ਜਾਂ ਸਹੂਲਤਾਂ ਦੀ ਘਾਟ ਹੈ ਤਾਂ ਤੁਰੰਤ ਮੁੱਖ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ ਤਾਕਿ ਸਮੇਂ ਸਿਰ ਪ੍ਰਬੰਧ ਕੀਤਾ ਜਾ ਸਕੇ। ਉਨ੍ਹਾਂ ਹਸਪਤਾਲਾਂ ਖ਼ਾਸਕਰ ਵਾਰਡਾਂ ਵਿਚ ਸਾਫ਼-ਸਫ਼ਾਈ ਵਲ ਹੋਰ ਧਿਆਨ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਤੰਦਰੁਸਤੀ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਜਿਸ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸਿਵਲ ਸਰਜਨ ਨੇ ਡਾਕਟਰਾਂ ਨੂੰ ਕਿਹਾ ਕਿ ਉਹ ਮਰੀਜ਼ਾਂ ਨਾਲ ਹਮਦਰਦੀ ਅਤੇ ਪਿਆਰ ਭਰਿਆ ਵਿਹਾਰ ਕਰਨ। ਜੇ ਕਦੇ ਕੋਈ ਅਣਸੁਖਾਵੀਂ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਵੀ ਮਰੀਜ਼ਾਂ ਪ੍ਰਤੀ ਹਲੀਮੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਡਾਕਟਰ ਅਤੇ ਮਰੀਜ਼ ਦਾ ਰਿਸ਼ਤਾ ਬਹੁਤ ਅਹਿਮੀਅਤ ਰੱਖਦਾ ਹੈ। ਜੇ ਦੋਹਾਂ ਵਿਚਾਲੇ ਸਾਂਝ ਹੈ ਤਾਂ ਸਹੀ ਅਤੇ ਮਿਆਰੀ ਇਲਾਜ ਵਿਚ ਮਦਦ ਮਿਲਦੀ ਹੈ। ਜਦ ਡਾਕਟਰ ਮਰੀਜ਼ ਪ੍ਰਤੀ ਹਮਦਰਦੀ ਦਿਖਾਏਗਾ ਤਾਂ ਮਰੀਜ਼ ਅਪਣੀ ਬੀਮਾਰੀ ਬਾਰੇ ਚੰਗੀ ਤਰ੍ਹਾਂ ਖੁਲ੍ਹ ਕੇ ਦੱਸ ਸਕਦਾ ਹੈ ਜਿਸ ਨਾਲ ਉਸ ਦਾ ਛੇਤੀ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਇਸ ਜਾਂਚ ਦਾ ਮਕਸਦ ਹਸਪਤਾਲਾਂ ਦੇ ਪ੍ਰਬੰਧਾਂ ਨੂੰ ਬਿਹਤਰ ਬਣਾਉਣਾ ਹੈ ਜਿਸ ਲਈ ਲੋਕਾਂ ਦਾ ਸਾਥ ਵੀ ਲੋੜੀਂਦਾ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …