Share on Facebook Share on Twitter Share on Google+ Share on Pinterest Share on Linkedin ਸਿਵਲ ਸਰਜਨ ਵੱਲੋਂ ਸਵਾਈਨ ਫਲੂ ਤੋਂ ਬਚਾਅ ਲਈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਲਾਹ ਤੇ ਹਦਾਇਤਾਂ ਜਾਰੀ ਸਰਕਾਰੀ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਦੀ ਵਿਵਸਥਾ, ਮਰੀਜ਼ਾਂ ਦੇ ਸਾਰੇ ਟੈਸਟ ਤੇ ਇਲਾਜ ਵੀ ਮੁਫ਼ਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ: ਜ਼ਿਲ੍ਹਾ ਸਿਹਤ ਵਿਭਾਗ ਨੇ ਸਵਾਈਨ ਫਲੂ ਦੀ ਅਗਾਊਂ ਰੋਕਥਾਮ ਲਈ ਸ਼ਹਿਰਾਂ, ਕਲੋਨੀਆਂ ਅਤੇ ਪਿੰਡ ਪੱਧਰ ’ਤੇ ਜਾਗਰੂਕਤਾ ਮੁਹਿੰਮ ਵਿੱਢ ਦਿੱਤੀ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਜ਼ਿਲ੍ਹਾ ਮੁਹਾਲੀ ਅਧੀਨ ਆਉਂਦੇ ਸਮੂਹ ਸਰਕਾਰੀ ਹਸਪਤਾਲਾਂ ਸਮੇਤ ਪ੍ਰਾਈਵੇਟ ਹਸਪਤਾਲਾਂ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸਰਦੀ ਦੇ ਮੌਸਮ ਵਿੱਚ ਸਵਾਈਨ ਫਲੂ ਨਾਲ ਨਜਿੱਠਣ ਲਈ ਜ਼ਰੂਰੀ ਸੁਝਾਅ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ। ਸਿਵਲ ਸਰਜਨ ਨੇ ਦੱਸਿਆ ਕਿ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਸਪੈਸ਼ਲ ਆਈਸੋਲੇਸ਼ਨ ਵਾਰਡ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਬਾਕੀ ਸਾਰੇ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਅਤੇ ਫਲੂ ਕਾਰਨਰ ਚੰਗੀ ਤਰ੍ਹਾਂ ਤਿਆਰ-ਬਰ-ਤਿਆਰ ਰੱਖੇ ਜਾਣ ਤਾਂ ਜੋ ਲੋੜ ਪੈਣ ’ਤੇ ਪੀੜਤ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾ ਸਕੇ। ਉਨ੍ਹਾਂ ਵੱਖ-ਵੱਖ ਤਰੀਕਿਆਂ ਰਾਹੀਂ ਇਸ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਦਸੰਬਰ ਤੋਂ ਮਾਰਚ ਤੱਕ ਐਚਐਨ ਵਿਸ਼ਾਣੂ ਦੇ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਉਨ੍ਹਾਂ ਨਿੱਜੀ ਹਸਪਤਾਲਾਂ ਨੂੰ ਕਿਹਾ ਕਿ ਜੇਕਰ ਸਵਾਈਨ ਫਲੂ ਦਾ ਕੋਈ ਸ਼ੱਕੀ ਮਰੀਜ਼ ਆਉਂਦਾ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਇਤਲਾਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਹੋਣ ’ਤੇ ਮਰੀਜ਼ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਸਗੋਂ ਇਲਾਜ ਕਰਾਉਣ ਦੀ ਲੋੜ ਹੈ। ਡਾ. ਮਨਜੀਤ ਸਿੰਘ ਨੇ ਡਾਕਟਰਾਂ ਨੂੰ ਦੱਸਿਆ ਕਿ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਘਟਾਉਣ ਦੇ ਮੰਤਵ ਨਾਲ ਕੇਸਾਂ ਦੀਆਂ ਏ, ਬੀ ਅਤੇ ਸੀ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਜਿਸ ਮਰੀਜ਼ ਨੂੰ ਹਲਕਾ ਬੁਖ਼ਾਰ ਅਤੇ ਥੋੜੀ ਖੰਘ ਹੈ, ਉਸ ਦਾ ਟੈੱਸਟ ਕਰਾਉਣ ਦੀ ਲੋੜ ਨਹੀਂ ਅਤੇ ਉਸ ਨੂੰ ਘਰ ਵਿੱਚ ਆਰਾਮ ਕਰਨ ਦੀ ਸਲਾਹ ਦਿੱਤੀ ਜਾਵੇ ਪ੍ਰੰਤੂ ਅਜਿਹੇ ਮਰੀਜ਼ ਨੂੰ ਆਮ ਲੋਕਾਂ ਨਾਲ ਘੁਲਣ-ਮਿਲਣ ਤੋਂ ਰੋਕਿਆ ਜਾਵੇ। ਜਿਸ ਮਰੀਜ਼ ਨੂੰ ਉਪਰੋਕਤ ਲੱਛਣਾਂ ਤੋਂ ਇਲਾਵਾ ਤੇਜ਼ ਬੁਖ਼ਾਰ ਅਤੇ ਜ਼ਿਆਦਾ ਗਲਾ ਖ਼ਰਾਬ ਹੈ, ਉਸ ਨੂੰ ਘਰ ਵਿੱਚ ਆਰਾਮ ਕਰਨ ਦੀ ਸਲਾਹ ਦੇਣ ਦੇ ਨਾਲ ਨਾਲ ਉਸ ਉੱਤੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਅਤੇ ਇਕ ਤੋਂ ਦੋ ਦਿਨਾਂ ਅੰਦਰ ਮੁੜ ਹਸਪਤਾਲ ਸੱਦਿਆ ਜਾਵੇ। ਜਿਸ ਮਰੀਜ਼ ਨੂੰ ਇਨ੍ਹਾਂ ਸਾਰੇ ਲੱਛਣਾਂ ਤੋਂ ਇਲਾਵਾ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ, ਛਾਤੀ ਵਿੱਚ ਦਰਦ ਹੈ, ਬਲੱਡ ਪ੍ਰੈਸ਼ਰ ਘਟ ਗਿਆ ਹੈ। ਉਸ ਦੇ ਤੁਰੰਤ ਟੈੱਸਟ ਕਰਵਾ ਕੇ ਹਸਪਤਾਲ ਵਿੱਚ ਦਾਖ਼ਲ ਕਰਕੇ ਇਲਾਜ ਸ਼ੁਰੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਏ ਅਤੇ ਬੀ ਸ਼੍ਰੇਣੀ ਦੇ ਮਰੀਜ਼ਾਂ ਲਈ ਟੈੱਸਟਾਂ ਦੀ ਲੋੜ ਨਹੀਂ ਪ੍ਰੰਤੂ ਸਾਵਧਾਨੀਆਂ, ਆਰਾਮ ਅਤੇ ਦਵਾਈ ਬਹੁਤ ਜ਼ਰੂਰੀ ਹੈ। ਇਸ ਮੌਕੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਇਹ ਬੀਮਾਰੀ ਐਚਐਨ ਵਿਸ਼ਾਣੂ ਤੋਂ ਗ੍ਰਸਤ ਵਿਅਕਤੀ ਦੇ ਛਿੱਕ ਮਾਰਨ ਜਾਂ ਖੰਘਣ ਨਾਲ ਸਾਹ ਰਾਹੀਂ ਦੂਜੇ ਵਿਅਕਤੀ ਤੱਕ ਫੈਲਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਫਲੂ ਕਾਰਨਰ ਅਤੇ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਿੱਜੀ ਹਸਪਤਾਲ ਸਵਾਈਨ ਫਲੂ ਦੇ ਟੈੱਸਟ ਦੀ ਪੁਸ਼ਟੀ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਦੇ ਇਲਾਜ ਲਈ ਟੈਮੀਫਲੂ ਦੀ ਦਵਾਈ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫ਼ਤ ਮਿਲਦੀ ਹੈ। ਸਵਾਈਨ ਫਲੂ ਦੀ ਪੁਸ਼ਟੀ ਲਈ ਲੈਬ ਟੈੱਸਟ ਮੁਫ਼ਤ ਕੀਤਾ ਜਾਂਦਾ ਹੈ। ਪੀਜੀਆਈ ਵਿੱਚ ਟੈੱਸਟਾਂ ਲਈ ਨੋਡਲ ਲੈਬਾਰਟਰੀ ਹੈ। ਇਸ ਮੌਕੇ ਸਵਾਈਨ ਫਲੂ ਦੇ ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਪੋਸਟਰ ਵੀ ਜਾਰੀ ਕੀਤਾ ਗਿਆ। ਮੀਟਿੰਗ ਵਿੱਚ ਫੋਰਟਿਸ ਹਸਪਤਾਲ, ਮੈਕਸ ਹਸਪਤਾਲ, ਆਈਵੀਵਾਈ ਹਸਪਤਾਲ, ਕੋਸਮੋ ਹਸਪਤਾਲ, ਐਸਜੀਐਚਐਸ, ਏਸ ਹਾਰਟ, ਇੰਡਸ ਹਸਪਤਾਲ, ਚੀਮਾ ਮੈਡੀਕਲ ਕੰਪਲੈਕਸ, ਗਰੇਸ਼ੀਅਨ ਹਸਪਤਾਲ ਸਮੇਤ ਹੋਰਨਾਂ ਹਸਪਤਾਲਾਂ ਦੇ ਡਾਕਟਰਾਂ, ਲੈਬ ਟੈਕਨੀਸ਼ਨ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ