ਸਿਵਲ ਸਰਜਨ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ, ਨਾਅਰੇਬਾਜ਼ੀ

ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਮੁਲਾਜ਼ਮਾਂ ਨਾਲ ਧੋਖਾ ਤੇ ਬੇਇਨਸਾਫ਼ੀ ਕਰਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ’ਤੇ ਪੰਜਾਬ ਦੇ ਛੇਵੇਂ ਤਨਖ਼ਾਹ ਕਮਿਸ਼ਨ ਅਤੇ ਵਿੱਤ ਵਿਭਾਗ ਦੀਆਂ ਮੁਲਾਜ਼ਮ ਵਿਰੋਧੀ ਤਜਵੀਜ਼ਾਂ ਖ਼ਿਲਾਫ਼ ਅੱਜ ਇੱਥੋਂ ਦੇ ਸਿਵਲ ਸਰਜਨ ਦਫ਼ਤਰ ਅਤੇ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਮੁਲਾਜ਼ਮਾਂ ਨੇ ਦਫ਼ਤਰੀ ਕੰਮ ਠੱਪ ਕਰਕੇ ਕਮਲਛੋੜ ਹੜਤਾਲ ਕੀਤੀ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹੜਤਾਲ ਵਿੱਚ ਪੰਜਾਬ ਰਾਜ ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਮਾਸ ਮੀਡੀਆ ਆਫ਼ੀਸਰਜ਼ ਐਸੋਸੀਏਸ਼ਨ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਐਸੋਸੀਏਸ਼ਨ, ਏਐਨਐਮ ਯੂਨੀਅਨ ਪੰਜਾਬ, ਪੰਜਾਬ ਰਾਜ ਸਿਹਤ ਵਿਭਾਗ ਦਰਜਾ ਚਾਰ ਐਂਪਲਾਈਜ਼ ਯੂਨੀਅਨ ਸਮੇਤ ਹੋਰਨਾਂ ਮੁਲਾਜ਼ਮਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਹੁਕਮਰਾਨਾਂ ਨੂੰ ਕੋਸਿਆ। ਉਨ੍ਹਾਂ ਕਿਹਾ ਕਿ ਸਰਕਾਰ ਛੇਵੇਂ ਤਨਖ਼ਾਹ ਕਮਿਸ਼ਨ ਦੀ ਸਿਫ਼ਾਰਸ਼ਾਂ ਲਾਗੂ ਕਰਕੇ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਤਾਂ ਸਰਕਾਰ ਸਾਢੇ ਚਾਰ ਸਾਲ ਦੇਰ ਨਾਲ ਰਿਪੋਰਟ ਲਾਗੂ ਕਰ ਰਹੀ ਹੈ, ਉੱਪਰੋਂ ਇਸ ਰਿਪੋਰਟ ਵਿੱਚ ਮੁਲਾਜ਼ਮਾਂ ਨੂੰ ਬਣਦਾ ਹੱਕ ਦੇਣ ਦੀ ਥਾਂ ਉਨ੍ਹਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਸਰਕਾਰ ਨੇ ਅਜਿਹੀ ਰਿਪੋਰਟ ਪ੍ਰਵਾਨ ਕੀਤੀ ਹੈ, ਜਿਸ ਨਾਲ ਮੁਲਾਜ਼ਮਾਂ ਦੀ ਤਨਖ਼ਾਹ ਵਧਣ ਦੀ ਬਜਾਏ ਘੱਟ ਰਹੀ ਹੈ। ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਚੁੱਪ ਕਰਕੇ ਨਹੀਂ ਬੈਠਣਗੇ ਸਗੋਂ ਜਦੋਂ ਤੱਕ ਤਨਖ਼ਾਹ ਕਮਿਸ਼ਨ ਦੀ ਸੋਧੀ ਹੋਈ ਰਿਪੋਰਟ ਲਾਗੂ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਆਗੂਆਂ ਨੇ ਕਿਹਾ ਕਿ ਮੁਲਾਜ਼ਮ 10 ਸਾਲਾਂ ਤੋਂ ਉਮੀਦ ਕਰ ਰਹੇ ਸਨ ਕਿ ਮਹਿੰਗਾਈ ਦੇ ਇਸ ਜ਼ਮਾਨੇ ਵਿੱਚ ਉਨ੍ਹਾਂ ਨੂੰ ਸਰਕਾਰ ਵੱਲੋਂ ਰਾਹਤ ਦਿੱਤੀ ਜਾਵੇਗੀ ਪ੍ਰੰਤੂ ਸਰਕਾਰ ਨੇ ਇਕ ਵਾਰ ਫਿਰ ਮੁਲਾਜ਼ਮ ਵਿਰੋਧੀ ਰਵੱਈਆ ਅਖ਼ਤਿਆਰ ਕਰਦਿਆਂ ਕੋਵਿਡ ਮਹਾਮਾਰੀ ਦੌਰਾਨ ਬੇਮਿਸਾਲ ਸੇਵਾਵਾਂ ਦੇਣ ਵਾਲੇ ਤਮਾਮ ਮੁਲਾਜ਼ਮਾਂ ਨੂੰ ਇਨਾਮ ਦੇਣ ਦੀ ਬਜਾਏ ਸਜ਼ਾ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਸਰਾਸਰ ਕਰੋਨਾ ਯੋਧਿਆਂ ਨਾਲ ਬੇਇਨਸਾਫ਼ੀ ਹੈ।
ਇਸ ਮੌਕੇ ਸੁਪਰਡੈਂਟ ਸਰਬਜੀਤ ਕੌਰ, ਸਟੈਨੋ ਦਵਿੰਦਰ ਸਿੰਘ, ਹੈਲਥ ਇੰਸਪੈਕਟਰ ਦਿਲਬਾਗ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਬਲਜਿੰਦਰ ਸਿੰਘ ਸੈਣੀ, ਕਲਰਕ ਮਨਦੀਪ ਸਿੰਘ, ਦਰਜਾ ਚਾਰ ਰਣਧੀਰ ਸਿੰਘ, ਦਰਸ਼ਨ ਸਿੰਘ, ਡਰਾਈਵਰ ਭੁਪਿੰਦਰ ਸਿੰਘ ਮਦਨਹੇੜੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …