
ਸਿਵਲ ਸਰਜਨ ਵੱਲੋਂ ਡੇਂਗੂ ਵਿਰੁੱਧ ਲੋਕ ਲਹਿਰ ਖੜੀ ਕਰਨ ’ਤੇ ਜ਼ੋਰ
ਸਿਹਤ ਵਿਭਾਗ ਨੇ ਨਿੱਜੀ ਹਸਪਤਾਲਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਸਹਿਯੋਗ ਮੰਗਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਜ਼ਿਲ੍ਹਾ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਡੇਂਗੂ ਜਿਹੀ ਜਾਨਲੇਵਾ ਬਿਮਾਰੀ ਵਿਰੁੱਧ ਲੋਕ ਲਹਿਰ ਖੜੀ ਕਰਨ ’ਤੇ ਜ਼ੋਰ ਦਿੰਦਿਆਂ ਸਮਾਜ ਦੇ ਹਰੇਕ ਨਾਗਰਿਕ ਨੂੰ ਇਸ ਬਿਮਾਰੀ ਦੀ ਰੋਕਥਾਮ ਵਿੱਚ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਵੀ ਇਸ ਕਾਰਜ ਵਿੱਚ ਆਪਣਾ ਵਡਮੱੁਲਾ ਯੋਗਦਾਨ ਪਾ ਸਕਦੇ ਹਨ। ਪ੍ਰਾਈਵੇਟ ਹਸਪਤਾਲਾਂ, ਲੈਬਾਰਟਰੀਆਂ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਮਨਜੀਤ ਸਿੰਘ ਨੇ ਕਿਹਾ ਕਿ ਡੇਂਗੂ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਪੂਰੀ ਵਾਹ ਲਾਈ ਜਾ ਰਹੀ ਹੈ ਪ੍ਰੰਤੂ ਫਿਰ ਵੀ ਨਿੱਜੀ ਹਸਪਤਾਲਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਇਸ ਬਿਮਾਰੀ ਨਾਲ ਸਾਂਝੇ ਤੌਰ ’ਤੇ ਲੜਿਆ ਜਾਵੇ ਤਾਂ ਫਤਿਹ ਹਾਸਲ ਕੀਤੀ ਜਾ ਸਕਦੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਨਿੱਜੀ ਹਸਪਤਾਲ ਭਾਰਤ ਸਰਕਾਰ ਦੁਆਰਾ ਜਾਰੀ ਹਦਾਇਤਾਂ ਮੁਤਾਬਕ ਹੀ ਇਲਾਜ ਕਰਨ ਅਤੇ ਕਿਸੇ ਵੀ ਮਰੀਜ਼ ਕੋਲੋਂ ਡੇਂਗੂ ਦੀ ਜਾਂਚ ਅਤੇ ਇਲਾਜ ਲਈ ਵਾਧੂ ਪੈਸੇ ਨਾ ਵਸੂਲੇ ਜਾਣ। ਉਨ੍ਹਾਂ ਕਿਹਾ ਕਿ ਡੇਂਗੂ ਦੇ ਕਿਸੇ ਵੀ ਸ਼ੱਕੀ ਅਤੇ ਪੱਕੇ ਕੇਸ ਬਾਰੇ ਸਿਹਤ ਵਿਭਾਗ ਨੂੰ ਫੌਰੀ ਤੌਰ ’ਤੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਡੇਂਗੂ ਨੂੰ ਫੈਲਣ ਤੋਂ ਰੋਕਣ ਤੋਂ ਲੋੜੀਂਦੇ ਉਪਾਅ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਨਿੱਜੀ ਹਸਪਤਾਲਾਂ ਵਿੱਚ ਕਾਰਡ ਆਧਾਰਿਤ ਟੈੱਸਟ ਦੀ ਸਹੂਲਤ ਹੈ, ਉਹ ਡੇਂਗੂ ਬੁਖ਼ਾਰ ਦੀ ਪੁਸ਼ਟੀ ਨਹੀਂ ਕਰ ਸਕਦੇ। ਜਿਹੜੇ ਹਸਪਤਾਲਾਂ ਵਿੱਚ ਇਲੀਜ਼ਾ ਆਧਾਰਿਤ ਜਾਂਚ ਸਹੂਲਤ ਹੈ, ਸਿਰਫ਼ ਉਹੀ ਹਸਪਤਾਲ ਡੇਂਗੂ ਬੁਖ਼ਾਰ ਦੀ ਪੁਸ਼ਟੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਆਪਣੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਇਸ ਬੁਖ਼ਾਰ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਸਮਝਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦੀਆਂ ਸਾਰੀਆਂ ਅਹਿਮ ਥਾਵਾਂ ’ਤੇ ਡੇਂਗੂ ਸਬੰਧੀ ਪੋਸਟਰ, ਫ਼ਲੈਕਸੀ ਬੋਰਡ ਆਦਿ ਜ਼ਰੂਰ ਲਗਵਾਉਣ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਹ ਬੁਖ਼ਾਰ ਕਿਸੇ ਵੀ ਉਮਰ ਵਰਗ ਅਤੇ ਅਹੁਦੇ ਵਾਲੇ ਵਿਅਕਤੀ ਨੂੰ ਹੋ ਸਕਦਾ ਹੈ, ਇਸ ਲਈ ਬਿਮਾਰੀ ਨਾਲ ਲੜਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਆਮ ਬੁਖ਼ਾਰ ਹੋਣ ’ਤੇ ਹੀ ਮਰੀਜ਼ਾਂ ਅੰਦਰ ਡਰ ਪੈਦਾ ਕਰ ਦਿਤਾ ਜਾਂਦਾ ਹੈ ਜਦਕਿ ਮਰੀਜ਼ ਨੂੰ ਉਸ ਦੀ ਸਹੀ ਹਾਲਤ ਤੋਂ ਵਾਕਫ਼ ਕਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰੀਰ ਅੰਦਰਲੇ ਪਲੇਟਲੈੱਟਸ ਜਾਂ ਸੈੱਲ ਘਟਣ ’ਤੇ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸੈੱਲਾਂ ਦੀ ਥੋੜੀ-ਬਹੁਤ ਕਮੀ ਆਮ ਤੌਰ ’ਤੇ ਹਰ ਬੁਖ਼ਾਰ ਵਿਚ ਹੋ ਜਾਂਦੀ ਹੈ। ਸੈੱਲ ਘਟਣ ਦਾ ਅਰਥ ਡੇਂਗੂ ਬੁਖ਼ਾਰ ਹੋਣਾ ਬਿਲਕੁਲ ਵੀ ਨਹੀਂ।’ ਮੀਟਿੰਗ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦੇ ਜਤਿੰਦਰ ਸ਼ਰਮਾ, ਸੁਮਿਤ ਬਾਂਸਲ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਰਾਜਿੰਦਰ ਸਿੰਘ ਵੀ ਮੌਜੂਦ ਸਨ।
(ਬਾਕਸ ਆਈਟਮ)
ਹਫ਼ਤੇ ਵਿੱਚ ਘੱਟੋ-ਘੱਟ ਇਕ ਵਾਰ ਕੂਲਰਾਂ ਅਤੇ ਫਰਿੱਜਾਂ ਦੀਆਂ ਟਰੇਆਂ ਨੂੰ ਖ਼ਾਲੀ ਕਰ ਕੇ ਸੁਕਾਓ। ਘਰਾਂ ਦੇ ਆਲੇ-ਦੁਆਲੇ ਫੁੱਲਾਂ ਦੇ ਗਮਲਿਆਂ ਅਤੇ ਟੁੱਟੇ ਭੱਜੇ ਭਾਂਡਿਆਂ ਵਿੱਚ ਪਾਣੀ ਖੜਾ ਨਾ ਹੋਣ ਦਿਓ। ਪਾਣੀ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਲਈ ਅਜਿਹੇ ਕਪੜੇ ਪਾਓ ਜਿਨ੍ਹਾਂ ਨਾਲ ਪੂਰਾ ਸਰੀਰ ਢਕਿਆ ਰਹੇ। ਤੇਜ਼ ਬੁਖ਼ਾਰ ਹੋਣ ਦੀ ਹਾਲਤ ਵਿੱਚ ਤੁਰੰਤ ਨੇੜਲੇ ਹਸਪਤਾਲ/ਡਿਸਪੈਂਸਰੀ ਆਦਿ ਵਿਚ ਜਾ ਕੇ ਮੁਆਇਨਾ ਕਰਵਾਓ।