Nabaz-e-punjab.com

ਜੇਕਰ ਅਮਨ-ਕਾਨੂੰਨ ਦੀ ਵਿਵਸਥਾ ਉਤੇ ਕੋਈ ਸਪੱਸ਼ਟੀਕਰਨ ਚਾਹੁੰਦੇ ਹੋ ਤਾਂ ਮੇਰੇ ਅਫਸਰਾਂ ਨੂੰ ਨਹੀਂ, ਮੈਨੂੰ ਸੱਦੋ- ਮੁੱਖ ਮੰਤਰੀ ਨੇ ਰਾਜਪਾਲ ਨੂੰ ਕਿਹਾ

ਰਾਜਪਾਲ ਵੱਲੋਂ ਭਾਜਪਾ ਦੇ ਘਿਰਣਾਜਨਕ ਪ੍ਰਾਪੇਗੰਡੇ ਅੱਗੇ ਝੁਕ ਜਾਣ ਨੂੰ ਮੰਦਭਾਗਾ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 2 ਜਨਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਦੀ ਸਥਿਤੀ ਉਤੇ ਭਾਰਤੀ ਜਨਤਾ ਪਾਰਟੀ ਦੀ ਘਟੀਆ ਅਤੇ ਸਿਆਸਤ ਤੋਂ ਪ੍ਰੇਰਿਤ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ ਪੰਜਾਬ ਦੇ ਰਾਜਪਾਲ ਦੁਆਰਾ ਇਸ ਸਬੰਧੀ ਉਹਨਾਂ (ਕੈਪਟਨ ਅਮਰਿੰਦਰ ਸਿੰਘ) ਪਾਸੋਂ ਸੂਬੇ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਰਿਪੋਰਟ ਮੰਗਣ ਦੀ ਬਜਾਏ ਸਿਖਰਲੇ ਅਧਿਕਾਰੀਆਂ ਨੂੰ ਸੱਦਣ ਦਾ ਸਖਤ ਨੋਟਿਸ ਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਢਾਹ ਲੱਗਣ ਬਾਰੇ ਭਾਜਪਾ ਦਾ ਕੂੜ ਪ੍ਰਚਾਰ ਖੇਤੀ ਕਾਨੂੰਨਾਂ ਦੇ ਮਸਲੇ ਅਤੇ ਕਿਸਾਨਾਂ ਦੇ ਅੰਦੋਲਨ ਤੋਂ ਧਿਆਨ ਹਟਾਉਣ ਦੇ ਹੱਥਕੰਡੇ ਤੋਂ ਵੱਧ ਕੁਝ ਵੀ ਨਹੀਂ ਪਰ ਫੇਰ ਵੀ ਜੇਕਰ ਰਾਜਪਾਲ ਨੂੰ ਸਥਿਤੀ ਬਾਰੇ ਕਿਸੇ ਤਰਾਂ ਦਾ ਸਰੋਕਾਰ ਸੀ ਤਾਂ ਇਹ ਮਸਲਾ ਗ੍ਰਹਿ ਮਾਮਲਿਆਂ ਦਾ ਨਿਗਰਾਨ ਹੋਣ ਦੇ ਨਾਤੇ ਉਹਨਾਂ (ਕੈਪਟਨ ਅਮਰਿੰਦਰ ਸਿੰਘ) ਕੋਲ ਉਠਾਉਣਾ ਚਾਹੀਦਾ ਸੀ। ਮੁੱਖ ਮੰਤਰੀ ਨੇ ਇਹ ਪ੍ਰਤੀਕਿਰਿਆ ਕੁਝ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਣ ਦੀਆਂ ਇੱਕਾ-ਦੁੱਕਾ ਘਟਨਾਵਾਂ ਦੇ ਮੱਦੇਨਜਕਰ ਸੂਬੇ ਵਿੱਚ ਅਮਨ-ਕਾਨੂੰਨ ਦੀ ਕਥਿਤ ਸਮੱਸਿਆ ਬਾਰੇ ਰਾਜਪਾਲ ਵੱਲੋਂ ਸੂਬੇ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਬੁਲਾਉਣ ਉਤੇ ਜਾਹਰ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਪਹਿਲਾਂ ਹੀ ਭਖੇ ਹੋਏ ਮਾਹੌਲ ਉਤੇ ਗੈਰ-ਜਿੰਮੇਵਾਰਾਨਾ ਬਿਆਨਬਾਜੀ ਰਾਹੀਂ ਬਲਦੀ ਉਤੇ ਤੇਲ ਪਾਉਣ ਲਈ ਸੂਬੇ ਦੀ ਭਾਜਪਾ ਲੀਡਰਸ਼ਿਪ ਦੀ ਸਖਤ ਆਲੋਚਨਾ ਕੀਤੀ ਹੈ। ਉਹਨਾਂ ਨੇ ਭਾਜਪਾ ਵੱਲੋਂ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੁਝ ਘਟਨਾਵਾਂ ਨੂੰ ਅਮਨ-ਕਾਨੂੰਨ ਦੀ ਸਮੱਸਿਆ ਦੱਸ ਕੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਕਮਜੋਰ ਕਰਨ ਦੀ ਗਿਣੀ-ਮਿੱਥੀ ਘਟੀਆ ਸਾਜਿਸ਼ ਕਰਾਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ,”ਨੁਕਸਾਨੇ ਗਏ ਟਾਵਰਾਂ ਦੀ ਮੁਰੰਮਤ ਤਾਂ ਕੀਤੀ ਜਾ ਸਕਦਾ ਹੈ ਅਤੇ ਕੀਤੀ ਵੀ ਜਾ ਰਹੀ ਹੈ ਪਰ ਦਿੱਲੀ ਦੀਆਂ ਸਰਹੱਦਾਂ, ਜਿੱਥੇ ਕਿਸਾਨਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਹੱਠਧਰਮੀ ਵਾਲੇ ਰਵੱਈਏ ਵਿਰੁੱਧ ਆਪਣਾ ਹੱਕ ਲੈਣ ਲਈ ਲੜਾਈ ਲੜੀ ਜਾ ਰਹੀ ਹੈ, ਹੱਡ ਚੀਰਵੀਂ ਠੰਢ ਵਿੱਚ ਜਾਨਾਂ ਗੁਆ ਚੁੱਕੇ ਕਿਸਾਨਾ ਵਾਪਸ ਨਹੀਂ ਆ ਸਕਦੇ। ਉਹਨਾਂ ਨੇ ਇਸ ਗੱਲ ਉਤੇ ਹੈਰਾਨੀ ਜਾਹਰ ਕੀਤੀ ਕਿ ਕਿਸੇ ਵੀ ਭਾਜਪਾ ਨੇਤਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਜਿਹਨਾਂ ਵਿੱਚੋਂ ਕੁਝ ਨੇ ਖੁਦਕੁਸ਼ੀ ਕਰ ਲਈ ਸੀ, ਉਪਰ ਚਿੰਤਾ ਜਾਹਰ ਨਹੀਂ ਕੀਤੀ। ਉਹਨਾਂ ਕਿਹਾ,”ਫੌਤ ਹੋ ਚੁੱਕੀਆਂ ਜਿੰਦਗੀਆਂ ਮੁੜ ਇਸ ਜਹਾਨ ਉਤੇ ਨਹੀਂ ਆ ਸਕਦੀਆਂ।“ ਉਹਨਾਂ ਨੇ ਪੰਜਾਬ ਭਾਜਪਾ ਦੇ ਨੇਤਾਵਾਂ ਨੂੰ ਆਪਣੀ ਘਟੀਆ ਬਿਆਨੀ ਨਾਲ ਸ਼ਾਂਤਮਈ ਅੰਦੋਲਨ ਉਤੇ ਸਿਆਸਤ ਨਾ ਖੇਡਣ ਲਈ ਆਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਮੱਥੇ ਉਤੇ ਨਕਸਲੀ, ਖਾਲਿਸਤਾਨੀ ਵਰਗੇ ਸ਼ਬਦਾਂ ਦਾ ਕਲੰਕ ਲਾਉਣ ਦੀ ਬਜਾਏ ਭਾਜਪਾ ਨੂੰ ਭਾਰਤ ਸਰਕਾਰ ਵਿੱਚ ਆਪਣੀ ਕੇਂਦਰੀ ਲੀਡਰਸ਼ਿਪ ਉਪਰ ਅੰਨਦਾਤਿਆਂ ਦੀ ਆਵਾਜ ਸੁਣਨ ਅਤੇ ਕਾਲੇ ਖੇਤੀ ਕਾਨੂੰਨ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ ਕਿਉ ਜੋ ਇਹ ਕਾਨੂੰਨ ਕਿਸਾਨ ਭਾਈਚਾਰੇ ਦੇ ਜੀਵਨ ਅਤੇ ਭਵਿੱਖ ਲਈ ਖਤਰਾ ਬਣੇ ਹੋਏ ਹਨ। ਉਹਨਾਂ ਕਿਹਾ,”ਜਦੋਂ ਕਿਸਾਨਾਂ ਦੀ ਹੋਂਦ ਤੱਕ ਦਾਅ ਉਤੇ ਲੱਗੀ ਹੋਵੇ ਤਾਂ ਉਸ ਵੇਲੇ ਭਾਜਪਾ ਲੀਡਰ ਘਟੀਆ ਸਿਆਸਤ ਵਿੱਚ ਗਲਤਾਨ ਹਨ ਅਤੇ ਇੱਥੋਂ ਤੱਕ ਕਿ ਰਾਜਪਾਲ ਦੇ ਸੰਵਿਧਾਨਕ ਅਹੁਦੇ ਨੂੰ ਵੀ ਇਸ ਅਣਸੁਖਾਵੇਂ ਏਜੰਡੇ ਵਿੱਚ ਲਪੇਟ ਲਿਆ।“
ਭਾਜਪਾ ਦੇ ਇਹਨਾਂ ਹੱਥਕੰਡਿਆਂ ਅੱਗੇ ਰਾਜਪਾਲ ਵੱਲੋਂ ਝੁਕ ਜਾਣ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਭਾਜਪਾ ਲੀਡਰ ਦੀ ਸ਼ਿਕਾਇਤ ਉਤੇ ਰਾਜਪਾਲ ਨੇ ਸਿਰਫ ਇਕ ਦਿਨ ਵਿੱਚ ਹੀ ਪ੍ਰਤੀਕਰਮ ਦੇ ਦਿੱਤਾ ਜੋ ਵਿਧਾਨ ਸਭਾ ਵਿੱਚ ਭਾਜਪਾ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਪਾਸੇ ਕੀਤੇ ਸੂਬਾਈ ਸੋਧ ਬਿੱਲਾਂ ਨੂੰ ਰਾਸ਼ਟਰਪਤੀ ਦੀ ਮਨਜੂਰੀ ਲਈ ਗਈ ਲੰਮੀ ਦੇਰੀ ਦੇ ਬਿਲਕੁਲ ਉਲਟ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੀ ਪੰਜਾਬ ਇਕਾਈ ਵੱਲੋਂ ਕਾਂਗਰਸ ਦੁਆਰਾ ਪੰਜਾਬ ਵਿੱਚ ਜਮਹੂਰੀਅਤ ਉਤੇ ਕੀਤੇ ਹਮਲੇ ਦੇ ਦੋਸ਼ਾਂ ਦਾ ਮਜਾਕ ਉਡਾਉਂਦਿਆਂ ਇਸ ਨੂੰ ਸ਼ਰਮਨਾਕ ਕਾਰਵਾਈ ਕਰਾਰ ਦਿੱਤਾ। ਉਹਨਾਂ ਨੇ ਚੁਟਕੀ ਲੈਂਦਿਆਂ ਕਿਹਾ,”ਇਕ ਪਾਰਟੀ ਜਿਸ ਨੇ ਅਸਲੀਅਤ ਵਿੱਚ ਸੂਬੇ ਦੀ ਹਰੇਕ ਜਮਹੂਰੀ ਸੰਸਥਾ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੋਵੇ, ਉਸ ਵੱਲੋਂ ਕਿਸੇ ਹੋਰ ਨੂੰ ਗੈਰ-ਜਮਹੂਰੀ ਦੱਸਣ ਦਾ ਕੋਈ ਹੱਕ ਨਹੀਂ।“

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…