
ਦਸਵੀਂ ਜਮਾਤ: ਵੀਆਈਪੀ ਸ਼ਹਿਰ ਦਾ ਨਤੀਜਾ ਨਿਰਾਸ਼ਾਜਨਕ, ਪੇਂਡੂ ਸਕੂਲਾਂ ਦੇ ਬੱਚਿਆਂ ਨੇ ਰੱਖੀ ਲਾਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਬੁੱਕਲ ਵਿੱਚ ਵਸਦੇ ਵੀਆਈਪੀ ਸ਼ਹਿਰੀ ਮੁਹਾਲੀ ਦਾ ਨਤੀਜਾ ਬੇਹੱਦ ਨਿਰਾਸ਼ਾ-ਜਨਕ ਰਿਹਾ ਹੈ, ਸ਼ਹਿਰ ਦੇ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਦਾ ਇੱਕ ਵੀ ਬੱਚਾ ਮੈਰਿਟ ਵਿੱਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ। ਜਿਸ ਕਾਰਨ ਸਿੱਖਿਆ ਪ੍ਰਬੰਧਾਂ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਅਤੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਉਧਰ, ਤਿੰਨ ਪੇਂਡੂ ਸਕੂਲਾਂ ਦੇ ਬੱਚਿਆਂ ਨੇ ਮੈਰਿਟ ਵਿੱਚ ਥਾਂ ਮੱਲ੍ਹ ਕੇ ਮੁਹਾਲੀ ਜ਼ਿਲ੍ਹੇ ਦੀ ਲਾਜ ਰੱਖ ਲਈ ਹੈ। ਇੱਥੇ ਇਹ ਦੱਸਣਯੋਗ ਹੈ ਕਿ ਬਾਰ੍ਹਵੀਂ ਜਮਾਤ ਦੀ ਮੈਰਿਟ ਵਿੱਚ ਵੀਆਈਪੀ ਜ਼ਿਲ੍ਹੇ ਦਾ ਇਸ ਤੋਂ ਵੀ ਵੱਧ ਮਾੜਾ ਹਾਲ ਸੀ। ਜ਼ਿਲ੍ਹੇ ਦਾ ਇੱਕ ਵੀ ਵਿਦਿਆਰਥੀ ਮੈਰਿਟ ਵਿੱਚ ਨਹੀਂ ਆਇਆ ਸੀ।
ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਜਾਰੀ ਕੀਤੀ ਦਸਵੀਂ ਜਮਾਤ ਦੇ 312 ਵਿਦਿਆਰਥੀਆਂ ਦੀ ਮੈਰਿਟ ਵਿੱਚ ਸ਼ਹੀਦ ਲੈਫਟੀਨੈੱਟ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਿਆਲਬਾ (ਮੁਹਾਲੀ) ਦੇ ਵਿਦਿਆਰਥੀ ਅਵੀਰਾਜ ਗੌਤਮ ਪੁੱਤਰ ਰਜਨੀਸ਼ ਕੁਮਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਦਿਆਲਪੁਰ (ਜ਼ਿਲ੍ਹਾ ਮੁਹਾਲੀ) ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਨੇ ਕੁੱਲ 650 ’ਚੋਂ 633-633 ਬਰਾਬਰ ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.38 ਫੀਸਦੀ ਹੈ ਜਦੋਂਕਿ ਪੰਜਾਬ ਦੀ ਮੈਰਿਟ ਵਿੱਚ 11ਵਾਂ ਰੈਂਕ ਹੈ। ਇੰਜ ਹੀ ਸਰਕਾਰੀ ਕੰਨਿਆਂ ਹਾਈ ਸਕੂਲ ਮੁਬਾਰਕਪੁਰ (ਜ਼ਿਲ੍ਹਾ ਮੁਹਾਲੀ) ਦੀ ਤਾਨੀਆ ਰਾਣੀ ਪੁੱਤਰੀ ਸੁਨੀਲ ਕੁਮਾਰ ਨੇ 630 ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ, ਉਸ ਦੀ ਪਾਸ ਪ੍ਰਤੀਸ਼ਤਤਾ 96.92 ਫੀਸਦੀ ਹੈ। ਜਦੋਂਕਿ ਪੰਜਾਬ ਦੀ ਮੈਰਿਟ ਵਿੱਚ 14ਵਾਂ ਰੈਂਕ ਹੈ। ਜ਼ਿਲ੍ਹਾ ਪੱਧਰ ’ਤੇ ਮੁਹਾਲੀ 12ਵੇਂ ਨੰਬਰ ’ਤੇ ਹੈ ਜਦੋਂਕਿ ਬਾਰ੍ਹਵੀਂ ਦੀ ਪਾਸ ਪ੍ਰਤੀਸ਼ਤਤਾ ਦੇ ਮਾਮਲੇ ਵਿੱਚ ਜ਼ਿਲ੍ਹਾ ਮੁਹਾਲੀ 17ਵੇਂ ਸਥਾਨ ’ਤੇ ਸੀ।
ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਜ਼ਿਆਦਾਤਰ ਅਧਿਆਪਕ ਸਿਫਾਰਸ਼ੀ ਹਨ। ਇਨ੍ਹਾਂ ’ਚੋਂ ਕੋਈ ਕਿਸੇ ਵੱਡੇ ਸਿਆਸੀ ਆਗੂ ਨਾਲ ਨੇੜਤਾ ਰੱਖਣ ਸਮੇਤ ਕੋਈ ਅਧਿਆਪਕ ਕਿਸੇ ਸੀਨੀਅਰ ਆਈਏਐਸ ਅਫ਼ਸਰ ਜਾਂ ਹੋਰ ਵੱਡੇ ਅਧਿਕਾਰੀ ਦੀ ਪਤਨੀ, ਕੋਈ ਧੀ ਹੈ ਜਾਂ ਬੇਟਾ ਹੈ। ਜਿਸ ਕਾਰਨ ਮਾੜੇ ਨਤੀਜੇ ਦੇਣ ਵਾਲੇ ਸਕੂਲਾਂ ਖ਼ਿਲਾਫ਼ ਕਦੇ ਕੋਈ ਉਚਿੱਤ ਕਾਰਵਾਈ ਨਹੀਂ ਹੋਈ। ਜਦੋਂਕਿ ਬਿਨਾਂ ਸਿਫਾਰਸ਼ੀ ਅਧਿਆਪਕ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਹਨ ਅਤੇ ਸਕੂਲ ਟਾਈਮ ਤੋਂ ਵੀ ਬਾਅਦ ਗੈਰ ਸਿੱਖਿਅਕ ਕੰਮਾਂ ਨੂੰ ਨੇਪਰੇ ਚਾੜ੍ਹਦੇ ਹਨ, ਪ੍ਰੰਤੂ ਇਨ੍ਹਾਂ ਹੋਣਹਾਰ ਅਧਿਆਪਕਾਂ ਉੱਤੇ ਜੂਨੀਅਰ ਅਧਿਆਪਕਾਂ ਨੂੰ ਲਾਇਆ ਹੋਇਆ ਹੈ।
ਹਾਲਾਂਕਿ ਪਹਿਲਾਂ ਅਕਾਲੀ ਸਰਕਾਰ ਅਤੇ ਪਿਛਲੀ ਕਾਂਗਰਸ ਸਰਕਾਰ ਸਮੇਂ ਸਿੱਖਿਆ ਮੰਤਰੀ ਅਕਸਰ ਇਹ ਦਾਅਵੇ ਜ਼ਰੂਰ ਕਰਦੇ ਸੀ ਕਿ ਮਾੜੇ ਨਤੀਜੇ ਦੇਣ ਵਾਲੇ ਸਕੂਲਾਂ ਦੇ ਅਧਿਆਪਕਾਂ ਦੀ ਜਵਾਬਦੇਹੀ ਤੈਅ ਕਰਕੇ ਉਨ੍ਹਾਂ ਨੂੰ ਇੱਥੋਂ ਬਦਲਿਆਂ ਜਾਵੇਗਾ ਪਰ ਉੱਚੀ ਪਹੁੰਚ ਵਾਲੇ ਅਧਿਆਪਕ ਅੱਜ ਵੀ ਰਾਜਧਾਨੀ ਦੇ ਨੇੜਲੇ ਸਕੂਲਾਂ ਵਿੱਚ ਤਾਇਨਾਤੀ ਕਰਵਾ ਕੇ ਮੌਜਾਂ ਮਾਣ ਰਹੇ ਹਨ। ਹਾਲਾਂਕਿ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਅਧਿਆਪਕਾਂ ਦੇ ਵਿਸ਼ਿਆਂ ਦਾ ਨਤੀਜਾ ਮਾੜਾ ਹੋਵੇਗਾ, ਉਨ੍ਹਾਂ ਵਿਰੁੱਧ ਵਿਭਾਗ ਬਣਦੀ ਕਾਰਵਾਈ ਲਈ ਸਰਕਾਰ ਨੂੰ ਸਿਫ਼ਾਰਸ਼ ਭੇਜੀ ਜਾਵੇਗੀ ਪਰ ਬਿੱਲੀ ਦੇ ਗਲ ਵਿੱਚ ਟੱਲੀ ਕੌਣ ਬੰਨ੍ਹੇ? ਇਹ ਵੀ ਇੱਕ ਵੱਡਾ ਸੁਆਲ ਹੈ।
ਜਾਣਕਾਰੀ ਅਨੁਸਾਰ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਮੁਹਾਲੀ ਜ਼ਿਲ੍ਹੇ ਦੇ 9401 ਵਿਦਿਆਰਥੀ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 9307 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 99 ਫੀਸਦੀ ਬਣਦੀ ਹੈ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦੇ ਕਿਸੇ ਇੱਕ ਸਕੂਲ ਦਾ ਕੋਈ ਵਿਦਿਆਰਥੀ ਮੈਰਿਟ ਵਿੱਚ ਆਪਣੀ ਥਾਂ ਨਹੀਂ ਬਣਾ ਸਕਿਆ ਹੈ। ਜਦੋਂਕਿ ਪਾਸ ਪ੍ਰਤੀਸ਼ਤਤਾ ਦੇ ਮਾਮਲੇ ਵਿੱਚ ਕਈ ਗੁਆਂਢੀ ਜ਼ਿਲ੍ਹੇ ਅੱਗੇ ਨਿਕਲ ਗਏ ਹਨ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਸਿੱਖਿਆ ਵਿਭਾਗ ਪੰਜਾਬ ਦਾ ਮੁੱਖ ਦਫ਼ਤਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੁੱਖ ਦਫ਼ਤਰ ਮੁਹਾਲੀ ਵਿੱਚ ਸਥਿਤ ਹੈ। ਇੱਥੋਂ ਹੀ ਸਿਖਲਾਈ ਵਰਕਸ਼ਾਪਾਂ, ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ ਅਤੇ ਵੱਡੇ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਜਾਂਦੇ ਹਨ ਅਤੇ ਅਧਿਆਪਕ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਫਾਲੋ ਕਰਦੇ ਹਨ ਪਰ ਨਿਰਾਸ਼ਾਜਨਕ ਨਤੀਜਾ ਆਉਣ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਨੂੰ ਕਾਫ਼ੀ ਠੇਸ ਪਹੁੰਚੀ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਵੀ ਮੁਹਾਲੀ ਦੇ ਮਾੜੇ ਨਤੀਜੇ ਆਉਂਦੇ ਰਹੇ ਹਨ। ਜਦੋਂਕਿ ਹੁਕਮਰਾਨ ਹਮੇਸ਼ਾ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਸਿੱਖਿਆ ਅਤੇ ਸਿਹਤ ਸਰਕਾਰ ਦੇ ਤਰਜੀਹੀ ਖੇਤਰ ਹਨ ਪਰ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ। ਉਧਰ, ਸ਼ਹਿਰ ਦੇ ਨਾਮੀ ਪ੍ਰਾਈਵੇਟ ਸਕੂਲ ਵੀ ਮਾਪਿਆਂ ਤੋਂ ਮੋਟੀਆਂ ਫੀਸਾਂ ਵਸੂਲਦੇ ਹਨ ਪੰ੍ਰਤੂ ਪ੍ਰਾਈਵੇਟ ਸਕੂਲਾਂ ਦਾ ਵੀ ਕੋਈ ਬੱਚਾ ਮੈਰਿਟ ਵਿੱਚ ਨਹੀਂ ਆਇਆ ਹੈ।