
31 ਜੁਲਾਈ ਤੋਂ ਪਹਿਲਾਂ ਐਲਾਨਿਆ ਜਾਵੇਗਾ ਬਾਰ੍ਹਵੀਂ ਜਮਾਤ ਦਾ ਨਤੀਜਾ: ਡਾ. ਯੋਗਰਾਜ
ਪੰਜਾਬ ਬੋਰਡ ਨੇ ਬਾਰ੍ਹਵੀਂ ਦੇ ਨਤੀਜੇ ਬਾਰੇ ਸੁਪਰੀਮ ਕੋਰਟ ’ਚ ਦਾਇਰ ਕੀਤਾ ਹਲਫ਼ਨਾਮਾ
ਦਸਵੀਂ ਦੇ 30, 11ਵੀਂ ਦੇ 30 ਅਤੇ 12ਵੀਂ ਦੇ ਪ੍ਰੀਬੋਰਡ ਤੇ ਇੰਟਰਨਲ ਅਸੈਸਮੈਂਟ ਦੇ ਜੋੜੇ ਜਾਣਗੇ 40 ਅੰਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ:
ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਦੀ ਅਗਲੀ ਪੜ੍ਹਾਈ ਨੂੰ ਦੇਖਦੇ ਹੋਏ ਬਾਰ੍ਹਵੀਂ ਜਮਾਤ ਦਾ ਨਤੀਜਾ ਤਿਆਰ ਵਿੱਚ ਜੁੱਟ ਗਿਆ ਹੈ। ਇਸ ਸਬੰਧੀ ਸਕੂਲ ਬੋਰਡ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਵਿੱਚ ਇਕ ਹਲਫ਼ਨਾਮਾ ਦਾਇਰ ਕਰਕੇ ਸੀਬੀਐਸਈ ਦੀ ਤਰਜ਼ ’ਤੇ ਬਾਰ੍ਹਵੀਂ ਦਾ ਨਤੀਜਾ ਘੋਸ਼ਿਤ ਕਰਨ ਦੀ ਗੱਲ ਆਖੀ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਕੁੱਝ ਸਮਾਂ ਪਹਿਲਾਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਪਹਿਲਾਂ ਹੀ 10ਵੀਂ, 8ਵੀਂ ਅਤੇ 5ਵੀਂ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ ਜਾ ਚੁੱਕੇ ਹਨ।
ਡਾਕਟਰ ਯੋਗਰਾਜ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਪਿਛਲੇ ਦਿਨੀਂ ਸੀਬੀਐਸਈ ਨੂੰ ਤਲਬ ਕਰਕੇ ਬਾਰ੍ਹਵੀਂ ਦੇ ਨਤੀਜੇ ਬਾਰੇ ਪੁੱਛਿਆ ਗਿਆ ਸੀ ਅਤੇ ਸੀਬੀਐਸਈ ਨੇ ਉਸਾਰੂ ਦਲੀਲਾਂ ਪੇਸ਼ ਕਰਕੇ ਮੁੱਢਲੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੀਬੀਐਸਈ ਵੱਲੋਂ ਬਾਰ੍ਹਵੀਂ ਦਾ ਨਤੀਜਾ ਘੋਸ਼ਿਤ ਕਰਨ ਲਈ ਜੋ ਵਿਧੀ ਤਿਆਰ ਕੀਤੀ ਗਈ ਹੈ। ਉਸੇ ਤਰਜ਼ ’ਤੇ ਪੰਜਾਬ ਬੋਰਡ ਵੱਲੋਂ ਨਤੀਜਾ ਤਿਆਰ ਕੀਤਾ ਜਾਵੇਗਾ। ਉਂਜ ਸੁਪਰੀਮ ਕੋਰਟ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਖ਼ੁਦ ਮੁਖ਼ਤਿਆਰ ਅਦਾਰਾ ਦੱਸਦਿਆਂ ਕਿਹਾ ਗਿਆ ਹੈ ਕਿ ਬੋਰਡ ਆਪਣੇ ਪੱਧਰ ’ਤੇ ਵੀ ਵਿਦਿਆਰਥੀਆਂ ਦੇ ਹਿੱਤ ਵਿੱਚ ਢੁਕਵਾਂ ਫੈਸਲਾ ਲੈ ਸਕਦਾ ਹੈ।
ਬੋਰਡ ਮੁਖੀ ਨੇ ਦੱਸਿਆ ਕਿ ਪੰਜਾਬ ਵਿੱਚ ਲਗਪਗ 3 ਲੱਖ 8 ਹਜ਼ਾਰ ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਣਾ ਸੀ। ਇਸ ਸਬੰਧੀ 3600 ਪ੍ਰੀਖਿਆ ਕੇਂਦਰ ਬਣਾਏ ਗਏ ਸੀ, ਪ੍ਰੰਤੂ ਐਨ ਮੌਕੇ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਜ਼ਬਰਦਸਤ ਤਰੀਕੇ ਨਾਲ ਦਸਤਕ ਦੇ ਦਿੱਤੀ। ਜਿਸ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪਹਿਲਾਂ ਪ੍ਰੀਖਿਆਵਾਂ ਅਣਮਿਥੇ ਸਮੇਂ ਲਈ ਮੁਲਤਵੀ ਕੀਤੀਆਂ ਗਈਆਂ ਅਤੇ ਬਾਅਦ ਵਿੱਚ ਕਰੋਨਾ ਦਾ ਪ੍ਰਕੋਪ ਵਧਣ ਕਾਰਨ ਪ੍ਰੀਖਿਆਵਾਂ ਰੱਦ ਕੀਤੀਆਂ ਗਈਆਂ।
ਡਾਕਟਰ ਯੋਗਰਾਜ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ 31 ਜੁਲਾਈ ਤੋਂ ਪਹਿਲਾਂ ਨਤੀਜਾ ਕੱਢਣ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਦੀ ਪੁਰੀ ਕੋਸ਼ਿਸ਼ ਹੈ ਕਿ ਸੀਬੀਐਸਈ ਪੈਟਰਨ ਦੇ ਨੇੜੇ ਤੇੜੇ ਰਹਿ ਕੇ ਬਾਰ੍ਹਵੀਂ ਦਾ ਨਤੀਜਾ ਐਲਾਨਿਆ ਜਾਵੇ ਤਾਂ ਜੋ ਵਿਦਿਆਰਥੀ ਆਲ ਇੰਡੀਆ ਪੱਧਰ ਜਾਂ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਦਾਖ਼ਲੇ ਲੈ ਸਕਣ। ਉਨ੍ਹਾਂ ਨਤੀਜਾ ਘੋਸ਼ਿਤ ਕਰਨ ਦੇ ਫਾਰਮੂਲੇ ਬਾਰੇ ਦੱਸਦਿਆਂ ਕਿਹਾ ਕਿ ਦਸਵੀਂ ਦੇ 30 ਅੰਕ, ਗਿਆਰ੍ਹਵੀਂ ਦੇ 30 ਅੰਕ ਅਤੇ ਬਾਰ੍ਹਵੀਂ ਦੇ ਪ੍ਰੀ-ਬੋਰਡ ਅਤੇ ਇੰਟਰਨਲ ਅਸੈਸਮੈਂਟ ਦੇ 40 ਅੰਕ ਜੋੜ ਕੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ।