Nabaz-e-punjab.com

ਬਾਰ੍ਹਵੀਂ ਜਮਾਤ: ਵੀਆਈਪੀ ਜ਼ਿਲ੍ਹਾ ਮੁਹਾਲੀ ਦਾ ਨਤੀਜਾ ਬੇਹੱਦ ਨਿਰਾਸ਼ਾਜਨਕ, ਮਾਪੇ ਚਿੰਤਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਬੁੱਕਲ ਵਿੱਚ ਵਸਦਾ ਵੀਆਈਪੀ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦਾ ਨਿਰਾਸ਼ਾ-ਜਨਕ ਪ੍ਰਦਰਸ਼ਨ ਰਿਹਾ ਹੈ। ਪਾਸ ਪ੍ਰਤੀਸ਼ਤਤਾ ਦੇ ਮਾਮਲੇ ਵਿੱਚ ਜ਼ਿਲ੍ਹਾ ਮੁਹਾਲੀ 17ਵੇਂ ਸਥਾਨ ’ਤੇ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਵਿੱਚ ਇਸ ਵੀਆਈਪੀ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਦਾ ਕੋਈ ਵੀ ਵਿਦਿਆਰਥੀ ਆਪਣਾ ਨਾਮ ਦਰਜ ਨਹੀਂ ਕਰਵਾ ਸਕਿਆ ਹੈ। ਜਿਸ ਕਾਰਨ ਸਿੱਖਿਆ ਪ੍ਰਬੰਧਾਂ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਜਾਣਕਾਰੀ ਅਨੁਸਾਰ ਸਮੇਂ ਦੀਆਂ ਸਰਕਾਰਾਂ ਅਤੇ ਸਿੱਖਿਆ ਵਿਭਾਗ ਨੇ ਇਸ ਮਾਮਲੇ ਵਿੱਚ ਬਹੁਤੀ ਗੰਭੀਰਤਾ ਨਹੀਂ ਦਿਖਾਈ ਗਈ ਹੈ। ਜ਼ਮੀਨੀ ਪੱਧਰ ’ਤੇ ਇਹ ਚਰਚਾਂ ਬੜੇ ਜ਼ੋਰਾਂ ’ਤੇ ਹੈ ਅਤੇ ਅਕਸਰ ਕਹਿਣ ਅਤੇ ਸੁਣਨ ਨੂੰ ਵੀ ਮਿਲਦਾ ਹੈ ਕਿ ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਜ਼ਿਆਦਾਤਰ ਅਧਿਆਪਕ ਕਿਸੇ ਨਾ ਕਿਸੇ ਵੱਡੇ ਸਿਆਸੀ ਆਗੂ ਨਾਲ ਨੇੜਲੇ ਰੱਖਣ ਸਮੇਤ ਕੋਈ ਮਹਿਲਾ ਅਧਿਆਪਕ ਕਿਸੇ ਸੀਨੀਅਰ ਆਈਏਐਸ ਅਫ਼ਸਰ ਜਾਂ ਹੋਰ ਕਿਸੇ ਵੱਡੇ ਅਧਿਕਾਰੀ ਦੀ ਪਤਨੀ, ਕੋਈ ਧੀ ਹੈ, ਕੋਈ ਬੇਟਾ ਹੈ। ਜਿਸ ਕਾਰਨ ਮਾੜੇ ਨਤੀਜੇ ਦੇਣ ਵਾਲੇ ਸਕੂਲਾਂ ਖ਼ਿਲਾਫ਼ ਕਦੇ ਕੋਈ ਉਚਿੱਤ ਕਾਰਵਾਈ ਨਹੀਂ ਹੋਈ। ਹਾਲਾਂਕਿ ਪਹਿਲਾਂ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰ ਸਮੇਂ ਸਿੱਖਿਆ ਮੰਤਰੀ ਅਕਸਰ ਇਹ ਦਾਅਵੇ ਜ਼ਰੂਰ ਕਰਦੇ ਸੀ ਕਿ ਮਾੜੇ ਨਤੀਜੇ ਦੇਣ ਵਾਲੇ ਸਕੂਲਾਂ ਦੇ ਅਧਿਆਪਕਾਂ ਦੀ ਜਵਾਬਦੇਹੀ ਤੈਅ ਕਰਕੇ ਉਨ੍ਹਾਂ ਨੂੰ ਇੱਥੋਂ ਬਦਲਿਆਂ ਜਾਵੇਗਾ ਪਰ ਉੱਚੀ ਪਹੁੰਚ ਵਾਲੇ ਅਧਿਆਪਕ ਅੱਜ ਵੀ ਰਾਜਧਾਨੀ ਦੇ ਨੇੜਲੇ ਸਕੂਲਾਂ ਵਿੱਚ ਤਾਇਨਾਤੀ ਕਰਵਾ ਕੇ ਮੌਜਾਂ ਮਾਣ ਰਹੇ ਹਨ।
ਉਧਰ, ਖਾਨਾਪੂਰਤੀ ਲਈ ਇਸ ਵਾਰ ਵੀ ਸਿੱਖਿਆ ਵਿਭਾਗ ਦੇ ਅਧਿਕਾਰੀ ਇਹ ਕਹਿ ਰਹੇ ਹਨ ਕਿ ਸਮੂਹ ਸਕੂਲਾਂ ਦੇ ਨਤੀਜਿਆਂ ਦੀ ਸਮੀਖਿਆ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਅਧਿਆਪਕਾਂ ਦੇ ਵਿਸ਼ਿਆਂ ਦਾ ਨਤੀਜਾ ਮਾੜਾ ਹੋਵੇਗਾ, ਉਨ੍ਹਾਂ ਵਿਰੁੱਧ ਵਿਭਾਗ ਬਣਦੀ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਸਿਫ਼ਾਰਸ਼ ਭੇਜੀ ਜਾਵੇਗੀ ਪਰ ਬਿੱਲੀ ਦੇ ਗਲ ਵਿੱਚ ਟੱਲੀ ਕੌਣ ਬੰਨ੍ਹੇਗਾ? ਇਹ ਵੀ ਇੱਕ ਵੱਡਾ ਸੁਆਲ ਹੈ।
ਮਿਲੀ ਜਾਣਕਾਰੀ ਅਨੁਸਾਰ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ ਮੁਹਾਲੀ ਜ਼ਿਲ੍ਹੇ ਦੇ 7591 ਵਿਦਿਆਰਥੀ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 7700 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ ਅਤੇ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 96.84 ਫੀਸਦੀ ਬਣਦੀ ਹੈ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਕਿਸੇ ਇੱਕ ਵੀ ਸਕੂਲ ਦਾ ਕੋਈ ਵਿਦਿਆਰਥੀ ਮੈਰਿਟ ਵਿੱਚ ਆਪਣੀ ਥਾਂ ਨਹੀਂ ਬਣਾ ਸਕਿਆ ਹੈ। ਜਦੋਂਕਿ ਪਾਸ ਪ੍ਰਤੀਸ਼ਤਤਾ ਦੇ ਮਾਮਲੇ ਵਿੱਚ ਕਈ ਗੁਆਂਢੀ ਜ਼ਿਲ੍ਹੇ ਅੱਗੇ ਨਿਕਲ ਗਏ ਹਨ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਸਿੱਖਿਆ ਵਿਭਾਗ ਦਾ ਮੁੱਖ ਦਫ਼ਤਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੁੱਖ ਦਫ਼ਤਰ ਮੁਹਾਲੀ ਵਿੱਚ ਹੈ। ਇੱਥੋਂ ਹੀ ਸਿਖਲਾਈ ਵਰਕਸ਼ਾਪਾਂ, ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ ਅਤੇ ਵੱਡੇ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਜਾਂਦੇ ਹਨ ਅਤੇ ਸੂਬੇ ਦੇ ਬਾਕੀ ਜ਼ਿਲ੍ਹਿਆਂ ਦੇ ਸਕੂਲਾਂ ਦੇ ਅਧਿਆਪਕ ਇਨ੍ਹਾਂ ਦਿਸ਼ਾਨਿਰਦੇਸ਼ਾਂ ਨੂੰ ਫਾਲੋ ਕਰਦੇ ਹਨ ਪਰ ਨਿਰਾਸ਼ਾਜਨਕ ਨਤੀਜਾ ਆਉਣ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਨੂੰ ਕਾਫ਼ੀ ਠੇਸ ਪਹੁੰਚੀ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਮਾੜੇ ਨਤੀਜੇ ਆਉਂਦੇ ਰਹੇ ਹਨ। ਜਦੋਂਕਿ ਹੁਕਮਰਾਨ ਹਮੇਸ਼ਾ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਸਿੱਖਿਆ ਅਤੇ ਸਿਹਤ ਸਰਕਾਰ ਦੇ ਤਰਜ਼ੀਹੀ ਖੇਤਰ ਹਨ ਪਰ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ।
ਉਧਰ, ਮੁਹਾਲੀ ਵਿੱਚ ਸਥਿਤ ਸ਼ਹਿਰ ਦੇ ਨਾਮੀ ਪ੍ਰਾਈਵੇਟ ਸਕੂਲ ਵੀ ਮਾਪਿਆਂ ਤੋਂ ਮੋਟੀਆਂ ਫੀਸਾਂ ਵਸੂਲਦੇ ਹਨ ਪੰ੍ਰਤੂ ਪ੍ਰਾਈਵੇਟ ਸਕੂਲਾਂ ਦਾ ਵੀ ਕੋਈ ਬੱਚਾ ਮੈਰਿਟ ਵਿੱਚ ਨਹੀਂ ਆਇਆ ਹੈ।

Load More Related Articles

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…